ਆਤਮ ਨਗਰ ਹਲਕੇ ’ਚ ਕਿਸ ਪਾਰਟੀ ਦਾ ਹੋਵੇਗਾ ਰਾਜ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
Friday, Feb 18, 2022 - 05:08 PM (IST)
ਆਤਮ ਨਗਰ (ਵੈੱਬ ਡੈਸਕ) - ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦਾ ਆਤਮ ਨਗਰ ਪੰਜਾਬ ਦਾ 62 ਨੰਬਰ ਵਿਧਾਨ ਸਭਾ ਹਲਕਾ ਹੈ। 2017 ਵਿੱਚ 'ਆਪ' ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਜਿੱਤ ਹਾਸਲ ਕੀਤੀ ਸੀ। ਸਿਮਰਜੀਤ ਬੈਂਸ ਇਕ ਵਾਰ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਤੋਂ ਇਸ ਵਾਰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
2012
2012 ਦੀਆਂ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ ਨੂੰ 28,503 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਬੈਂਸ ਨੂੰ 51,063 ਤੇ ਗਾਬੜੀਆ ਨੂੰ 22,560, ਜਦਕਿ ਕਾਂਗਰਸ ਦੇ ਮਲਕੀਤ ਸਿੰਘ ਬੀਰਮੀ ਨੂੰ 18,863 ਵੋਟਾਂ ਮਿਲੀਆਂ ਸਨ।
2017
ਸਿਮਰਜੀਤ ਸਿੰਘ ਬੈਂਸ ਨੇ 2016 ਵਿੱਚ ਲੋਕ ਇਨਸਾਫ਼ ਪਾਰਟੀ ਬਣਾਈ ਅਤੇ 2017 ਦੀਆਂ ਚੋਣਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਲੜੀਆਂ ਸਨ। 2017 'ਚ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਦੇ ਕਮਲਜੀਤ ਸਿੰਘ ਕਰਵਲ ਨੂੰ 16,913 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ। ਬੈਂਸ ਨੂੰ 53,421, ਜਦਕਿ ਕਰਵਲ ਨੂੰ 36,508 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਗੁਰਮੀਤ ਸਿੰਘ ਕੁਲਾਰ 14,138 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਮੁੜ ਚੋਣ ਮੈਦਾਨ 'ਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ‘ਆਪ’ ਵੱਲੋਂ ਕੁਲਵੰਤ ਸਿੰਘ ਸਿੱਧੂ, ਕਾਂਗਰਸ ਵੱਲੋਂ ਕੰਵਲਜੀਤ ਸਿੰਘ ਕਰਵਲ, ਪੰਜਾਬ ਲੋਕ ਕਾਂਗਰਸ ਵੱਲੋਂ ਪ੍ਰੇਮ ਮਿੱਤਲ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਹਰਕੀਰਤ ਸਿੰਘ ਰਾਣਾ ਚੋਣ ਮੈਦਾਨ ’ਚ ਹਨ।
ਆਤਮ ਨਗਰ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 170654 ਹੈ, ਜਿਨ੍ਹਾਂ 'ਚ 81028 ਪੁਰਸ਼, 89617 ਔਰਤਾਂ ਤੇ 9 ਥਰਡ ਜੈਂਡਰ ਹਨ।