ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਦਰਸਾਉਂਦਾ ਮਿਊਜ਼ੀਅਮ ਮੇਨਟੀਨੈਂਸ ਤੋਂ ਬਾਅਦ ਫਿਰ ਸ਼ੁਰੂ

08/01/2019 12:05:13 PM

ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਵਿਖੇ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਸਿੱਖ ਇਤਿਹਾਸ ਨੂੰ ਦਰਸਾਉਂਦਾ ਮਿਊਜ਼ੀਅਮ ਮੇਨਟੀਨੈਂਸ ਤੋਂ ਬਾਅਦ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਮਿਊਜ਼ੀਅਮ ਦੇ ਫੈਸਿਲਟੀ ਮੈਨੇਜਰ ਚਰਨਦੀਪ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਹਰ 6 ਮਹੀਨੇ ਬਾਅਦ ਇਕ ਵਾਰ ਮਿਊਜ਼ੀਅਮ 'ਚ ਸਥਿਤ ਪ੍ਰਾਜੈਕਟਰ, ਏ. ਸੀ., ਲਾਈਟ ਐਂਡ ਸਾਊਂਡ ਅਤੇ ਹੋਰ ਸਿਸਟਮ ਦੀ ਮੇਨਟੀਨੈਂਸ ਲਈ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਕੇ ਕੁਝ ਦਿਨਾਂ ਲਈ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ 24 ਤੋਂ 31 ਜੁਲਾਈ ਤੱਕ ਮੇਨਟੀਨੈਂਸ ਦਾ ਸਾਰਾ ਕੰਮ ਕੰਪਲੀਟ ਕਰ ਲਿਆ ਗਿਆ ਹੈ ਅਤੇ ਮਿਊਜ਼ੀਅਮ ਦੇ ਜੀ. ਐੱਮ. ਤੇਜਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਇਸ ਨੂੰ 1 ਅਗਸਤ ਤੋਂ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਨੂੰ 2017 'ਚ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ 4 ਗੈਲਰੀਆਂ ਹਨ, ਜਿਨ੍ਹਾਂ 'ਚੋਂ ਪਹਿਲੀ ਗੈਲਰੀ 'ਚ 10 ਗੁਰੂ ਸਾਹਿਬਾਨ ਦੇ ਜੀਵਨ ਦੀ ਝਲਕ, ਦੂਸਰੀ 'ਚ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਜੰਗਾਂ ਅਤੇ ਅੰਮ੍ਰਿਤਸਰ ਸ਼ਹਿਰ ਬਾਰੇ ਭਰਪੂਰ ਜਾਣਕਾਰੀ, ਤੀਸਰੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਪਵਿੱਤਰ ਮਰਿਆਦਾ ਅਤੇ ਚੌਥੀ ਗੈਲਰੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਸਾਰਾ ਪ੍ਰੋਗਰਾਮ ਪੰਜਾਬੀ ਵਿਚ ਹੀ ਨਹੀਂ ਬਲਕਿ ਹਿੰਦੀ ਅਤੇ ਅੰਗਰੇਜ਼ੀ 'ਚ ਵੀ ਦਿਖਾਇਆ ਜਾਂਦਾ ਹੈ, ਜੋ ਫ੍ਰੀ ਹੈ। ਉਨ੍ਹਾਂ ਸੰਗਤਾਂ ਨੂੰ ਫਿਰ ਤੋਂ ਮਿਊਜ਼ੀਅਮ 'ਚ ਆਉਣ ਲਈ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰਾਜੈਕਟ ਇੰਜੀਨੀਅਰ ਤਲਵਿੰਦਰ ਕੁਮਾਰ ਅਤੇ ਸ਼ਿਫਟ ਇੰਜੀਨੀਅਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।


Baljeet Kaur

Content Editor

Related News