50 ਲੱਖ ਦੇ ਸਾਲਾਨਾ ਘਾਟੇ ''ਤੇ ਚੱਲ ਰਹੀ ਹੈ ਅੰਮ੍ਰਿਤਸਰ-ਲਾਹੌਰ ਦੋਸਤੀ ਬੱਸ
Monday, Feb 25, 2019 - 09:26 AM (IST)

ਅੰਮ੍ਰਿਤਸਰ (ਜ. ਬ.) : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤ-ਪਾਕਿਸਤਾਨ ਵਿਚਕਾਰ ਚੱਲਣ ਵਾਲੀਆਂ ਦੋਸਤੀ ਬੱਸਾਂ ਨੂੰ ਬੰਦ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ, ਉਥੇ ਹੀ ਅੰਮ੍ਰਿਤਸਰ-ਲਾਹੌਰ ਵਿਚਾਲੇ ਚੱਲਣ ਵਾਲੀ ਦੋਸਤੀ ਬੱਸ ਭਾਰਤ ਸਰਕਾਰ ਨੂੰ ਹਰ ਸਾਲ 50 ਲੱਖ ਰੁਪਏ ਦਾ ਚੂਨਾ ਲਾ ਰਹੀ ਹੈ। ਅੰਮ੍ਰਿਤਸਰ ਦੇ ਇੰਟਰਨੈਸ਼ਨਲ ਬੱਸ ਟਰਮੀਨਲ ਤੋਂ ਲਾਹੌਰ ਲਈ ਚੱਲਣ ਵਾਲੀ ਇਸ ਬੱਸ ਵਿਚ ਸਿਰਫ 2 ਜਾਂ 3 ਯਾਤਰੀ ਹੀ ਸਵਾਰ ਹੁੰਦੇ ਹਨ, ਜਿਸ ਕਾਰਨ ਬੱਸ ਦੇ ਕਰਮਚਾਰੀਆਂ ਤੇ ਹੋਰ ਖਰਚੇ ਪੂਰੇ ਨਹੀਂ ਹੋ ਰਹੇ। ਪੁਲਵਾਮਾ ਹਮਲੇ ਤੋਂ ਬਾਅਦ ਅੰਮ੍ਰਿਤਸਰ ਬੱਸ ਟਰਮੀਨਲ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਪੁਲਸ ਦੇ ਸਖਤ ਸੁਰੱਖਿਆ ਘੇਰੇ 'ਚ ਇਹ ਬੱਸ ਪਾਕਿਸਤਾਨ ਲਿਜਾਈ ਜਾਂਦੀ ਹੈ ਅਤੇ ਪਾਕਿਸਤਾਨ ਤੋਂ ਅੰਮ੍ਰਿਤਸਰ ਆਉਂਦੇ ਸਮੇਂ ਵੀ ਇਸ 'ਤੇ ਸਖਤ ਸੁਰੱਖਿਆ ਪ੍ਰਬੰਧ ਰਹਿੰਦੇ ਹਨ।
ਜਾਣਕਾਰੀ ਅਨੁਸਾਰ 24 ਮਾਰਚ 2006 ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਬੱਸ ਦਾ ਉਦਘਾਟਨ ਕੀਤਾ ਸੀ ਤਾਂ ਕਿ ਪੰਜਾਬ ਮੁੱਖ ਰੂਪ ਤੋਂ ਅੰਮ੍ਰਿਤਸਰ ਦੇ ਯਾਤਰੀ ਇਸ ਲਗਜ਼ਰੀ ਬੱਸ ਵਿਚ ਸਵਾਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਣ। ਇਸ ਦੇ ਉਦਘਾਟਨ ਮੌਕੇ ਹੀ 54 ਸਰਕਾਰੀ ਅਧਿਕਾਰੀਆਂ ਦਾ ਇਕ ਦਲ ਪਾਕਿਸਤਾਨ ਗਿਆ ਸੀ ਪਰ ਉਸ ਤੋਂ ਬਾਅਦ ਇਸ ਬੱਸ 'ਚ ਬੈਠਣ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ। ਕਈ ਵਾਰ ਤਾਂ ਇਸ ਬੱਸ ਨੂੰ ਖਾਲੀ ਪਾਕਿਸਤਾਨ ਲਿਜਾਇਆ ਜਾਂਦਾ ਹੈ।
ਦਿੱਲੀ ਤੋਂ ਲੈਣਾ ਪੈਂਦਾ ਹੈ ਵੀਜ਼ਾ, ਅੰਮ੍ਰਿਤਸਰ-ਲਾਹੌਰ ਲਈ ਲੈਣੀ ਪੈਂਦੀ ਹੈ ਪੁਲਸ ਕਲੀਅਰੈਂਸ
ਇਸ ਬੱਸ ਦਾ ਉਦਘਾਟਨ ਕਰਦੇ ਸਮੇਂ ਇਹ ਯੋਜਨਾ ਸੀ ਕਿ ਸਿੱਖ ਸ਼ਰਧਾਲੂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਨਕਾਣਾ ਸਾਹਿਬ ਜਾ ਸਕਣ ਪਰ ਤਰਾਸਦੀ ਇਹ ਰਹੀ ਕਿ ਇਸ ਬੱਸ 'ਚ ਯਾਤਰਾ ਕਰਨ ਲਈ ਵੀਜ਼ਾ ਦਿੱਲੀ ਤੋਂ ਲੈਣਾ ਪੈਂਦਾ ਹੈ। ਇੰਨਾ ਹੀ ਨਹੀਂ, ਜੋ ਯਾਤਰੀ ਇਸ ਬੱਸ ਵਿਚ ਸਵਾਰ ਹੁੰਦਾ ਹੈ, ਉਸ ਨੂੰ ਪੁਲਸ ਦਾ ਕਲੀਅਰੈਂਸ ਸਰਟੀਫਿਕੇਟ ਵੀ ਲੈਣਾ ਪੈਂਦਾ ਹੈ, ਜੋ ਸੌਖ ਨਾਲ ਨਹੀਂ ਮਿਲਦਾ। ਇਸ ਦੀ ਤੁਲਨਾ 'ਚ ਦਿੱਲੀ-ਲਾਹੌਰ 'ਚ ਚੱਲਣ ਵਾਲੀ ਦੋਸਤੀ ਬੱਸ ਜ਼ਰੀਏ ਜੋ ਯਾਤਰੀ ਯਾਤਰਾ ਕਰਦੇ ਹਨ, ਉਨ੍ਹਾਂ ਨੂੰ ਪੁਲਸ ਕਲੀਅਰੈਂਸ ਸਰਟੀਫਿਕੇਟ ਨਹੀਂ ਲੈਣਾ ਪੈਂਦਾ।
ਪਾਕਿਸਤਾਨੀ ਅੱਤਵਾਦੀਆਂ ਨੇ ਵੀ ਦੇ ਰੱਖੀ ਹੈ ਬੱਸ ਨੂੰ ਉਡਾਉਣ ਦੀ ਧਮਕੀ
ਭਾਰਤ-ਪਾਕਿਸਤਾਨ 'ਚ ਵਾਹਗਾ-ਅਟਾਰੀ ਬਾਰਡਰ ਦੇ ਰਸਤੇ ਚੱਲਣ ਵਾਲੀਆਂ ਦੋਸਤੀ ਬੱਸਾਂ ਨੂੰ ਬੰਦ ਕਰਨ ਦੀ ਮੰਗ ਸਿਰਫ ਭਾਰਤ ਵਿਚ ਹੀ ਨਹੀਂ ਉੱਠ ਰਹੀ ਸਗੋਂ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਚਾਹੇ ਉਹ ਜੈਸ਼-ਏ-ਮੁਹੰਮਦ ਹੋਵੇ ਜਾਂ ਫਿਰ ਤਹਿਰੀਕ-ਏ-ਤਾਲਿਬਾਨ, ਇਨ੍ਹਾਂ ਅੱਤਵਾਦੀ ਸੰਗਠਨਾਂ ਵੱਲੋਂ ਵੀ ਇਨ੍ਹਾਂ ਬੱਸਾਂ ਨੂੰ ਉਡਾਉਣ ਦੀ ਧਮਕੀ ਕਈ ਵਾਰ ਦਿੱਤੀ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਜਦੋਂ ਅੰਮ੍ਰਿਤਸਰ-ਲਾਹੌਰ ਬੱਸ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਕਰਾਸ ਕਰ ਕੇ ਪਾਕਿਸਤਾਨ ਦੇ ਵਾਹਗਾ ਬਾਰਡਰ 'ਚ ਪ੍ਰਵੇਸ਼ ਕਰਦੀ ਹੈ ਤਾਂ ਇਸ ਬੱਸ ਨੂੰ ਉਥੇ ਹੀ ਖੜ੍ਹਾ ਕਰ ਦਿੱਤਾ ਜਾਂਦਾ ਹੈ। ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਵੱਲੋਂ ਗਏ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਜ਼ਰੀਏ ਲਾਹੌਰ ਤੇ ਹੋਰ ਧਾਰਮਿਕ ਅਸਥਾਨਾਂ 'ਤੇ ਜਾਣਾ ਪੈਂਦਾ ਹੈ।
ਭਾਰਤ 'ਚ ਕੇਂਦਰ ਸਰਕਾਰ ਤੇ ਪਾਕਿਸਤਾਨ 'ਚ ਟੂਰਿਜ਼ਮ ਵਿਭਾਗ ਉਠਾਉਂਦਾ ਹੈ ਖਰਚ
ਅੰਮ੍ਰਿਤਸਰ-ਲਾਹੌਰ ਵਿਚਾਲੇ ਚੱਲਣ ਵਾਲੀ ਪੰਜ-ਆਬ ਬੱਸ ਦੀ ਗੱਲ ਕਰੀਏ ਤਾਂ ਭਾਰਤ 'ਚ ਜਦੋਂ ਇਸ ਬੱਸ ਸੇਵਾ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਦਾ ਖਰਚ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਂਦਾ ਸੀ ਪਰ ਲਗਾਤਾਰ ਘਾਟਾ ਪੈਣ ਕਾਰਨ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇਸ ਬੱਸ ਸੇਵਾ ਦਾ ਖਰਚ ਉਠਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 2 ਬੱਸਾਂ ਦਿੱਤੀਆਂ ਗਈਆਂ ਤੇ ਸਾਰਾ ਖਰਚ ਵੀ ਕੇਂਦਰ ਸਰਕਾਰ ਹੀ ਉਠਾ ਰਹੀ ਹੈ। ਇਸ ਦੀ ਤੁਲਨਾ 'ਚ ਪਾਕਿਸਤਾਨ ਵਿਚ ਇਸ ਬੱਸ ਸੇਵਾ ਦਾ ਸਾਰਾ ਖਰਚ ਪਾਕਿਸਤਾਨ ਦਾ ਟੂਰਿਜ਼ਮ ਵਿਭਾਗ ਉਠਾ ਰਿਹਾ ਹੈ।
ਮਾਲੇਰਕੋਟਲਾ ਤੇ ਜੰਮੂ-ਕਸ਼ਮੀਰ ਦੇ ਯਾਤਰੀ ਕਰਦੇ ਨੇ ਸਫਰ
ਅੰਮ੍ਰਿਤਸਰ-ਲਾਹੌਰ 'ਚ ਚੱਲਣ ਵਾਲੀ ਬੱਸ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਖਾਸ ਤੌਰ 'ਤੇ ਸਿੱਖ ਸ਼ਰਧਾਲੂਆਂ ਤੇ ਪੰਜਾਬੀਆਂ ਲਈ ਸ਼ੁਰੂ ਕੀਤਾ ਸੀ ਤਾਂ ਕਿ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਣ ਪਰ ਵੀਜ਼ਾ ਸਹੂਲਤ ਦਿੱਲੀ 'ਚ ਹੋਣ ਤੇ ਅੱਤਵਾਦ ਪ੍ਰਭਾਵਿਤ ਰਾਜ ਦੇ ਟੈਗ ਕਾਰਨ ਸਿੱਖ ਸ਼ਰਧਾਲੁ ਇਸ ਸੇਵਾ ਦਾ ਫਾਇਦਾ ਨਹੀਂ ਉਠਾ ਸਕੇ, ਉਲਟਾ ਜੰਮੂ-ਕਸ਼ਮੀਰ, ਮਾਲੇਰਕੋਟਲਾ ਤੇ ਕਾਦੀਆਂ ਦੇ ਵਾਸੀ ਹੀ ਕਦੇ-ਕਦਾਈਂ ਇਸ ਬੱਸ ਵਿਚ ਯਾਤਰਾ ਕਰਦੇ ਹਨ।