ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਆਖਿਰ ਗ੍ਰਿਫ਼ਤਾਰ
Saturday, Mar 07, 2026 - 06:01 PM (IST)
ਚੰਡੀਗੜ੍ਹ : ਪੰਜਾਬ ਪੁਲਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅਤੇ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਡਾਲਮ ਨੂੰ ਮੋਲਡੋਵਾ ਦੀ ਸਰਹੱਦ 'ਤੇ ਹਿਰਾਸਤ ਵਿਚ ਲਿਆ ਗਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਿਰਾਸਤ ਪੰਜਾਬ ਪੁਲਸ ਦੀ ਬੇਨਤੀ 'ਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਜਾਰੀ ਕੀਤੇ ਗਏ ਇੰਟਰਪੋਲ ਰੈੱਡ ਨੋਟਿਸ ਦੇ ਅਧਾਰ 'ਤੇ ਹੋਈ ਹੈ। ਅੰਮ੍ਰਿਤਪਾਲ ਸਿੰਘ ਕਾਫੀ ਸਮੇਂ ਤੋਂ ਵਿਦੇਸ਼ ਵਿਚ ਰਹਿ ਕੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਮਹਿੰਗੀ ਹੋ ਗਈ ਸ਼ਰਾਬ, ਨਵੀਂ ਆਬਕਾਰੀ ਨੀਤੀ ਦਾ ਐਲਾਨ
ਅੰਮ੍ਰਿਤਪਾਲ ਸਿੰਘ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਡਾਲਮ ਨੰਗਲ ਦਾ ਰਹਿਣ ਵਾਲਾ ਹੈ। ਉਹ ਗੁਰਦਾਸਪੁਰ ਵਿਚ ਦਰਜ ਨਸ਼ਾ ਤਸਕਰੀ, ਕਤਲ ਅਤੇ ਕਤਲ ਦੀ ਕੋਸ਼ਿਸ਼ ਵਰਗੇ ਘੱਟੋ-ਘੱਟ ਚਾਰ ਗੰਭੀਰ ਮਾਮਲਿਆਂ ਵਿਚ ਲੋੜੀਂਦਾ ਹੈ। ਪੁਲਸ ਅਨੁਸਾਰ ਉਹ ਅੰਮ੍ਰਿਤਸਰ ਖੇਤਰ ਵਿਚ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲਿਆਂ ਵਿਚ ਵੀ ਸਰਗਰਮ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ
ਇਸ ਤੋਂ ਇਲਾਵਾ ਪਿਛਲੇ ਸਾਲ ਨਵੰਬਰ ਵਿਚ ਪੁਲਸ ਨੇ ਅੰਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਟਾਰਗੇਟ ਕਿਲਿੰਗ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਭਾਰਤ ਲਿਆਉਣ ਅਤੇ ਕਾਨੂੰਨ ਦਾ ਸਾਹਮਣਾ ਕਰਵਾਉਣ ਲਈ ਹਵਾਲਗੀ (extradition) ਦੀਆਂ ਕਾਨੂੰਨੀ ਅਤੇ ਡਿਪਲੋਮੈਟਿਕ ਪ੍ਰਕਿਰਿਆਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਪੁਲਸ ਨੇ ਵਿਦੇਸ਼ਾਂ ਵਿਚ ਲੁਕੇ 61 ਗੈਂਗਸਟਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ ਅੰਮ੍ਰਿਤਪਾਲ ਇੱਕ ਹੈ। ਇਨ੍ਹਾਂ ਭਗੌੜਿਆਂ ਨੂੰ ਫੜਨ ਲਈ ਪੰਜਾਬ ਪੁਲਸ ਵੱਲੋਂ ਵਿਸ਼ੇਸ਼ ਤੌਰ 'ਤੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਡੀਆਈਜੀ ਆਸ਼ੀਸ਼ ਚੌਧਰੀ ਕਰ ਰਹੇ ਹਨ। ਪੁਲਸ ਮੁਖੀ ਨੇ ਕਿਹਾ ਕਿ ਇਹ ਹਿਰਾਸਤ ਵਿਦੇਸ਼ਾਂ ਵਿਚ ਬੈਠ ਕੇ ਨਿਆਂ ਤੋਂ ਬਚ ਰਹੇ ਅਪਰਾਧੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਇਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨ 'ਤਾ ਥਾਰ 'ਚ ਬੈਠਾ ਸਰਪੰਚ, ਪੁਲਸ ਨੇ ਸੀਲ ਕੀਤਾ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
