ਚੀਫ ਖਾਲਸਾ ਦੀਵਾਨ ਦੇ ਗੈਰ-ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

12/12/2019 10:34:10 AM

ਅੰਮ੍ਰਿਤਸਰ (ਮਮਤਾ) : ਚੀਫ ਖਾਲਸਾ ਦੀਵਾਨ ਦੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਦੇ ਕੇ ਚੀਫ ਖਾਲਸਾ ਦੀਵਾਨ ਵਲੋਂ ਮਰਿਆਦਾ ਅਨੁਸਾਰ ਸਾਰੇ ਮੈਂਬਰ ਅੰਮ੍ਰਿਤਧਾਰੀ ਨਾ ਹੋਣ 'ਤੇ ਸਵਾਲ ਚੁੱਕਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਚੀਫ ਖਾਲਸਾ ਦੀਵਾਨ ਦੇ ਮੈਂਬਰ ਸਰਬਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੇ ਮੰਗ-ਪੱਤਰ 'ਚ ਕਿਹਾ ਕਿ ਦੀਵਾਨ ਦੀਆਂ ਚੋਣਾਂ ਤੋਂ ਪਹਿਲਾਂ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਚੋਣ ਲੜਨ ਵਾਲੇ ਸਾਰੇ ਉਮੀਦਵਾਰ ਅੰਮ੍ਰਿਤਧਾਰੀ ਹੋਣਗੇ। ਇਸ ਸਬੰਧੀ ਸਮੂਹ ਉਮੀਦਵਾਰਾਂ ਨੇ ਲਿਖ ਕੇ ਦਿੱਤਾ ਸੀ ਕਿ ਉਹ ਅੰਮ੍ਰਿਤਧਾਰੀ ਹਨ ਅਤੇ 17 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ 'ਚ ਖੜ੍ਹੇ ਹੋਏ 12 ਉਮੀਦਵਾਰਾਂ ਨੇ ਪ੍ਰਣ-ਪੱਤਰ ਵੀ ਭਰੇ। ਇਸ ਤੋਂ ਇਲਾਵਾ 31 ਮੈਂਬਰ ਕਾਰਜਸਾਧਕ ਕਮੇਟੀ ਦੀ ਚੋਣ ਲਈ ਨਾਮਜ਼ਦ ਹੋਏ। ਚੋਣ ਸਮੇਂ ਸਾਰੇ ਵੋਟਰਾਂ ਤੋਂ ਪ੍ਰਣ-ਪੱਤਰ ਭਰਵਾਏ ਗਏ ਕਿ 6 ਮਹੀਨੇ 'ਚ ਉਹ ਸਾਰੇ ਅੰਮ੍ਰਿਤ ਛਕ ਲੈਣਗੇ ਤੇ ਅਜਿਹਾ ਨਾ ਹੋਣ 'ਤੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਸਮਝੀ ਜਾਵੇਗੀ।

ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਅੱਜ 9 ਮਹੀਨੇ ਪੂਰੇ ਹੋਣ ਦੇ ਬਾਵਜੂਦ ਗੈਰ-ਅੰਮ੍ਰਿਤਧਾਰੀ ਮੈਂਬਰਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਵੀ ਮੈਂਬਰ ਬਣਨ ਵਾਲਾ ਵਿਅਕਤੀ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ 50 ਦੇ ਕਰੀਬ ਸਕੂਲ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚ 150 ਦੇ ਕਰੀਬ ਮੈਂਬਰ ਇੰਚਾਰਜ ਲੱਗੇ ਹੋਏ ਹਨ, ਜੇਕਰ ਇਨ੍ਹਾਂ ਸਕੂਲਾਂ ਦੇ ਇੰਚਾਰਜ ਅੰਮ੍ਰਿਤਧਾਰੀ ਨਹੀਂ ਹੋਣਗੇ ਅਤੇ ਦਾੜ੍ਹੀ ਰੰਗੀ ਹੋਵੇਗੀ ਅਤੇ ਅੰਮ੍ਰਿਤ ਨੂੰ ਮਾਖੌਲ ਸਮਝਣਗੇ ਤਾਂ ਇਸ ਨਾਲ ਕੌਮ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਜਾਂਚ ਕੀਤੀ ਜਾਵੇ ਅਤੇ ਦੀਵਾਨ ਦੇ ਪ੍ਰਧਾਨ ਨੂੰ ਮੈਂਬਰਾਂ ਨੂੰ ਅੰਮ੍ਰਿਤਧਾਰੀ ਲਾਜ਼ਮੀ ਤੌਰ 'ਤੇ ਬਣਾਉਣ ਲਈ ਹਦਾਇਤ ਕੀਤੀ ਜਾਵੇ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਵਲੋਂ ਦੀਵਾਨ ਦੇ ਮੈਂਬਰਾਂ ਦੇ ਮੰਗ-ਪੱਤਰ 'ਤੇ ਗੌਰ ਕਰਦਿਆਂ ਜਲਦ ਹੀ ਚੀਫ ਖਾਲਸਾ ਦੀਵਾਨ ਨੂੰ ਪੱਤਰ ਕੱਢਿਆ ਜਾ ਰਿਹਾ ਹੈ ਅਤੇ ਮੈਂਬਰਾਂ ਦੇ ਅੰਮ੍ਰਿਤਧਾਰੀ ਹੋਣ ਸਬੰਧੀ ਜਾਣਕਾਰੀ 10 ਦਿਨਾਂ ਦੇ ਅੰਦਰ ਮੰਗੀ ਜਾਵੇਗੀ।


Baljeet Kaur

Content Editor

Related News