ਬੇਬੀ ਕੋਰਨ ਦੀ ਖੇਤੀ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ: ਡਾ. ਨਾਜਰ ਸਿੰਘ
Friday, May 03, 2019 - 02:23 PM (IST)

ਜਲੰਧਰ-ਖੇਤੀਬਾੜੀ ਵਿਭਿੰਨਤਾ ਅਧੀਨ ਬੇਬੀ ਕੋਰਨ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਿੰਡ ਚੱਕ ਕਲਾਂ ਬਲਾਕ ਨਕੋਦਰ ਵਿਖੇ 60 ਏਕੜ ਰਕਬੇ ਵਿੱਚ ਬੇਬੀ ਕੋਰਨ ਦੀ ਖੇਤੀ ਕਰਨ ਵਾਲੇ ਕਾਸ਼ਤਕਾਰਾਂ ਨੂੰ ਹਲਾਸ਼ੇਰੀ ਦੇਣ ਲਈ ਡਾ. ਨਾਜਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਪਿੰਡ ਦਾ ਦੌਰਾ ਕਰਦਿਆ ਆਖਿਆ ਕਿ ਬੇਬੀ ਕੋਰਨ ਦੀ ਫਸਲ ਨਾਲ ਕੁਦਰਤੀ ਵਸੀਲਿਆ ਦੀ ਰਾਖੀ ਕਰਦੇ ਹੋਏ ਕਿਸਾਨ ਦੀ ਨਿਰੋਲ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਤਕਰੀਬਨ 60 ਤੋਂ 70 ਦਿਨਾਂ ਦੀ ਇਸ ਫਸਲ ਤੋਂ ਤਕਰੀਬਨ 40 ਕੁਇੰਟਲ ਬੇਬੀ ਕੋਰਨ ਦਾ ਝਾੜ ਪ੍ਰਤੀ ਏਕੜ ਕਿਸਾਨਾਂ ਵੱਲੋ ਪ੍ਰਾਪਤ ਕੀਤਾ ਗਿਆ ਹੈ।ਬੇਬੀ ਕੋਰਨ ਦੀ ਤੁੜਾਈ ਤੋਂ ਉਪਰੰਤ ਪ੍ਰਤੀ ਏਕੜ 170 ਕੁਇੰਟਲ ਚਾਰਾ ਵੀ ਵਾਧੂ ਫਸਲ ਵੱਜੋ ਪ੍ਰਾਪਤ ਕੀਤਾ ਗਿਆ ਹੈ। ਡਾ. ਨਾਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਬੀ ਕੋਰਨ ਤੋਂ ਬੇਬੀ ਕੋਰਨ ਸੂਪ, ਬੇਬੀ ਕੋਰਨ ਆਚਾਰ, ਬੇਬੀ ਕੋਰਨ ਸਬਜੀ ਵਣਗੀਆਂ ਆਦਿ ਕਾਫੀ ਮਕਬੂਲ ਹੋ ਰਹੀਆਂ ਹਨ। ਉਹਨਾਂ ਕਿਹਾ ਬੇਬੀ ਕੋਰਨ ਫਾਈਬਰ ਦਾ ਰਿੱਚ ਸੋਰਸ ਹੈ ਅਤੇ ਇਸ ਵਿੱਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਕਿ ਖਪਤਕਾਰਾ ਲਈ ਬੇੱਹਦ ਫਾਈਦੇਮੰਦ ਹੈ। ਡਾ. ਨਾਜਰ ਸਿੰਘ ਨੇ ਕਿਹਾ ਕਿ ਮੱਕੀ ਦੀ ਬਿਜਾਈ ਉਪਰੰਤ ਅਤੇ ਅਜੇ ਮੱਕੀ ਨੇ ਸੂਤ ਕਤਣਾ ਸ਼ੁਰੂ ਹੀ ਕੀਤਾ ਹੋਵੇ ਪਰ ਦਾਣੇ ਬਣਨ ਦੀ ਕਿਰਿਆ ਅਜੇ ਸ਼ੁਰੂ ਨਾ ਹੋਈ ਹੋਵੇ ਤਾਂ ਇਸ ਦੀ ਬੇਬੀ ਕੋਰਨ ਵੱਜ਼ੋ ਤੁੜਾਈ ਕੀਤੀ ਜਾ ਸਕਦੀ ਹੈ।
ਡਾ. ਨਾਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਹਾਇਬ੍ਰਿਡ ਕਿਸਮ ਪ੍ਰਕਾਸ਼ ਅਤੇ ਕੰਪੋਜਿਟ ਕਿਸਮ ਕੇਸਰੀ, ਬੇਬੀ ਕੋਰਨ ਵੱਜੋ ਕਾਸ਼ਤ ਲਈ ਸਿਫਾਰਸ਼ ਕੀਤੀਆ ਗਈਆਂ ਕਿਸਮਾਂ ਹਨ।ਉਹਨਾਂ ਦੱਸਿਆ ਕਿ ਫਸਲ ਦੀ ਬਿਜਾਈ ਅਪ੍ਰੈਲ ਮਹੀਨੇ ਤੋਂ ਅਗਸਤ ਮਹੀਨੇ ਤੱਕ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਸ. ਰਛਪਾਲ ਸਿੰਘ ਪਿੰਡ ਚੱਕ ਕਲਾਂ ਨੇ ਕਿਹਾ ਕਿ ਬੇਬੀ ਕੋਰਨ ਦੀ ਵਿਕਰੀ 900 ਰੁਪਏ ਤੋਂ 1200 ਰੁਪਏ ਪ੍ਰਤੀ ਕੁਇੰਟਲ ਵਿਕਰੀ ਹੋ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਮੱਕੀ ਚਾਰਾ ਵੀ ਪ੍ਰਾਪਤ ਹੋ ਜਾਂਦਾ ਹੈ, ਜੋ ਕਿ ਮਾਰਕਿਟ ਵਿੱਚ ਵੇਚਿਆ ਜਾ ਸਕਦਾ ਹੈ। ਕਿਸਾਨ ਮੁਤਾਬਿਕ ਬੀਜੀ ਗਈ ਹਾਇਬ੍ਰਿਡ ਕਿਸਮ ਤੋ ਪ੍ਰਤੀ ਏਕੜ 40 ਕੁਇੰਟਲ ਝਾੜ ਪ੍ਰਾਪਤ ਕੀਤਾ ਗਿਆ ਹੈ। ਇਸ ਮੌਕੇ ਤੇ ਡਾ. ਨਾਜਰ ਸਿੰਘ ਦੇ ਨਾਲ ਡਾ. ਸੁਰਿੰਦਰ ਸਿੰਘ, ਖੇਤੀਬਾੜੀ ਅਫਸਰ ਜਲੰਧਰ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਮਹਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਕੋਦਰ ਵੀ ਮੋਜੂਦ ਸਨ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਇਸ ਫਸਲ ਨੂੰ ਹੱਲਾਸ਼ੇਰੀ ਦੇਣ ਦੀ ਕਾਫੀ ਗੁਜਾਇੰਸ਼ ਹੈ, ਕਿਉਕਿ ਬੇਬੀ ਕੋਰਨ ਦੀ ਮੰਗ ਹੋਟਲਾਂ, ਰੇਸਟੋਰੈਂਟਸ ਆਦਿ ਵਿੱਚ ਦਿਨ-ਬ-ਦਿਨ ਵੱਧ ਰਹੀ ਹੈ। ਉਹਨਾ ਕਿਹਾ ਕਿ ਖੇਤੀਬਾੜੀ ਅਤੇ ਕਿਸਾਲ ਭਲਾਈ ਵਿਭਾਗ ਵੱਲੋ ਕਰਾਪ ਡਾਇਵਰਸਿਫੇਕਸ਼ਨ ਪ੍ਰੋਗਰਾਮ ਤਹਿਤ ਜਿਲ੍ਹੇ ਦੇ ਕਿਸਾਨਾ ਨੂੰ ਮੱਕੀ ਦੀ ਫਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਇਸ ਬਾਰੇ ਉਹਨਾਂ ਕਿਸਾਨ ਵੀਰਾ ਨੂੰ ਅਪੀਲ ਕੀਤੀ ਕਿ ਬੇਬੀ ਕੋਰਨ ਵੱਜੋ ਮੱਕੀ ਦੀ ਖੇਤੀ ਹੇਠ ਵੱਧ ਤੋ ਵੱਧ ਰਕਬਾ ਲਿਆਉਣ ਅਤੇ ਆਪਣੇ ਕੁਦਰਤੀ ਵਸੀਲੀਆ ਦੀ ਰਾਖੀ ਕਰਦੇ ਹੋਏ ਆਪਣੀ ਨਿਰੋਲ ਆਮਦਨ ਵਿੱਚ ਵਾਧਾ ਕਰਨ |
*ਡਾ. ਨਰੇਸ ਕੁਮਾਰ ਗੁਲਾਟੀ
*ਸੰਪਰਕ ਅਫਸਰ
*ਖੇਤੀਬਾੜੀ ਵਿਭਾਗ