ਭਾਜਪਾ ''ਚ ਸ਼ਾਮਲ ਹੋਣ ਦੀ ਤਿਆਰੀ ''ਚ ਨਵਜੋਤ ਸਿੰਘ ਸਿੱਧੂ !

12/12/2019 11:30:09 AM

ਅੰਮ੍ਰਿਤਸਰ : ਕ੍ਰਿਕਟ ਸਟਾਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅੱਜਕਲ ਬਿਲਕੁਲ ਚੁੱਪ ਹਨ। ਸਿਆਸੀ ਦਰਸ਼ਕ ਇਸ ਗੱਲ ਤੋਂ ਬਹੁਤ ਹੈਰਾਨ ਹਨ ਕਿ ਨਵਜੋਤ ਸਿੱਧੂ ਵਰਗਾ ਵਿਅਕਤੀ ਜੋ ਅਕਸਰ ਹਰ ਮੁੱਦੇ 'ਤੇ ਬੋਲਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਅੱਗੇ ਵਧਣ ਲਈ ਕਹਿੰਦਾ ਰਹਿੰਦਾ ਹੈ, ਅੱਜਕਲ ਬਿਲਕੁਲ ਸ਼ਾਂਤ ਕਿਉਂ ਹੈ। ਜਦੋਂ ਮੋਦੀ ਸਰਕਾਰ ਨੇ ਸਿੱਧੂ ਨੂੰ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਦੀ ਸਿਆਸੀ ਪ੍ਰਵਾਨਗੀ ਦਿੱਤੀ ਸੀ ਤਾਂ ਸਭ ਹੈਰਾਨ ਰਹਿ ਗਏ ਸਨ। ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਖੁੱਲ੍ਹਣ ਵਾਲੇ ਲਾਂਘੇ ਸਬੰਧੀ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਸੀ।

ਭਾਜਪਾ ਦੀ ਲੀਡਰਸ਼ਿਪ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਸਿਆਸੀ ਪ੍ਰਵਾਨਗੀ ਦਿੱਤੀ ਜਾਏ। ਇਹ ਕਿਉਂਕਿ ਲਾਂਘੇ ਦੇ ਉਦਘਾਟਨ ਦਾ ਅਹਿਮ ਮੌਕਾ ਸੀ ਅਤੇ ਉਸ ਇਕ ਵਿਸ਼ੇਸ਼ ਦਿਨ ਲਈ 550 ਵੀਜ਼ੇ ਜਾਰੀ ਕੀਤੇ ਜਾਣੇ ਸਨ, ਇਹ ਭਾਰਤ ਸਰਕਾਰ ਦੇ ਅਧਿਕਾਰ ਖੇਤਰ 'ਚ ਸੀ ਕਿ ਉਹ ਜਿਸ ਨੂੰ ਵੀ ਚਾਹੇ, ਵੀਜ਼ੇ ਜਾਰੀ ਕਰ ਦੇਵੇ। ਸਿੱਧੂ ਨੂੰ ਲੈ ਕੇ ਸਸਪੈਂਸ ਬਣਿਆ ਰਿਹਾ। ਐਨ ਮੌਕੇ 'ਤੇ ਸਿੱਧੂ ਨੂੰ ਵਿਦੇਸ਼ ਮੰਤਰਾਲਾ ਵਲੋਂ ਪ੍ਰਧਾਨ ਮੰਤਰੀ ਦਫਤਰ ਦੇ ਨਿਰਦੇਸ਼ਾਂ 'ਤੇ ਸਿਆਸੀ ਪ੍ਰਵਾਨਗੀ ਦਿੱਤੀ ਗਈ। ਇਸ ਨੂੰ ਲੈ ਕੇ ਪੰਜਾਬ ਦੀ ਭਾਜਪਾ ਇਕਾਈ 'ਚ ਹੈਰਾਨੀ ਫੈਲ ਗਈ। ਪੰਜਾਬ ਭਾਜਪਾ ਚਾਹੁੰਦੀ ਸੀ ਕਿ ਨਵਜੋਤ ਸਿੱਧੂ ਨੂੰ ਸਾਰੇ ਦ੍ਰਿਸ਼ ਤੋਂ ਲਾਂਭੇ ਰੱਖਿਆ ਜਾਏ ਕਿਉਂਕਿ ਜੇ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਆਗਿਆ ਮਿਲ ਗਈ ਤਾਂ ਉਹ ਹੀਰੋ ਬਣ ਜਾਣਗੇ। ਆਗਿਆ ਮਿਲਣ 'ਤੇ ਉਹੀ ਹੋਣਾ ਸੀ, ਜਿਸ ਦਾ ਪੰਜਾਬ ਭਾਜਪਾ ਨੂੰ ਡਰ ਸੀ। ਸਿੱਧੂ ਦਾ ਪਾਕਿਸਤਾਨ 'ਚ ਸ਼ਾਨਦਾਰ ਸਵਾਗਤ ਹੋਇਆ।

ਭਾਰਤ-ਪਾਕਿ ਸਰਹੱਦ ਤੋਂ ਸਿੱਧੂ ਨੂੰ ਲਿਆਉਣ ਲਈ ਇਮਰਾਨ ਖਾਨ ਨੇ ਆਪਣੀ ਨਿੱਜੀ ਕਾਰ ਭੇਜੀ। ਭਾਰਤ ਵਫਦ ਦੇ ਹੋਰ ਚੋਟੀ ਦੇ ਮੈਂਬਰ ਸਰਹੱਦ ਤੋਂ ਬੱਸ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਤੱਕ ਪੁੱਜੇ। ਉਥੋਂ ਇਹ ਸਾਰੇ ਆਗੂ ਬੱਸ ਰਾਹੀਂ ਹੀ ਵਾਪਸ ਸਰਹੱਦ ਤਕ ਪੁੱਜੇ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਹਨ। ਹੁਣ ਇਸ ਭੇਤ ਤੋਂ ਹੌਲੀ-ਹੌਲੀ ਪਰਦਾ ਹਟ ਰਿਹਾ ਹੈ ਕਿ ਮੋਦੀ ਸਰਕਾਰ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਸਿਆਸੀ ਪ੍ਰਵਾਨਗੀ ਕਿਉਂ ਦਿੱਤੀ। ਭਾਜਪਾ ਦੇ ਕਈ ਚੋਟੀ ਦੇ ਆਗੂ, ਜਿਨ੍ਹਾਂ 'ਚ ਐੱਸ.ਐੱਸ.ਆਹਲੂਵਾਲੀਆਂ ਵੀ ਸ਼ਾਮਲ ਹਨ, ਸਿੱਧੂ ਦੇ ਪਾਕਿਸਤਾਨ ਜਾਣ ਦੀ ਵਿਰੋਧਤਾ ਕਰ ਰਹੇ ਸਨ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਜਪਾ 'ਚ ਜਾਣ ਲਈ ਪਾਰਟੀ ਦਾ ਗੈਰ-ਰਸਮੀ ਤੌਰ 'ਤੇ ਦਰਵਾਜ਼ਾ ਖੜਕਾ ਰਹੇ ਹਨ। ਉਹ ਭਾਜਪਾ ਨੂੰ ਇਹ ਦੱਸਣ ਲਈ ਗੰਭੀਰ ਯਤਨ ਕਰ ਰਹੇ ਹਨ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਸਵਰਗੀ ਆਗੂ ਅਰੁਣ ਜੇਤਲੀ ਦੇ ਕਹਿਣ 'ਤੇ ਬਾਹਰ ਕੱਢਿਆ ਗਿਆ ਸੀ। ਇਹ ਹੁਣ ਇਕ ਬੀਤੇ ਸਮੇਂ ਦੇ ਇਤਿਹਾਸ ਦੀ ਗੱਲ ਹੈ। ਪਾਰਟੀ ਨੂੰ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ। ਉਹ ਭਾਜਪਾ ਲਈ ਲਾਹੇਵੰਦ ਸਾਬਿਤ ਹੋਣਗੇ। ਭਾਜਪਾ ਨੇ ਅਜੇ ਤੱਕ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਹੈ ਅਤੇ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਅੰਦਰੂਨੀ ਸੂਤਰ ਤਾਂ ਇੱਥੋ ਤੱਕ ਦਾਅਵਾ ਕਰਦੇ ਹਨ ਕਿ ਸਿੱਧੂ ਨੇ ਭਾਜਪਾ ਦੇ ਇਕ ਚੋਟੀ ਦੇ ਆਗੂ ਨੂੰ ਬੀਤੇ ਿਦਨੀਂ ਫੋਨ ਵੀ ਕੀਤਾ ਸੀ।

Baljeet Kaur

This news is Content Editor Baljeet Kaur