ਗੁਰੂ ਘਰ 'ਚ ਦਿਖਿਆ ਤਾਲਾਬੰਦੀ ਦਾ ਅਸਰ, ਸੰਗਤਾਂ ਦੀ ਆਮਦ ਰਹੀ ਬਹੁਤ ਘੱਟ

Monday, Jun 15, 2020 - 09:05 AM (IST)

ਗੁਰੂ ਘਰ 'ਚ ਦਿਖਿਆ ਤਾਲਾਬੰਦੀ ਦਾ ਅਸਰ, ਸੰਗਤਾਂ ਦੀ ਆਮਦ ਰਹੀ ਬਹੁਤ ਘੱਟ

ਅੰਮ੍ਰਿਤਸਰ (ਅਨਜਾਣ) : ਹਰ ਮਹੀਨੇ ਸੰਗਰਾਂਦ ਵਾਲੇ ਦਿਨ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਾ ਹੜ੍ਹ ਆ ਜਾਇਆ ਕਰਦਾ ਸੀ, ਉਥੇ ਹੀ ਬੀਤੇ ਐਤਵਾਰ ਹਾੜ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸੰਗਤਾਂ ਦੀ ਆਮਦ ਬਹੁਤ ਹੀ ਘੱਟ ਰਹੀ। ਅੰਮ੍ਰਿਤਸਰ ਵਿਖੇ ਕਰੋਨਾ ਮਹਾਮਾਰੀ ਦੇ ਪ੍ਰਕੋਪ, ਸ਼ਨੀਵਾਰ ਤੇ ਐਤਵਾਰ ਸਰਕਾਰ ਵਲੋਂ ਐਲਾਨੇ ਗਏ ਤਾਲਾਬੰਦੀ ਕਾਰਣ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਖਾਲੀ ਦਿਖਾਈ ਦਿੱਤੀ ਉਥੇ ਹੀ ਬਜ਼ਾਰ ਵੀ ਸੁੰਨਸਾਨ ਨਜ਼ਰ ਆਏ। ਅੰਮ੍ਰਿਤ ਵੇਲੇ ਦੀ ਮਰਿਆਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸੰਭਾਲੀ। ਕਿਵਾੜ ਖੁਲ੍ਹਦਿਆਂ ਹੀ ਦਰਸ਼ਨੀ ਡਿਓੜੀ ਦੇ ਬਾਹਰ ਸਾਰੀ ਰਾਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੀਆਂ ਸੰਗਤਾਂ ਗੁਰਬਾਣੀ ਜੱਸ ਗਾਇਣ ਕਰਦੀਆਂ ਦਰਸ਼ਨਾਂ ਲਈ ਗਈਆਂ।

PunjabKesariਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ ਤੇ ਗ੍ਰੰਥੀ ਸਿੰਘ ਵਲੋਂ ਪਹਿਲਾਂ ਮੁੱਖ ਵਾਕ ਲਿਆ ਗਿਆ। ਇਸ ਦੇ ਨਾਲ ਹੀ ਸੰਗਰਾਂਦ ਦੇ ਮਹੀਨੇ ਦਾ ਨਾਂ ਪੜ੍ਹਿਆ ਗਿਆ ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਸੰਗਰਾਂਦ ਦੇ ਮਹੀਨੇ ਦੇ ਇਸ਼ਨਾਨ ਅੰਮ੍ਰਿਤ ਸਰੋਵਰ ਵਿੱਚ ਕੀਤੇ। ਠੰਢੇ-ਮਿੱਠੇ ਜਲ ਦੀ ਛਬੀਲ , ਲੰਗਰ ਹਾਲ, ਫਰਸ਼ ਦੇ ਇਸ਼ਨਾਨ ਤੇ ਜੋੜੇ ਘਰ ਵਿਖੇ ਸੇਵਾ ਕੀਤੀ।

PunjabKesariਡਾਕਟਰੀ ਟੀਮ ਵਲੋਂ ਕੀਤੀ ਗਈ ਸੰਗਤਾਂ ਨੂੰ ਮਾਸਕ ਪਹਿਨਣ ਦੀ ਹਿਦਾਇਤ 

ਘੰਟਾ ਘਰ ਵਾਲੀ ਬਾਹੀ 'ਤੇ ਜ਼ਿਲ੍ਹਾ ਪ੍ਰੀਸ਼ਦ ਰੂਰਲ ਹੈਲਥ ਵਿਭਾਗ ਦੀਆਂ ਫਾਰਮਾਸਿਸਟ ਪ੍ਰਭਲੀਨ ਕੌਰ ਤੇ ਮਨਜਿੰਦਰ ਕੌਰ ਸੰਗਤਾਂ ਨੂੰ ਮੂੰਹ 'ਤੇ ਮਾਸਕ ਪਹਿਨ ਕੇ ਅੰਦਰ ਜਾਣ ਲਈ ਹਿਦਾਇਤਾਂ ਦੇ ਰਹੀਆਂ ਸਨ ਤੇ ਨਾਲ-ਨਾਲ ਉਨ੍ਹਾਂ ਦੀ ਥਰਮੋ ਸਕ੍ਰੀਨਿੰਗ ਕਰ ਰਹੀਆਂ ਸਨ। ਭਾਵੇਂ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅਧਿਕਾਰੀਆ ਨਾਲ ਮੀਟਿੰਗ ਕਰਕੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਹਿਦਾਇਤਾਂ ਜਾਰੀ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸੰਗਤਾਂ ਨੂੰ ਸੁਚੇਤ ਕਰਨ ਲਈ ਕਿਹਾ ਸੀ। ਪਰ ਕੋਈ ਵੀ ਸੇਵਾਦਾਰ ਜਾਂ ਅਧਿਕਾਰੀ ਸੰਗਤਾਂ ਨੂੰ ਮੂੰਹ ਢੱਕ ਕੇ ਅੰਦਰ ਜਾਣ ਲਈ ਨਹੀਂ ਕਹਿ ਰਿਹਾ ਸੀ। ਇਸ ਦੇ ਨਾਲ ਹੀ ਭੀੜ ਇਕੱਠੀ ਨਾ ਹੋਵੇ ਇਸ ਲਈ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਸੁਣ ਰਹੀਆਂ ਸੰਗਤਾਂ ਤੇ ਪਰਿਕਰਮਾ 'ਚ ਬੈਠੀਆਂ ਸੰਗਤਾਂ ਨੂੰ ਉਥੋਂ ਉੱਠਣ ਲਈ ਬੇਨਤੀ ਕਰਦੇ ਦੇਖੇ ਗਏ ਤਾਂ ਜੋ ਹੋਰ ਸੰਗਤ ਵੀ ਵਾਰੀ ਸਿਰ ਦਰਸ਼ਨ ਕਰ ਸਕੇ। 

PunjabKesariਦੱਸ ਦੇਈਏ ਕਿ ਰਾਤ-ਦਿਨ ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਰੂਰਲ ਹੈਲਥ ਵਿਭਾਗ ਦੀ ਟੀਮ ਹੀ ਘੰਟਾ ਘਰ ਵਾਲੀ ਬਾਹੀ 'ਤੇ ਡਿਊਟੀ ਨਿਭਾ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਕਰਫਿਊ ਤੇ ਤਾਲਾਬੰਦੀ ਦੌਰਾਨ ਵੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੀਆਂ ਟੀਮਾਂ ਕੁਝ ਸਮਾਂ ਬਿਠਾਉਣ ਤੋਂ ਬਾਅਦ ਹਟਾ ਲਈਆਂ ਗਈਆਂ ਸਨ ਤੇ ਹੁਣ ਵੀ ਇਕ ਹਫ਼ਤੇ ਬਾਅਦ ਹਟਾ ਲਈਆਂ ਗਈਆਂ ਹਨ ਜੋ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਅਤਿਅੰਤ ਜ਼ਰੂਰੀ ਹੈ। ਸੰਗਤਾਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਇਸ ਲਈ ਅਸਮਰੱਥ ਹੈ ਤਾਂ ਸਿਹਤ ਵਿਭਾਗ ਨੂੰ ਚਾਰੇ ਗੇਟਾਂ ਤੇ ਸਿਹਤ ਟੀਮਾ ਤਾਇਨਾਤ ਕਰਨੀਆਂ ਚਾਹੀਦੀਆਂ ਹਨ। 


author

Baljeet Kaur

Content Editor

Related News