ਆਯੁਸ਼ਮਾਨ ਯੋਜਨਾ ਤਹਿਤ 104 ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਨਹੀਂ ਕੀਤਾ ਦਾਖਲ, ਮਚੀ ਹਾਹਾਕਾਰ

05/10/2022 10:13:03 AM

ਅੰਮ੍ਰਿਤਸਰ (ਦਲਜੀਤ) - ਜ਼ਿਲ੍ਹੇ ਦੇ 104 ਪ੍ਰਾਈਵੇਟ ਹਸਪਤਾਲਾਂ ਨੇ ਬੀਤੇ ਦਿਨ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਨੁਸਾਰ ਕਿਸੇ ਵੀ ਮਰੀਜ਼ ਨੂੰ ਦਾਖਲ ਨਹੀਂ ਕੀਤਾ। ਪ੍ਰਾਈਵੇਟ ਹਸਪਤਾਲਾਂ ਵੱਲੋਂ ਦਾਖਲ ਨਾ ਕਰਨ ’ਤੇ ਮਰੀਜ਼ਾਂ ਵਿਚ ਹਾਹਾਕਾਰ ਮਚ ਗਈ। ਸ਼ਹਿਰ ਦੇ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਬਾਹਰ ਦਾਖਲ ਨਾ ਕਰਨ ’ਤੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿੱਥੇ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ, ਉਥੇ ਕਈ ਮਰੀਜ਼ ਹਸਪਤਾਲ ਬਾਹਰ ਤਿੱਖੀ ਗਰਮੀ ਵਿਚ ਆਪਣੀਆਂ ਦਰਦਾਂ ਨਾਲ ਤੜਫਦੇ ਰਹੇ। ਹਸਪਤਾਲਾਂ ਵੱਲੋਂ ਪਿਛਲੇ ਮਰੀਜ਼ਾਂ ਦੇ ਇਲਾਜ ਬਦਲੇ 10 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਜਾਰੀ ਨਾ ਕਰਨ ਕਾਰਨ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ ਅਤੇ ਕਈ ਹਸਪਤਾਲਾਂ ਨੇ ਤਾਂ ਯੋਜਨਾ ਅਨੁਸਾਰ ਮਰੀਜ਼ਾਂ ਨੂੰ ਦਾਖਲ ਕਰਨ ਦੇ ਬੋਰਡ ਵੀ ਉਤਾਰ ਦਿੱਤੇ ਹਨ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਸਿਹਤ ਨੂੰ ਦਰੁਸਤ ਕਰਨ ਲਈ ਲੋਕਾਂ ਨੂੰ ਹਸੀਨ-ਸੁਪਨੇ ਦਿਖਾਏ ਗਏ ਪਰ ਸਰਕਾਰ ਵੱਲੋਂ ਸਮਾਂ ਰਹਿੰਦੇ ਪ੍ਰਾਈਵੇਟ ਹਸਪਤਾਲਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਕਾਰਨ ਲੋਕਾਂ ਨੂੰ ਪਹਿਲਾਂ ਤੋਂ ਮਿਲਣ ਵਾਲੀਆਂ ਸਿਹਤ ਸੇਵਾਵਾਂ ਹੁਣ ਨਹੀਂ ਮਿਲ ਰਹੀਆਂ ਹਨ। 

ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਸੱਤਾ ਵਿਚ ਰਹੀਆਂ ਸਰਕਾਰਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸਹੂਲਤ ਲਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਯੋਜਨਾ ਅਨੁਸਾਰ ਸਰਕਾਰੀ ਅਤੇ ਸੂਬੇ ਦੇ ਹਰ ਜ਼ਿਲ੍ਹੇ ਦੇ ਪ੍ਰਾਈਵੇਟਾਂ ਹਸਪਤਾਲਾਂ ਨੂੰ ਨਾਲ ਜੋੜਿਆ ਗਿਆ ਹੈ। 5 ਲੱਖ ਤੱਕ ਦਾ ਇਲਾਜ ਜ਼ਰੂਰਤਮੰਦ ਪਰਿਵਾਰ ਦਾ ਪ੍ਰਤੀ ਮੈਂਬਰ, ਪੰਜਾਬ ਵਿਚ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚ ਯੋਜਨਾ ਅਨੁਸਾਰ ਆਪਣਾ ਇਲਾਜ ਕਰਵਾ ਰਹੇ ਹਨ ਪਰ ਯੋਜਨਾ ਤਹਿਤ ਪੈਸਾ ਦੇਣ ਵਾਲੀ ਇੰਸ਼ੋਰੈਂਸ ਕੰਪਨੀ ਨੇ ਪਿਛਲੇ ਕਾਫੀ ਸਮੇਂ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ਼ਾਂ ਦੇ ਇਲਾਜ ਬਦਲੇ ਪੈਸੇ ਨਹੀਂ ਦਿੱਤੇ ਹਨ। 250 ਕਰੋੜ ਤੋਂ ਵੱਧ ਦੀ ਰਾਸ਼ੀ ਪੂਰੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇੰਸ਼ੋਰੈਂਸ ਕੰਪਨੀ ਤੋਂ ਲੈਣੀ ਹੈ। ਹਸਪਤਾਲਾਂ ਵੱਲੋਂ ਕਈ ਵਾਰ ਆਪਣੀ ਰਾਸ਼ੀ ਲੈਣ ਲਈ ਸਰਕਾਰ ਅਤੇ ਇੰਸ਼ੋਰੈਂਸ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ, ਜਿਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਯੋਜਨਾ ਅਨੁਸਾਰ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ।

ਅੰਮ੍ਰਿਤਸਰ ਵਿਚ 104 ਅਤੇ ਪੂਰੇ ਪੰਜਾਬ ਵਿਚ 700 ਹਸਪਤਾਲ ਕਰ ਰਹੇ ਸਨ ਯੋਜਨਾ ਅਨੁਸਾਰ ਕੰਮ
ਅੰਮ੍ਰਿਤਸਰ ਵਿਚ ਇਹ ਫ਼ੈਸਲਾ ਲਾਗੂ ਕੀਤਾ ਗਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਡਾ. ਆਰ. ਐੱਸ. ਸੇਠੀ ਨੇ ਕਿਹਾ ਕਿ ਹੁਣ ਆਯੁਸ਼ਮਾਨ ਕਾਰਡਧਾਰਕ ਨੂੰ ਨਿੱਜੀ ਹਸਪਤਾਲਾਂ ’ਚ ਦਾਖਲ ਨਹੀਂ ਕਰਨਗੇ। ਹਾਲਾਂਕਿ ਜੋ ਮਰੀਜ਼ ਪਹਿਲਾਂ ਤੋਂ ਹੀ ਇਲਾਜ ਅਧੀਨ ਹਨ, ਉਨ੍ਹਾਂ ਦਾ ਪੂਰਾ ਇਲਾਜ ਹੋਵੇਗਾ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਸੰਚਾਲਿਤ ਕਰਨ ਵਾਲੀ ਬੀਮਾ ਕੰਪਨੀ ਨੇ ਪੰਜਾਬ ਦੇ ਨਿੱਜੀ ਹਸਪਤਾਲਾਂ ਨੂੰ 250 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਅੰਮ੍ਰਿਤਸਰ ਦੇ ਨਿੱਜੀ ਹਸਪਤਾਲਾਂ ਦਾ 10 ਕਰੋੜ ਤੋਂ ਵੱਧ ਦਾ ਬਕਾਇਆ ਹੈ। ਅਸੀਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਾਂ ਅਤੇ ਬੀਮਾ ਕੰਪਨੀ ਅਤੇ ਸਰਕਾਰ ਭੁਗਤਾਨ ਨਹੀਂ ਦੇ ਰਹੀ। ਇਸ ਸਬੰਧ ਵਿਚ ਸਰਕਾਰ ਨਾਲ ਕਈ ਵਾਰ ਗੱਲਬਾਤ ਹੋਈ ਅਤੇ ਇਹੀ ਭਰੋਸਾ ਮਿਲਿਆ ਹੈ ਕਿ ਜਲਦ ਭੁਗਤਾਨ ਕੀਤਾ ਜਾਵੇਗਾ। ਭੁਗਤਾਨ ਦੀ ਰਾਸ਼ੀ ਸਰਕਾਰੀ ਪੱਧਰ ’ਤੇ ਰੁਕੀ ਹੈ ਜਾਂ ਤਾਂ ਬੀਮਾ ਕੰਪਨੀ ਸਾਨੂੰ ਭੁਗਤਾਨ ਕਰੇ ਜਾਂ ਫਿਰ ਸਰਕਾਰ। ਅਸੀਂ ਕਦੋਂ ਤੱਕ ਆਪਣੇ ਖ਼ਰਚ ’ਤੇ ਮਰੀਜ਼ ਦਾ ਇਲਾਜ ਕਰਦੇ ਰਹਾਂਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ 104 ਅਤੇ ਪੂਰੇ ਪੰਜਾਬ ਵਿਚ 700 ਪ੍ਰਾਈਵੇਟ ਹਸਪਤਾਲ ਯੋਜਨਾ ਅਨੁਸਾਰ ਕੰਮ ਕਰ ਰਹੇ ਸਨ।

ਯੋਜਨਾ ਅਨੁਸਾਰ 6,00,000 ਲੋਕ ਹਨ ਰਜਿਸਟਰਡ
ਸਿਹਤ ਵਿਭਾਗ ਅਨੁਸਾਰ ਸਰਬੱਤ ਸਿਹਤ ਬੀਮਾ ਯੋਜਨਾ ਅਨੁਸਾਰ ਜ਼ਿਲ੍ਹੇ ਦੇ 6,00,000 ਲੋਕ ਰਜਿਸਟਰਡ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ ਵਿਚ ਵਧੀਆ ਪ੍ਰਬੰਧ ਨਾ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਚਾਹੁੰਦੇ ਹਨ। ਵਿਭਾਗ ਵੱਲੋਂ ਦਾਅਵਾ ਤਾਂ ਕੀਤਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧ ਵਧੀਆ ਹੈ ਪਰ ਜੋ ਮਰੀਜ਼ ਹਸਪਤਾਲਾਂ ਵਿਚ ਦਾਖਲ ਹੁੰਦਾ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਪ੍ਰਬੰਧ ਕਿਵੇਂ ਹਨ। ਵਿਭਾਗ ਦੇ ਇਹ ਦਾਅਵੇ ਦੂਰ ਦੇ ਢੋਲ ਸੁਹਾਣੇ ਵਰਗੇ ਸਾਬਤ ਹੁੰਦੇ ਹਨ। ਇਕ ਐਵਰੇਜ ਅਨੁਸਾਰ ਹਰ ਰੋਜ਼ ਪ੍ਰਾਈਵੇਟ ਹਸਪਤਾਲਾਂ ਵਿਚ 50 ਤੋਂ ਵੱਧ ਮਰੀਜ਼ ਯੋਜਨਾ ਅਨੁਸਾਰ ਦਾਖਲ ਹੁੰਦੇ ਹਨ, ਜਦੋਂਕਿ ਮਹੀਨੇ ਵਿਚ 1500 ਤੋਂ ਵੱਧ ਮਰੀਜ਼ ਪ੍ਰਾਈਵੇਟ ਵਿਚ ਆਪਣਾ ਇਲਾਜ ਕਰਵਾਉਂਦੇ ਸਨ।

ਹਸਪਤਾਲਾਂ ਬਾਹਰ ਇਲਾਜ ਲਈ ਦਰਦ ਨਾਲ ਤੜਫਦੇ ਰਹੇ ਕਈ ਮਰੀਜ਼, ਨਹੀਂ ਕੀਤਾ ਕਿਸੇ ਨੇ ਦਾਖਲ
ਪ੍ਰਸਿੱਧ ਸਮਾਜ ਸੇਵੀ ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਇਕ ਮਰੀਜ਼ ਨੂੰ ਇਨਫੈਕਸ਼ਨ ਦੀ ਸ਼ਿਕਾਇਤ ਸੀ। ਉਸ ਨੂੰ ਉਹ ਜ਼ਿਲ੍ਹੇ ਦੇ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਵਿਚ ਯੋਜਨਾ ਅਨੁਸਾਰ ਬਣੇ ਕਾਰਡ ਤਹਿਤ ਇਲਾਜ ਕਰਵਾਉਣ ਲਈ ਲੈ ਕੇ ਗਏ ਪਰ ਹਸਪਤਾਲ ਨੇ ਮਰੀਜ਼ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। ਮਰੀਜ਼ ਦਰਦ ਨਾਲ ਕਈ ਘੰਟੇ ਬਾਹਰ ਤੜਫਦਾ ਰਿਹਾ ਪਰ ਉਸ ਦੀ ਸਾਰ ਨਹੀਂ ਲਈ। ਇਸੇ ਤਰ੍ਹਾਂ ਉਸੇ ਹਸਪਤਾਲ ਵਿਚ ਕਈ ਹੋਰ ਮਰੀਜ਼ ਵੀ ਦਾਖਲ ਹੋਣ ਲਈ ਆਏ ਪਰ ਉਨ੍ਹਾਂ ਨੂੰ ਵੀ ਦਾਖਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਬਣੇ ਕਾਰਡ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲਦੀ ਸੀ ਪਰ ਹੁਣ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਨਾ ਮਿਲਣ ਕਾਰਨ ਪੈਸੇ ਖ਼ਰਚ ਕਰ ਕੇ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ।

ਜ਼ਿਲ੍ਹੇ ਦੇ ਕਈ ਪ੍ਰਾਈਵੇਟ ਹਸਪਤਾਲਾਂ ਨੇ ਲਾਏ ਬੋਰਡ, ਯੋਜਨਾ ਅਨੁਸਾਰ ਨਹੀਂ ਹੋਵੇਗਾ ਮੁਫ਼ਤ ਇਲਾਜ
ਪੈਸੇ ਨਾ ਮਿਲਣ ਕਾਰਨ ਜਿੱਥੇ ਪ੍ਰਾਈਵੇਟ ਹਸਪਤਾਲਾਂ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਨੁਸਾਰ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਉਥੇ ਕਈ ਪ੍ਰਾਈਵੇਟ ਹਸਪਤਾਲਾਂ ਨੇ ਤਾਂ ਆਪਣੇ ਕੰਪਲੈਕਸ ਬਾਹਰ ਲਿਖ ਕੇ ਲਾ ਦਿੱਤਾ ਹੈ ਕਿ ਯੋਜਨਾ ਅਨੁਸਾਰ ਮਰੀਜ਼ਾਂ ਦਾ ਮੁਫ਼ਤ ਇਲਾਜ ਨਹੀਂ ਕੀਤਾ ਜਾਂਦਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ. ਐੱਸ. ਸੇਠੀ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਸਾਰ ਨਾ ਲੈਣ ਕਾਰਨ ਅੱਜ ਇਹ ਸਥਿਤੀ ਪੈਦਾ ਹੋਈ ਹੈ। ਜੇਕਰ ਸਰਕਾਰ ਹਸਪਤਾਲਾਂ ਦੀ ਸਾਰੀ ਪਿੱਛਲੀ ਰਾਸ਼ੀ ਜਾਰੀ ਕਰ ਦੇਵੇ ਤਾਂ ਫਿਰ ਸਾਰੇ ਹਸਪਤਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ ਪਰ ਜਦੋਂ ਤੱਕ ਪੈਸੇ ਨਹੀਂ ਮਿਲਣਗੇ ਉਹ ਵੀ ਮਜਬੂਰ ਹਨ। ਮੁਫ਼ਤ ਵਿਚ ਇਲਾਜ ਨਹੀਂ ਕਰ ਸਕਣਗੇ, ਕਿਉਂਕਿ ਹਸਪਤਾਲਾਂ ਦੇ ਆਪਣੇ ਵੀ ਕਈ ਖ਼ਰਚੇ ਹੁੰਦੇ ਹਨ।


rajwinder kaur

Content Editor

Related News