ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਮੁਲਜ਼ਮ ਗੁਰਪਿੰਦਰ ਦੀ ਪੁਲਸ ਹਿਰਾਸਤ 'ਚ ਮੌਤ
07/21/2019 5:43:56 PM
ਅੰਮ੍ਰਿਤਸਰ : ਪੰਜਾਬ ਦੀਆਂ ਜੇਲਾਂ ਮੌਤ ਦਾ ਖੂਹ ਬਣਦੀਆਂ ਜਾ ਰਹੀਆਂ ਹਨ, ਨਿੱਤ ਨਵੀਂਆਂ ਘਟਨਾਵਾਂ ਕਰਕੇ ਜੇਲ ਸੁਰਖੀਆਂ 'ਚ ਰਹਿੰਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਜੇਲ 'ਚ ਸਾਹਮਣੇ ਆਇਆ ਹੈ, ਜਿਥੇ 532 ਕਿੱਲੋ ਹੈਰੋਇਨ ਕੇਸ ਦੇ ਮੁੱਖ ਦੋਸ਼ੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਈ 2700 ਕਰੋੜ ਦੀ ਹੈਰੋਇਨ ਦੇ ਮਾਮਲੇ 'ਚ ਇੰਪੋਰਟਰ ਗੁਰਪਿੰਦਰ ਸਿੰਘ ਨਾਂ ਦਾ ਨੌਜਵਾਨ ਜੇਲ 'ਚ ਬੰਦ ਸੀ। ਗੁਰਪਿੰਦਰ ਬੀਪੀ ਤੇ
ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ। ਜੇਲ ਅਧਿਕਾਰੀਆਂ ਮੁਤਾਬਕ ਸਵੇਰੇ ਅਚਾਨਕ ਸਿਹਤ ਖਰਾਬ ਹੋਣ 'ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਗੁਰਪਿੰਦਰ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਗੁਰਪਿੰਦਰ ਨੂੰ ਬੇਕਸੂਰ ਦੱਸਦੇ ਹੋਏ ਜੇਲ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਗੁਰਪਿੰਦਰ ਦੇ ਪਰਿਵਾਰ ਦੇ ਸਵਾਲ ਸਹੀ ਹਨ ਜਾਂ ਗਲਤ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ 2700 ਕਰੋੜ ਦੀ ਹੈਰੋਇਨ ਵਰਗੇ ਵੱਡੇ ਕੇਸ ਦੇ ਮੁੱਖ ਦੋਸ਼ੀ ਦੀ ਇਸ ਤਰ੍ਹਾਂ ਜੇਲ 'ਚ ਅਚਾਨਕ ਮੌਤ ਹੋ ਜਾਣ ਨਾਲ ਸਵਾਲ ਉਠਣੇ ਲਾਜ਼ਮੀ ਹਨ।