ਪੰਜਾਬ ਪਲਸ ਦਾ ASI ਹੋਇਆ ਗ੍ਰਿਫ਼ਤਾਰ
Thursday, Nov 28, 2024 - 11:36 PM (IST)
ਪਟਿਆਲਾ/ਜਲੰਧਰ/ਚੰਡੀਗੜ੍ਹ (ਬਲਜਿੰਦਰ, ਧਵਨ, ਅੰਕੁਰ)- ਪੰਜਾਬ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਇਕ ਵਿਅਕਤੀ ਮਦਨ ਲਾਲ ਸ਼ਰਮਾ ਵਾਸੀ ਪਿੰਡ ਬਘੌਰਾ (ਪਟਿਆਲਾ) ਨੂੰ ਇਕ ਪੁਲਸ ਮੁਲਾਜ਼ਮ ਲਈ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਹੇੜੀ ਨਿਵਾਸੀ ਦਿਲਬਾਗ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੱਸਿਆ ਕਿ ਉਸ ਦਾ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਗੁਰਨਾਇਬ ਸਿੰਘ ਨਾਲ ਝਗੜਾ ਹੋਇਆ ਸੀ ਅਤੇ ਗ੍ਰੰਥੀ ਨੇ ਉਸ ਵਿਰੁੱਧ ਥਾਣਾ ਘਨੌਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਥਾਣੇ ’ਚ ਤਾਇਨਾਤ ਏ.ਐੱਸ.ਆਈ. ਸਵਰਨ ਸਿੰਘ ਕੇਸ ’ਚ ਉਸ ਦਾ ਪੱਖ ਲੈਣ ਲਈ ਉਸ ਨੂੰ 10,000 ਰੁਪਏ ਰਿਸ਼ਵਤ ਦੇਣ ਲਈ ਦਬਾਅ ਪਾ ਰਿਹਾ ਹੈ ਅਤੇ ਉਸ ਨੂੰ ਕਹਿ ਰਿਹਾ ਹੈ ਕਿ ਜੇ ਉਸ ਨੇ ਰਿਸ਼ਵਤ ਨਾ ਦਿੱਤੀ ਤਾਂ ਉਸ ਖਿਲਾਫ਼ ਉਹ ਕੇਸ ਦਰਜ ਕਰ ਦੇਵੇਗਾ। ਸ਼ਿਕਾਇਤ ਅਨੁਸਾਰ ਮੁਲਜ਼ਮ ਏ.ਐੱਸ.ਆਈ. ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਇਹ ਰਕਮ ਆਪਣੇ ਜਾਣਕਾਰ ਮਦਨ ਲਾਲ ਨੂੰ ਦੇਣ ਲਈ ਕਿਹਾ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਉਕਤ ਮਦਨ ਲਾਲ ਨੂੰ ਏ.ਐੱਸ.ਆਈ. ਸਵਰਨ ਸਿੰਘ ਖਾਤਰ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ।
ਦੱਸਣਯੋਗ ਹੈ ਕਿ ਉਕਤ ਮੁਲਜ਼ਮ ਏ.ਐੱਸ.ਆਈ. ਸਵਰਨ ਸਿੰਘ ਆਪਣੀ ਗ੍ਰਿਫ਼ਤਾਰ ਤੋਂ ਬਚਦਾ ਹੋਇਆ ਫਰਾਰ ਹੋ ਗਿਆ ਹੈ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e