ਸ੍ਰੀ ਦਰਬਾਰ ਸਾਹਿਬ ਵਿਖੇ 'ਅਖੰਡ ਪਾਠ' ਕਰਾਉਣ ਲਈ ਕਰਨੀ ਪਵੇਗੀ ਉਡੀਕ!

01/04/2019 11:09:06 AM

ਅੰਮ੍ਰਿਤਸਰ (ਸਫਰ) : ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਲਈ ਇਕ ਲੰਮੀ ਉਡੀਕ ਸੂਚੀ ਬਣ ਗਈ ਹੈ। ਜੇਕਰ ਸ਼ਰਧਾਲੂ ਉਥੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣਾ  ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜੂਨ 2022 ਤਕ ਉਡੀਕ ਕਰਨੀ ਪਵੇਗੀ। 2019 ਵਿਚ ਹੁਣ ਤਕ ਸ੍ਰੀ ਅਖੰਡ ਪਾਠ  ਦੀਆਂ 70 ਬੁਕਿੰਗਜ਼ ਹੋ ਚੁੱਕੀਆਂ ਹਨ, ਜੋ ਕਿ ਸਾਲ ਭਰ ਚੱਲਦੀਆਂ ਰਹਿਣਗੀਆਂ। ਦੇਸ਼-ਦੁਨੀਆ ਦੀਆਂ ਵੱਡੀਆਂ ਹਸਤੀਆਂ ਇਸ ਅਧਿਆਤਮਕ ਸਥਾਨ 'ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ। ਦੱਸ ਦੇਈਏ ਕਿ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਵਿਚ 80 ਥਾਵਾਂ 'ਤੇ ਸ੍ਰੀ ਅਖੰਡ ਪਾਠ ਰਖਵਾਇਆ ਜਾਂਦਾ ਹੈ। 40 ਘੰਟਿਆਂ ਦੌਰਾਨ 8 ਪਾਠੀ ਵਾਰੀ-ਵਾਰੀ ਨਾਲ ਮਰਿਆਦਾਵਾਂ ਨੂੰ ਨਿਭਾਉਂਦੇ ਹੋਏ ਸ੍ਰੀ ਅਖੰਡ ਪਾਠ ਕਰਦੇ ਹਨ।  ਸ੍ਰੀ ਅਖੰਡ ਪਾਠ ਰਖਵਾਉਣ ਲਈ ਜੋ ਰਸਮਾਂ ਨਿਭਾਉਣੀਆਂ ਹੁੰਦੀਆਂ ਹਨ, ਨੂੰ ਆਨਲਾਈਨ ਪੂਰਾ ਕੀਤਾ ਜਾ ਸਕਦਾ ਹੈ ਤਾਂ ਕਿ ਘਰ ਬੈਠੇ ਦੁਨੀਆ ਦੇ ਕਿਸੇ ਕੋਨੇ ਤੋਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੀ ਬੁਕਿੰਗ ਕਰ ਸਕੋ।

ਸੇਵਾ ਨਾਲ ਮਿਲਦਾ ਹੈ ਸ੍ਰੀ ਅਖੰਡ ਪਾਠ, ਸਿਫਾਰਸ਼ ਨਾਲ ਨਹੀਂ
ਦੇਸ਼-ਵਿਦੇਸ਼ ਵਿਚ ਕਈ ਧਾਰਮਿਕ ਸਥਾਨ ਹਨ, ਜਿਥੇ ਵੀ. ਵੀ. ਆਈ. ਪੀ. ਦੇ ਦਰਸ਼ਨਾਂ ਲਈ ਖਾਸ ਰਿਆਇਤ ਦਿੱਤੀ ਜਾਂਦੀ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਿਰਫ ਸੇਵਾ ਨਾਲ ਮਿਲਦਾ ਹੈ, ਸਿਫਾਰਸ਼ ਨਾਲ ਨਹੀਂ। 2017 ਵਿਚ 73 ਹਜ਼ਾਰ ਵੇਟਿੰਗ ਦੀ ਲਿਸਟ ਇਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅਜਿਹੇ ਵਿਚ ਸ੍ਰੀ ਅਖੰਡ ਪਾਠ ਦੀ ਸੇਵਾ ਕਰਨ ਦੀ ਉਡੀਕ ਦੇਸ਼ ਦੇ ਕਈ ਮੌਜੂਦਾ ਤੇ ਸਾਬਕਾ ਸੀ. ਐੱਮ. ਕਰ ਰਹੇ ਹਨ। ਕਈ ਮੌਜੂਦਾ ਤੇ ਸਾਬਕਾ ਕੈਬਨਿਟ ਮੰਤਰੀ ਵੀ ਕਰ ਰਹੇ ਹਨ। ਇਹੀ ਨਹੀਂ, ਕਈ ਦੇਸ਼ਾਂ ਦੇ ਵੱਡੇ ਘਰਾਣਿਆਂ ਦਾ ਵੀ ਨੰਬਰ ਲੱਗਣਾ ਅਜੇ ਬਾਕੀ ਹੈ। ਸ੍ਰੀ ਅਖੰਡ ਪਾਠ ਦੀ ਬੁਕਿੰਗ ਕਰਨ ਵਾਲੇ ਕਹਿੰਦੇ ਹਨ ਕਿ 'ਸੇਵਾ ਭਾਵ ਨਾਲ ਹੁੰਦੀ ਹੈ, ਨਾਂ ਨਾਲ ਨਹੀਂ', ਦੁਨੀਆ ਭਰ ਤੋਂ ਇਸ ਸੇਵਾ ਲਈ ਵੱਡੇ-ਵੱਡੇ ਨਾਂ ਲਾਈਨ ਵਿਚ ਹਨ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਰਖਵਾਏ ਜਾਂਦੇ ਹਨ ਸ੍ਰੀ ਅਖੰਡ ਪਾਠ
- ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਹਰਿ ਕੀ ਪੌੜੀ।
- ਸ੍ਰੀ ਅਕਾਲ ਤਖਤ ਸਾਹਿਬ।
- ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ।
- ਗੁਰਦੁਆਰਾ ਸ੍ਰੀ ਝੰਡੇ ਬੁੰਗੇ ਸਾਹਿਬ।
- ਗੁਰਦੁਆਰਾ ਸ੍ਰੀ ਦੁਖਭੰਜਨੀ ਬੇਰੀ।
- ਗੁਰਦੁਆਰਾ ਲਾਚੀ ਬੇਰੀ ਸਾਹਿਬ।

ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਸਮੇਤ ਕਈ ਕਲਾਕਾਰਾਂ ਨੂੰ ਉਡੀਕ
ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਸਮੇਤ ਕਈ ਕਲਾਕਾਰਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦੀ ਉਡੀਕ ਹੈ। 2017 ਵਿਚ ਅਮਿਤਾਭ ਦਾ ਨੰਬਰ ਨਹੀਂ ਆਇਆ ਸੀ, 2018 ਵੀ ਲੰਘ ਗਿਆ। ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਬਿਗ ਬੀ ਦਾ ਨੰਬਰ 2019 'ਚ ਆਉਣ ਦੀ ਸੰÎਭਾਵਨਾ ਹੈ। ਇਹੀ ਨਹੀਂ, ਬਾਲੀਵੁੱਡ ਦੇ ਕਪੂਰ ਖਾਨਦਾਨ ਤੇ ਖੰਨਾ ਖਾਨਦਾਨ ਨੇ ਵੀ ਸ੍ਰੀ ਅਖੰਡ ਪਾਠ ਬੁੱਕ ਕਰਵਾਇਆ ਹੈ, ਜਿਨ੍ਹਾਂ ਦੀ ਵੇਟਿੰਗ 2020 ਤੋਂ ਬਾਅਦ ਦੀ ਹੈ। ਇਸੇ ਨਾਲ ਸਿਆਸਤ ਨਾਲ ਜੁੜੀਆਂ ਕੁਝ ਹਸਤੀਆਂ ਦੇ ਨਾਂ ਵੀ ਹਨ, ਜਿਨ੍ਹਾਂ ਨੇ ਗੁਪਤ ਸੇਵਾ ਦੇ ਤੌਰ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੋਈ ਹੈ।


Baljeet Kaur

Content Editor

Related News