ਨਸ਼ੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
Thursday, Jan 30, 2020 - 08:49 PM (IST)

ਤਰਨਤਾਰਨ,(ਰਾਜੂ,ਬਲਵਿੰਦਰ ਕੌਰ)- ਪੰਜਾਬ ਵਿੱਚ ਨਸ਼ਿਆਂ ਦੇ ਚੱਲ ਰਹੇ ਦਰਿਅ 'ਚ ਹਰ ਰੋਜ਼ ਨੌਜਵਾਨ ਪੀੜ੍ਹੀ ਰੁੜ ਕੇ ਆਪਣੀ ਜਾਨ ਗੁਆ ਰਹੀ ਹੈ। ਅਜਿਹਾ ਹੀ ਮਾਮਲਾ ਤਰਨਤਾਰਨ ਵਿਖੇ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਘਰ ਤੋਂ ਬਾਹਰ ਸਬਜ਼ੀ ਮੰਡੀ 'ਚ ਪਈ ਹੋਈ ਮਿਲੀ ਹੈ। ਜਿਸ ਦੀ ਪਹਿਚਾਣ ਵਰਿੰਦਰਜੀਤ ਸਿੰਘ ਵਾਸੀ ਮੁਹੱਲਾ ਗੋਕਲਪੁਰਾ ਤਰਨਤਾਰਨ ਵਜੋਂ ਹੋਈ ਹੈ। ਗੌਰਤਲਬ ਹੈ ਕਿ ਮ੍ਰਿਤਕ ਦਾ ਪਰਿਵਾਰ ਵਿਦੇਸ਼ 'ਚ ਰਹਿੰਦਾ ਹੈ ਤੇ ਇਹ ਖ਼ੁਦ ਵੀ ਮਲੇਸ਼ੀਆ ਤੋਂ ਕੁਝ ਦਿਨ ਪਹਿਲਾਂ ਆਇਆ ਸੀ ਤੇ ਘਰ 'ਚ ਇਸ ਸਮੇਂ ਉਹ ਇਕੱਲਾ ਹੀ ਰਹਿੰਦਾ ਸੀ। ਜਿਸ ਦੀ ਅੱਜ ਮੰਡੀ ਵਿਚੋਂ ਲਾਸ਼ ਮਿਲੀ ਹੈ। ਸਥਾਨਕ ਇਲਾਕੇ ਦੇ ਕੌਂਸਲਰ ਤਿਲਕ ਰਾਜ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਹਾਲਾਂਕਿ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿਚ ਲਾਸ਼ ਪਈ ਹੈ ਜਦ ਉਹ ਆਪ ਮੌਕੇ 'ਤੇ ਪਹੁੰਚੇ ਤਾਂ ਉਨ੍ਹਾ ਨੂੰ ਦੇਖ ਕੇ ਲੱਗਿਆ ਕਿ ਸ਼ਾਇਦ ਇਹ ਨੌਜਵਾਨ ਸ਼ਰਾਬ ਪੀਣ ਕਾਰਨ ਇੱਥੇ ਡਿੱਗ ਪਿਆ ਹੈ ਤੇ ਠੰਡ ਨਾਲ ਇਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਭ ਸਾਫ ਹੋ ਜਾਵੇਗਾ ਕਿ ਮੌਤ ਦਾ ਕੀ ਕਾਰਨ ਹੈ।