ਆਵਾਰਾ ਸਾਨ੍ਹਾਂ ਵੱਲੋਂ ਨੌਜਵਾਨ ਜ਼ਖਮੀ, ਨੱਕ ਤੇ ਜਬਾਡ਼ੇ ਦੀ ਹੱਡੀ ਟੁੱਟੀ

07/22/2018 7:52:24 AM

 ਕੋਟਕਪੂਰਾ (ਨਰਿੰਦਰ) - ਲੱਕਡ਼ ਕੰਡੇ ਨੇਡ਼ੇ ਆਵਾਰਾ ਪਸ਼ੂਆਂ ਦੀ ਲਡ਼ਾਈ ’ਚ ਫਸਿਆ ਇਕ ਨੌਜਵਾਨ ਦੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਹਾਦਸੇ ਦੌਰਾਨ ਨੌਜਵਾਨ ਦੇ ਨੱਕ ਅਤੇ ਜਬਾਡ਼ੇ ਦੀ ਹੱਡੀ ਟੁੱਟ ਜਾਣ ਕਾਰਨ ਆਪ੍ਰੇਸ਼ਨ ਤੱਕ ਕਰਵਾਉਣਾ ਪਿਆ। ਜਾਣਕਾਰੀ ਅਨੁਸਾਰ ਸਥਾਨਕ ਪ੍ਰੇਮ ਨਗਰ ਨਿਵਾਸੀ ਦਵਿੰਦਰ ਸਿੰਘ (20) ਪੁੱਤਰ ਸੁਖਦੇਵ ਸਿੰਘ ਸ਼ਾਮ ਦੇ ਸਮੇਂ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਜਦੋਂ ਹੀ ਉਹ ਲੱਕਡ਼ ਕੰਡੇ ’ਤੇ ਪੁੱਜਿਆ ਤਾਂ ਆਵਾਰਾ ਸਾਨ੍ਹਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ, ਜਿਸ  ਕਾਰਨ ਦਵਿੰਦਰ ਸਿੰਘ ਦੇ ਮੂੰਹ ਅਤੇ ਸਰੀਰ ਦੇ ਹੋਰ ਕਈ ਹਿੱਸਿਆਂ ’ਤੇ ਅੰਦਰੂਨੀ ਤੇ ਬਾਹਰੀ ਸੱਟਾਂ ਲੱਗੀਆਂ।
 ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਨੌਜਵਾਨ ਨੂੰ ਹੱਡੀਆਂ ਦੇ  ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਦੇ ਹੱਡੀ ਰੋਗ ਮਾਹਿਰ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇਰੇ ਇਲਾਜ ਲਈ ਦਸਮੇਸ਼ ਡੈਂਟਲ ਕਾਲਜ, ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਾਹਿਰ ਡਾਕਟਰਾਂ ਵੱਲੋਂ ਬੀਤੇ ਕੱਲ ਨੌਜਵਾਨ ਦੇ ਨੱਕ ਦੀ ਹੇਠਲੀ ਹੱਡੀ ਅਤੇ ਜਬਾਡ਼ੇ ਦਾ ਆਪ੍ਰੇਸ਼ਨ ਕਰ ਕੇ ਪਲੇਟਾਂ ਪਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਉਕਤ ਜ਼ਖਮੀ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਇਲਾਜ ਦਾ ਖਰਚਾ ਕਰਨ ਤੋਂ ਅਸਮਰੱਥ ਹੈ। ਪਰਿਵਾਰਕ ਮੈਂਬਰਾਂ ਨੇ ਐੱਸ. ਡੀ. ਐੱਮ. ਕੋਟਕਪੂਰਾ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।


Related News