ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
Saturday, Aug 26, 2023 - 06:33 PM (IST)
ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ 'ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਤਿਹਾਸਕ ਕਿਲ੍ਹਿਆਂ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰੇਗੀ। ਸੂਬੇ ਦੇ ਖੇਤ, ਨਦੀਆਂ ਅਤੇ ਹਵੇਲੀਆਂ ਬਾਲੀਵੁੱਡ ਤੇ ਹਾਲੀਵੁੱਡ ਦੀ ਫ਼ਿਲਮਾਂ 'ਚ ਦਿਖਾਈ ਦੇਣਗੇ, ਇਸ ਲਈ ਨਵੀਂ ਮਨੋਰੰਜਨ ਅਤੇ ਸੱਭਿਆਚਾਰ ਨੀਤੀ ਬਣਾਈ ਜਾਵੇਗੀ। ਨਵੀਂ ਨੀਤੀ 'ਚ ਸੈਰ-ਸਪਾਟਾ ਖੇਤਰ 'ਚ ਨਿਵੇਸ਼ ਕਰਨ ਵਾਲਿਆਂ ਨੂੰ ਕੁੱਝ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। ਟੂਰ ਪ੍ਰਮੋਟਰਾਂ ਅਤੇ ਨਿਵੇਸ਼ਕਾਂ ਪੰਜਾਬ ਨੂੰ ਕਰੀਬ ਨਾਲ ਸਮਝ ਲਈ ਸਰਕਾਰ 11 ਅਤੇ 13 ਸਤੰਬਰ ਤੱਕ ਮੋਹਾਲੀ 'ਚ ਪੰਜਾਬ ਟੂਰਿਜ਼ਮ ਸਮਿਟ ਦਾ ਆਯੋਜਨ ਕਰੇਗੀ। ਹਰ ਰੋਜ਼ ਇਕ ਲੱਖ ਤੋਂ ਵੱਧ ਸੈਲਾਨੀ ਰਾਜ ਦਾ ਦੌਰਾ ਕਰਨ ਲਈ ਆਉਂਦੇ ਹਨ। ਇਸ ਸੈਲਾਨੀਆਂ 'ਚ ਧਾਰਮਿਕ ਸਥਾਨਾਂ ਤੋਂ ਲੈ ਕੇ ਬਾਰਡਰ ਟੂਰਿਜ਼ਮ ਤੱਕ ਦੇ ਲੋਕ ਸ਼ਾਮਲ ਹੁੰਦੇ ਹਨ। ਸਰਕਾਰ ਨੇ ਸੂਬੇ ਦੇ ਸੈਰ-ਸਪਾਟਾ ਸਥਾਨਾਂ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡ ਦਿੱਤਾ ਹੈ। ਇਸ 'ਚ ਹੈਰੀਟੇਜ ਸਰਕਟ, ਬਾਰਡਰ ਸਰਕਟ, ਕੁਦਰਤ ਸਰਕਟ, ਐਡਵੈਂਚਰ ਅਤੇ ਵਾਟਰ ਅਤੇ ਈਕੋ ਟੂਰਿਜ਼ਮ ਸ਼ਾਮਲ ਹਨ। ਸਰਕਾਰ ਮੰਨਣਾ ਹੈ ਕਿ ਸੈਰ ਸਪਾਟਾ ਸੰਮੇਲਨ ਦਾ ਸੂਬੇ ਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਸੰਮੇਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਦੇ ਸੈਰ ਸਪਾਟਾ ਵਿਭਾਗ ਵਲੋਂ ਦੇਸ਼ ਭਰ ਵਿਚ ਲੜੀਵਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਪਹਿਲੇ ਰੋਡ ਸ਼ੋਅ ਦਾ ਉਦਘਾਟਨ 23 ਅਗਸਤ ਨੂੰ ਜੈਪੁਰ ਵਿਚ ਕੀਤਾ ਗਿਆ ਸੀ, ਜਿਸ ਤੋਂ ਬਾਅਦ 24 ਅਗਸਤ ਨੂੰ ਮੁੰਬਈ ਵਿਚ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਸੂਬਾ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਅੱਜ ਹੈਦਰਾਬਾਦ ਵਿਖੇ ਸਮਾਗਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਲੜੀ ਦਾ ਆਖਰੀ ਰੋਡ ਸ਼ੋਅ 26 ਅਗਸਤ ਨੂੰ ਦਿੱਲੀ ’ਚ ਹੋਣਾ ਹੈ।
ਉਦਘਾਟਨੀ ਸਮਾਗਮ ਦੌਰਾਨ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਸੂਬੇ ਵਿਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਸਬੰਧੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਥੇ ਆਉਣ ਵਾਲੇ ਸੈਲਾਨੀਆਂ ਤੇ ਸਥਾਨਕ ਲੋਕਾਂ ਲਈ ਵੱਖ-ਵੱਖ ਮੌਕੇ ਪੈਦਾ ਕਰਕੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਪਹਿਲਕਦਮੀਆਂ ਦਾ ਉਦੇਸ਼ ਕਾਰੋਬਾਰ-ਅਨੁਕੂਲ ਨੀਤੀਆਂ ਅਤੇ ਵੱਖ-ਵੱਖ ਲਾਭ ਤੇ ਰਿਆਇਤਾਂ ਪ੍ਰਦਾਨ ਕਰ ਕੇ ਸੂਬੇ ਦੀ ਸਾਖ ਨੂੰ ਹੋਰ ਉੱਚਾ ਚੁੱਕਣਾ ਹੈ। ਉਨ੍ਹਾਂ ਨੇ ਹਾਲ ਹੀ ਦੇ ਨਿਵੇਸ਼ ਬਾਰੇ ਗੱਲ ਕਰਦਿਆਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸੈਕਟਰ ਵਿਚ ਵਿਸ਼ੇਸ਼ ਰਿਆਇਤਾਂ ਅਤੇ ਲਾਭਾਂ ਤੋਂ ਇਲਾਵਾ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਬਾਰੇ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਉਨ੍ਹਾਂ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਸੂਬੇ ਦੀ ਅਮੀਰ ਵਿਰਾਸਤ, ਰੀਤੀ-ਰਿਵਾਜ਼ ਅਤੇ ਵੱਖ-ਵੱਖ ਲੋਕ ਕਲਾਵਾਂ ਨੂੰ ਪ੍ਰਦਰਸ਼ਿਤ ਕਰਦਿਆਂ ਪੰਜਾਬ ਨੂੰ ਸੈਰ-ਸਪਾਟੇ ਦੇ ਤਰਜੀਹੀ ਸਥਾਨ ਵਜੋਂ ਦਰਸਾਏਗਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਖ-ਵੱਖ ਪਹਿਲਕਦਮੀਆਂ ਕਰਦਿਆਂ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ।ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਟਰੈਵਲ ਮਾਰਟ ਦੇਸ਼ ਭਰ ਅਤੇ ਬਾਹਰਲੇ ਮੁਲਕਾਂ ਦੇ ਸੈਰ-ਸਪਾਟਾ ਸੈਕਟਰ ਨਾਲ ਸਬੰਧਤ ਪੇਸ਼ੇਵਰਾਂ ਨੂੰ ਇੱਕ ਮੰਚ `ਤੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਵਿਚ ਵਿਦੇਸ਼ੀ ਅਤੇ ਘਰੇਲੂ ਟੂਰ ਆਪਰੇਟਰ, ਡੀ.ਐੱਮ.ਸੀਜ਼, ਡੀ.ਐੱਮ.ਓਜ਼, ਟਰੈਵਲ ਟਰੇਡ ਮੀਡੀਆ, ਟਰੈਵਲ ਇਨਫਲੂਐਂਸਰਜ਼, ਹੋਟਲ ਆਪਰੇਟਰ, ਬੀ ਐਂਡ ਬੀ ਅਤੇ ਫਾਰਮ ਸਟੇਅ ਦੇ ਮਾਲਕਾਂ, ਸੈਰ-ਸਪਾਟਾ ਬੋਰਡਾਂ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸਮਿਟ, ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਭਾਈਵਾਲ ਹਿੱਸਾ ਲੈਣਗੇ, ਦੌਰਾਨ ਪੰਜਾਬ ਸੂਬਾ ਵਿਸ਼ਵ ਭਰ ਵਿਚ ਇੱਕ ਤਰਜੀਹੀ ਸੈਰ-ਸਪਾਟਾ ਸਥਾਨ ਵਜੋਂ ਆਪਣੀ ਪਹਿਚਾਣ ਕਾਇਮ ਕਰੇਗਾ।
ਇਹ ਵੀ ਪੜ੍ਹੋ- ਰਵੀ ਗਿੱਲ ਸੁਸਾਈਡ ਕੇਸ 'ਚ CP ਨੇ ਬਣਾਈ SIT, ਖੁੱਲ੍ਹਣਗੀਆਂ ਮਾਮਲੇ ਦੀਆਂ ਹੋਰ ਪਰਤਾਂ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਪਹਿਲਾਂ ਹੀ ਵਿਦੇਸ਼ੀ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਸੈਰ ਸਪਾਟਾ ਵਿਭਾਗ ਵਲੋਂ ਪੰਜਾਬ ਨੂੰ ਭਾਰਤੀ ਸੈਰ-ਸਪਾਟੇ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਇਆ ਜਾਵੇਗਾ ਜਿਸ ਨਾਲ ਸਾਲ 2030 ਤੱਕ ਪੰਜਾਬ ਨੂੰ ਕੌਮਾਂਤਰੀ ਸੈਰ-ਸਪਾਟਾ ਵਿਚ ਅਹਿਮ ਮੁਕਾਮ ਹਾਸਲ ਕਰਨ ਲਈ ਰਾਹ ਪੱਧਰਾ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਐੱਨ.ਆਰ.ਆਈ. ਡੈਂਟਲ ਟੂਰਿਜ਼ਮ ’ਤੇ ਵਿਸ਼ੇਸ਼ ਧਿਆਨ ਦੇ ਕੇ ਜਲੰਧਰ ਵਿਚ ਮੈਡੀਕਲ ਟੂਰਿਜ਼ਮ ਅਤੇ ਆਧੁਨਿਕ ਡੈਂਟਲ ਸਹੂਲਤਾਂ ਵਿਕਾਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੌਜੂਦਾ ਡੈਂਟਲ ਟੂਰਿਜ਼ਮ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਵਾਟਰ ਅਤੇ ਐਡਵੈਂਚਰ ਪਾਰਕਾਂ ਦੇ ਰਣਨੀਤਕ ਵਿਕਾਸ ਦਾ ਉਦੇਸ਼ ਸੂਬੇ ਵਿਚ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਇਸ ਦੇ ਨਾਲ ਹੀ, ਕੁਦਰਤੀ ਸੁੰਦਰਤਾ ਨਾਲ ਭਰਪੂਰ ਪੇਂਡੂ ਖੇਤਰਾਂ ਵਿਚ ਸੁੰਦਰ ਫਾਰਮ ਸਟੇਜ਼ ਅਤੇ ਕਾਟੇਜ ਠਹਿਰਣ ਦਾ ਮਨਮੋਹਕ ਅਤੇ ਬਿਹਤਰ ਤਜ਼ਰਬਾ ਪ੍ਰਦਾਨ ਕਰਨਗੀਆਂ। ਉਨ੍ਹਾਂ ਕਿਹਾ ਕਿ ਕਰਤਾਰਪੁਰ ਤੀਰਥ ਯਾਤਰਾ ਪ੍ਰਚਾਰ ਲਈ ਤਿਆਰ ਹੈ, ਅਤੇ ਸੂਬੇ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਨ ਲਈ ਨਵੀਨਤਾਕਾਰੀ ਸਟੇਟ ਟੂਰਿਜ਼ਮ ਐਪ ਵੀ ਤਿਆਰ ਹੈ। ਅਨਮੋਲ ਗਗਨ ਮਾਨ ਨੇ ਸਰਕਾਰ ਦੇ ਨੌਜਵਾਨ ਮੰਤਰੀਆਂ ਦੇ ਜੋਸ਼, ਸੂਬੇ ਪ੍ਰਤੀ ਉਨ੍ਹਾਂ ਦੇ ਸੱਚੇ ਜਨੂੰਨ ਅਤੇ ਵਿਸ਼ਵ ਸੈਰ-ਸਪਾਟਾ ਨਕਸ਼ੇ ’ਤੇ ਅਹਿਮ ਸਥਾਨ ਬਣਾਉਣ ਲਈ ਪੰਜਾਬ ਦੀ ਅਥਾਹ ਸਮਰੱਥਾ ’ਤੇ ਵੀ ਚਾਨਣਾ ਪਾਇਆ।
ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਸੈਰ-ਸਪਾਟੇ ਵਿਚ ਦੋ ਮੁੱਖ ਪਹਿਲਕਦਮੀਆਂ ਵੈਲਨੈਸ ਅਤੇ ਮਹਿਲਾਵਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਪਹਿਲਕਦਮੀਆਂ ਪੰਜਾਬ ਦੇ ਸ਼ਾਂਤ ਮਾਹੌਲ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਤੰਦਰੁਸਤੀ ਦੀ ਭਾਲ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਨ ਅਤੇ ਸੈਰ-ਸਪਾਟਾ ਉਦਯੋਗ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਵੈੱਲਨੈਸ ਦੇ ਕੇਂਦਰ ਵਜੋਂ ਉਭਰਣ ਦੀ ਇੱਛਾ ਇਸਦੀ ਸੱਭਿਆਚਾਰਕ ਵਿਰਾਸਤ ਨਾਲ ਮੇਲ ਖਾਂਦੀ ਹੈ। ਇਸ ਤੋਂ ਇਲਾਵਾ, ਸੈਰ-ਸਪਾਟੇ ਵਿਚ ਮਹਿਲਾਵਾਂ ਦਾ ਸਸ਼ਕਤੀਕਰਨ ਸਮਾਜਿਕ-ਆਰਥਿਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਮਹਿਲਾਵਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਅਤੇ ਸਿਖਲਾਈ ਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਕੇ, ਅਸੀਂ ਸਕਾਰਾਤਮਕ ਤਬਦੀਲੀ ਲਿਆਉਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ
ਪੰਜਾਬ ਦੀਆਂ ਪਹਿਲਕਦਮੀਆਂ ਵਿਚ ਨਿਵੇਸ਼ ਪੰਜਾਬ, ਵਿਆਪਕ ਨਿਵੇਸ਼ ਪ੍ਰੋਤਸਾਹਨ ਦਫ਼ਤਰ, ਅਤੇ ਉਦਯੋਗਿਕ ਨੀਤੀ 2022 ਤਹਿਤ ਸੈਰ-ਸਪਾਟੇ ’ਤੇ ਵਿੱਤੀ ਪ੍ਰੋਤਸਾਹਨ ਸ਼ਾਮਲ ਹਨ। ਸੂਬੇ ਵੱਲੋਂ ਸੈਰ-ਸਪਾਟੇ ਦੇ ਵਿਕਾਸ ਲਈ ਪੇਂਡੂ ਘਰਾਂ ਅਤੇ ਫਾਰਮ ਸਟੇਅਜ਼ ’ਤੇ ਵੀ ਜ਼ੋਰ ਦੇ ਕੇ ਐਡਵੈਂਚਰ ਅਤੇ ਵਾਟਰ ਟੂਰਿਜ਼ਮ, ਵੈਲਨੈਸ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਅਤੇ ਐਗਰੀ/ਈਕੋ-ਟੂਰਿਜ਼ਮ ਆਦਿ ਖੇਤਰਾਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਨਾਲ ਵਿਸ਼ਵ ਸੈਰ-ਸਪਾਟੇ ਦੇ ਨਕਸ਼ੇ ਵਿਚ ਪੰਜਾਬ ਨੂੰ ਅਹਿਮ ਸਥਾਨ ਬਣਾਉਣ ਦੇ ਨਾਲ ਨਾਲ ਪੰਜਾਬ ਦੇ ਵਸਨੀਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦੇ ਮਿਆਰ ਵਿਚ ਹੋਰ ਸੁਧਾਰ ਦੀ ਉਮੀਦ ਹੈ।
ਐਪ 'ਤੇ ਟੂਰਿਸਟ ਸਥਾਨਾਂ ਬਾਰੇ ਜਾਣਕਾਰੀ ਹੋਵੇਗੀ ਉਪਲਬਧ
ਪੰਜਾਬ ਦੇ ਸੈਰ-ਸਪਾਟਾ ਸਥਾਨਾਂ 'ਤੇ ਜਾਣ ਦੇ ਚਾਹਵਾਨ ਸੈਲਾਨੀਆਂ ਲਈ ਸਰਕਾਰ ਇਕ ਵਿਸ਼ੇਸ਼ ਐਪ ਅਤੇ ਵੈੱਬਸਾਈਟ ਬਣਾਉਣ ਜਾ ਰਹੀ ਹੈ। ਇਸ 'ਚ ਸੂਬੇ ਦੇ ਹਰ ਸੈਰ ਸਪਾਟਾ ਸਥਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਸ ਇਲਾਕੇ ਦੇ ਹੋਟਲਾਂ ਅਤੇ ਪਰਿਵਾਰ ਲਈ ਸਹੂਲਤਾਂ ਬਾਰੇ ਵੇਰਵੇ ਹੋਣਗੇ। ਇਸ ਤੋਂ ਇਲਾਵਾ ਟੂਰ ਦੇ ਅੰਦਾਜ਼ਨ ਬਜਟ ਦੀ ਜਾਣਕਾਰੀ ਵੀ ਐਪ 'ਤੇ ਉਪਲਬਧ ਹੋਵੇਗੀ। ਇਹ ਸਾਰਾ ਕੰਮ ਵਿਭਾਗ ਵੱਲੋਂ ਇੱਕ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ
ਰਾਜਸਥਾਨ ਦੀ ਤਰਜ਼ 'ਤੇ ਅੰਮ੍ਰਿਤਸਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਵੈਡਿੰਗ ਡੈਸਟੀਨੇਸ਼ਨ ਦੇ ਰੂਪ 'ਚ ਵਿਕਸਤ ਕਰੇਗੀ। ਇਹ ਰਾਜਸਥਾਨ ਦੇ ਉਦੈਪੁਰ, ਜੈਪੁਰ ਅਤੇ ਜੋਧਪੁਰ ਦੀ ਤਰਜ਼ 'ਤੇ ਹੋਵੇਗਾ। ਦੇਸ਼ ਦੇ ਦੂਜੇ ਰਾਜਾਂ ਵਿੱਚ ਵੱਡੇ ਸਿੱਖ ਅਤੇ ਪੰਜਾਬੀ ਪਰਿਵਾਰਾਂ ਨੂੰ ਕੇਂਦਰਿਤ ਕਰਕੇ ਅਜਿਹਾ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8