ਸਿੱਖ ਵਿਦਵਾਨ ਡਾ. ਜਸਪਾਲ ਸਿੰਘ ਨੇ ਡਾ. ਰੂਪ ਸਿੰਘ ਦੀ ਪੁਸਤਕ ਕੀਤੀ ਸੰਗਤ ਅਰਪਣ
Sunday, Aug 11, 2019 - 09:42 AM (IST)

ਅੰਮ੍ਰਿਤਸਰ (ਸੁਮਿਤ ਖੰਨਾ, ਦੀਪਕ) : ਪ੍ਰਸਿੱਧ ਸਿੱਖ ਚਿੰਤਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਪੁਸਤਕ 'ਕਲਿ ਤਾਰਣਿ ਗੁਰੁ ਨਾਨਕ ਆਇਆ' ਇਥੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਗਤ ਅਰਪਣ ਕੀਤੀ ਗਈ। ਪੁਸਤਕ ਜਾਰੀ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨ ਡਾ. ਜਸਪਾਲ ਸਿੰਘ ਨੇ ਨਿਭਾਈ। ਇਸ ਮੌਕੇ ਬਹੁਤ ਸਾਰੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।
ਡਾ. ਰੂਪ ਸਿੰਘ ਨੇ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਦਿਆਂ ਲਿਖੀ ਹੈ, ਜਿਸ ਵਿਚ ਉਨ੍ਹਾਂ ਜਿਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਤੇ ਆਧਾਰਿਤ ਪਹਿਲੇ ਪਾਤਸ਼ਾਹ ਦੇ ਜੀਵਨ ਤੇ ਉਨ੍ਹਾਂ ਦੀਆਂ ਪ੍ਰਮੁੱਖ ਬਾਣੀਆਂ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਵਿਸ਼ੇਸ਼ ਤੌਰ 'ਤੇ ਗੁਰੂ ਸਾਹਿਬ ਨਾਲ ਸਬੰਧਤ 31 ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਵੀ ਉਲੇਖ ਕੀਤਾ ਹੈ। ਪੁਸਤਕ ਜਾਰੀ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਜਸਪਾਲ ਸਿੰਘ ਨੇ ਡਾ. ਰੂਪ ਸਿੰਘ ਨੂੰ ਵਰਤਮਾਨ ਸਮੇਂ ਦਾ ਪ੍ਰਬੁੱਧ ਖੋਜਕਾਰ ਦੱਸਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਡਾ. ਰੂਪ ਸਿੰਘ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ 'ਚ ਪ੍ਰਬੰਧਕੀ ਜ਼ਿੰਮੇਵਾਰੀ 'ਤੇ ਤਾਇਨਾਤ ਹਨ ਪਰ ਇਨ੍ਹਾਂ ਨੇ ਆਪਣੀ ਲਿਖਣ ਪ੍ਰਕਿਰਿਆ ਨੂੰ ਕਦੇ ਵੀ ਧੀਮੀ ਨਹੀਂ ਪੈਣ ਦਿੱਤਾ।
ਇਸ ਮੌਕੇ ਪੁਸਤਕ ਦੇ ਰਚੇਤਾ ਡਾ. ਰੂਪ ਸਿੰਘ ਨੇ ਪ੍ਰਮੁੱਖ ਸ਼ਖਸੀਅਤਾਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਮੌਕੇ ਉਨ੍ਹਾਂ ਅੰਦਰ ਇਹ ਪੁਸਤਕ ਤਿਆਰ ਕਰਨ ਦਾ ਵਿਚਾਰ ਪੈਦਾ ਹੋਇਆ। ਬੇਸ਼ੱਕ ਪੁਸਤਕ 'ਚ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਬੰਧੀ ਵੀ ਵਿਚਾਰ ਦਿੱਤੇ ਗਏ ਹਨ ਪਰ ਮੂਲ ਰੂਪ 'ਚ ਇਹ ਪੁਸਤਕ ਗੁਰੂ ਸਾਹਿਬ ਨਾਲ ਸਬੰਧਤ ਪਾਵਨ ਅਸਥਾਨਾਂ ਬਾਰੇ ਹੈ। ਇਸ ਪੁਸਤਕ 'ਚ ਦਰਜ 31 ਗੁਰਦੁਆਰਿਆਂ 'ਚੋਂ ਪਾਕਿਸਤਾਨ ਦੇ 13, ਭਾਰਤ ਦੇ 14, ਬੰਗਲਾਦੇਸ਼ ਦੇ 3 ਅਤੇ ਨੇਪਾਲ ਦਾ 1 ਗੁਰਦੁਆਰਾ ਸ਼ਾਮਿਲ ਹੈ। ਉਨ੍ਹਾਂ ਪੁਸਤਕ ਦੇ ਪ੍ਰਕਾਸ਼ਕ 'ਸਿੰਘ ਬ੍ਰਦਰਜ਼' ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਡਾ. ਜਸਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।