ਨਹੀਂ ਮਿਲੇਗਾ Study Visa! ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਝਟਕਾ

Wednesday, Aug 28, 2024 - 08:59 AM (IST)

ਜਲੰਧਰ (ਇੰਟ.): ਬ੍ਰਿਟੇਨ ਅਤੇ ਕੈਨੇਡਾ ਵਾਂਗ ਆਸਟ੍ਰੇਲੀਆ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਆਸਟ੍ਰੇਲੀਆ ਨੇ ਕਿਹਾ ਹੈ ਕਿ 2025 ’ਚ 2 ਲੱਖ 70 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਇਸ ਫ਼ੈਸਲੇ ਨਾਲ ਚੀਨ ਅਤੇ ਭਾਰਤ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਇਥੇ ਪੜ੍ਹਣ ਵਾਲੇ 21 ਫ਼ੀਸਦੀ ਵਿਦਿਆਰਥੀ ਚੀਨ ਤੋਂ ਆਉਂਦੇ ਹਨ। ਉਸ ਤੋਂ ਬਾਅਦ ਭਾਰਤ (16 ਫ਼ੀਸਦੀ), ਨੇਪਾਲ (8 ਫ਼ੀਸਦੀ), ਫਿਲੀਪੀਨਜ਼ (5 ਫ਼ੀਸਦੀ) ਅਤੇ ਵੀਅਤਨਾਮ ਤੋਂ 5 ਫ਼ੀਸਦੀ ਵਿਦਿਆਰਥੀ ਆਸਟ੍ਰੇਲੀਆ ਆਉਂਦੇ ਹਨ।

ਕਿਵੇਂ ਹੋਵੇਗੀ ਵਿਦਿਆਰਥੀਆਂ ਦੀ ਗਿਣਤੀ ਸੀਮਤ?

ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਕਿਹਾ ਹੈ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ’ਚ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਦ ਕਿ ਨਿੱਜੀ ਕਿੱਤਾਮੁਖੀ ਅਤੇ ਸਿਖਲਾਈ ਸੰਸਥਾਵਾਂ ’ਚ ਉਨ੍ਹਾਂ ਦੀ ਗਿਣਤੀ ਲਗਭਗ 50 ਫ਼ੀਸਦੀ ਤੋਂ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ! ਟਰੂਡੋ ਸਰਕਾਰ ਨੇ ਕਰ 'ਤਾ ਇਹ ਐਲਾਨ

ਉਨ੍ਹਾਂ ਕਿਹਾ ਕਿ ਨਵੀਂ ਹੱਦ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਯੂਨੀਵਰਸਿਟੀਆਂ ਲਈ 145,000 ਅਤੇ ਪ੍ਰੈਕਟੀਕਲ ਅਤੇ ਹੁਨਰ-ਅਧਾਰਿਤ ਕੋਰਸਾਂ ਲਈ 95,000 ਤੱਕ ਸੀਮਤ ਕੀਤੀ ਜਾਵੇਗੀ, ਜੋ ਕਰੀਬ 2023 ਦੇ ਪੱਧਰ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯੂਨੀਵਰਸਿਟੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਦਾਖਲਾ ਹੱਦਾਂ ਬਾਰੇ ਸੂਚਿਤ ਕਰੇਗੀ।

ਵੱਡੀਆਂ ਯੂਨੀਵਰਸਿਟੀਆਂ ਨੇ ਕੀਤਾ ਫ਼ੈਸਲੇ ਦਾ ਵਿਰੋਧ

ਹਾਲਾਂਕਿ ਯੂਨੀਵਰਸਿਟੀਆਂ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਵੱਡੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ‘ਯੂਨੀਵਰਸਿਟੀਜ਼ ਆਸਟ੍ਰੇਲੀਆ’ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸੈਕਟਰ ’ਤੇ ਹੈਂਡ ਬ੍ਰੇਕ ਲਗਾਉਣ ਵਾਂਗ ਹੋਵੇਗਾ। ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁਖੀ ਪ੍ਰੋਫੈਸਰ ਡੇਵਿਡ ਲੋਇਡ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਸਰਕਾਰ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ ਪਰ ਅਜਿਹਾ ਕਿਸੇ ਇਕ ਖੇਤਰ, ਖਾਸ ਤੌਰ ’ਤੇ ਸਿੱਖਿਆ ਵਰਗੇ ਖੇਤਰ ਦੀ ਕੀਮਤ ’ਤੇ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜੋ ਆਰਥਿਕ ਤੌਰ ’ਤੇ ਮਹੱਤਵਪੂਰਨ ਹੈ।

ਸਿੱਖਿਆ ਦਾ ਅਰਥਵਿਵਸਥਾ ’ਚ 2 ਹਜ਼ਾਰ ਅਰਬ ਦਾ ਯੋਗਦਾਨ

ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਨਿਰਯਾਤ ਉਦਯੋਗ ਹੈ। 2022-2023 ਵਿੱਤੀ ਸਾਲ ’ਚ ਆਰਥਿਕਤਾ ’ਚ ਇਸ ਖੇਤਰ ਦਾ ਯੋਗਦਾਨ 36.4 ਅਰਬ ਆਸਟ੍ਰੇਲੀਅਨ ਡਾਲਰ ਯਾਨੀ ਲਗਭਗ ਦੋ ਹਜ਼ਾਰ ਅਰਬ ਰੁਪਏ ਸੀ। ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਲੋਕ ਪ੍ਰਵਾਸੀਆਂ ਦੀ ਵਧਦੀ ਗਿਣਤੀ ਤੋਂ ਚਿੰਤਤ ਹਨ।

ਇਕ ਸਰਵੇਖਣ ਅਨੁਸਾਰ ਵੋਟਰ ਵਿਦੇਸ਼ੀ ਵਿਦਿਆਰਥੀਆਂ ਅਤੇ ਕੰਮ ਕਰਨ ਵਾਲਿਆਂ ਦੀ ਆਮਦ ਤੋਂ ਚਿੰਤਤ ਹਨ, ਜੋ ਹਾਊਸਿੰਗ ਮਾਰਕੀਟ ’ਤੇ ਵਧੇਰੇ ਦਬਾਅ ਪਾ ਰਹੇ ਹਨ। ਇਸ ਕਾਰਨ ਪ੍ਰਵਾਸ ਇਕ ਸਾਲ ਅੰਦਰ ਚੋਣ ਮੁੱਦਿਆਂ ’ਚੋਂ ਇਕ ਬਣ ਸਕਦਾ ਹੈ। 30 ਸਤੰਬਰ, 2023 ਤੱਕ ਸਾਲ ’ਚ ਸ਼ੁੱਧ ਪ੍ਰਵਾਸ 60 ਫੀਸਦੀ ਵਧ ਕੇ ਰਿਕਾਰਡ 5,48,800 ਹੋ ਗਿਆ ਸੀ। ਇਨ੍ਹਾਂ ’ਚ ਵੱਡੀ ਗਿਣਤੀ ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਵਿਦਿਆਰਥੀ ਸਨ। 2022-23 ’ਚ ਦੇਸ਼ ’ਚ ਆਏ ਪ੍ਰਵਾਸੀਆਂ ਦੀ ਕੁੱਲ ਗਿਣਤੀ 5,18,000 ਸੀ।

ਨਾਮਜ਼ਦਗੀਆਂ 8 ਲੱਖ ਨੂੰ ਪਾਰ ਕਰਨ ਦੀ ਸੰਭਾਵਨਾ

ਬ੍ਰਿਟੇਨ ਅਤੇ ਕੈਨੇਡਾ ਦੀ ਤਰਜ਼ ’ਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਆਸਟ੍ਰੇਲੀਆ ਨੇ ਪਿਛਲੇ ਕੁਝ ਮਹੀਨਿਆਂ ’ਚ ਕਈ ਸਖਤ ਕਦਮ ਚੁੱਕੇ ਹਨ। ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਗਈ ਸੀ। ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਨਾਮਜ਼ਦਗੀ ਅੱਠ ਲੱਖ ਨੂੰ ਪਾਰ ਕਰਨ ਦੀ ਉਮੀਦ ਹੈ, ਜੋ ਕਿ 2019 ਦੇ ਮੁਕਾਬਲੇ 17 ਫੀਸਦੀ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਅਹਿਮ ਫ਼ੈਸਲੇ

2024 ’ਚ ਨਾਮਜ਼ਦਗੀਆਂ ਦੀ ਕੁੱਲ ਗਿਣਤੀ 2,89,230 ਹੈ, ਜੋ ਇਸ ਸਮੇਂ ਲਈ ਇਕ ਰਿਕਾਰਡ ਹੈ ਅਤੇ 2019 ’ਚ 2,49,261 ਨਾਮਜ਼ਦਗੀਆਂ ਤੋਂ 16 ਫੀਸਦੀ ਵੱਧ ਹੈ। ਇਹ ਰਿਕਾਰਡ ਅੰਕੜਾ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵੱਲ ਖਿੱਚ ਨਾ ਸਿਰਫ਼ ਵਧੀ ਹੈ, ਸਗੋਂ ਨਵੀਆਂ ਉਚਾਈਆਂ ’ਤੇ ਪਹੁੰਚ ਗਈ ਹੈ। ਇਸ ਦਾ ਇਕ ਕਾਰਨ ਕੈਨੇਡਾ ਅਤੇ ਬ੍ਰਿਟੇਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਘੱਟ ਵੀਜ਼ਿਆਂ ਦੀ ਗਿਣਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News