ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
Friday, Aug 28, 2026 - 04:57 PM (IST)
ਚੰਡੀਗੜ੍ਹ: ਪੰਜਾਬ ਵਿਚ ਇਸ ਸਾਲ ਕਮਜ਼ੋਰ ਰਹੇ ਮਾਨਸੂਨ ਨੇ ਸੂਬੇ ਦੇ ਮੁੱਖ ਜਲ ਭੰਡਾਰਾਂ ਲਈ ਚਿੰਤਾ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਸੂਬੇ ਦੇ ਤਿੰਨ ਪ੍ਰਮੁੱਖ ਡੈਮਾਂ—ਭਾਖੜਾ, ਪੌਂਗ ਅਤੇ ਰਣਜੀਤ ਸਾਗਰ—ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਹੇਠਾਂ ਚੱਲ ਰਿਹਾ ਹੈ। ਡੈਮਾਂ ਵਿਚ ਪਾਣੀ ਭਰਨ ਦਾ ਸਰਕਾਰੀ ਸੀਜ਼ਨ 15 ਸਤੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਕਿੱਲਤ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜੇਕਰ ਆਉਣ ਵਾਲੇ ਦੋ ਹਫ਼ਤਿਆਂ ਵਿਚ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਨਹੀਂ ਪੈਂਦਾ, ਤਾਂ ਸਿੰਚਾਈ ਅਤੇ ਬਿਜਲੀ ਉਤਪਾਦਨ 'ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ।
ਸਤਲੁਜ ਦਰਿਆ 'ਤੇ ਬਣੇ ਦੇਸ਼ ਦੇ ਪ੍ਰਮੁੱਖ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਇਸ ਵੇਲੇ 1,634.22 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਇਸੇ ਤਾਰੀਖ਼ ਨੂੰ ਦਰਜ ਕੀਤੇ ਗਏ 1,671.49 ਫੁੱਟ ਦੇ ਪੱਧਰ ਤੋਂ 37.27 ਫੁੱਟ ਘੱਟ ਹੈ। ਇਹ ਪੱਧਰ ਡੈਮ ਦੀ ਕੁੱਲ ਪ੍ਰਵਾਨਿਤ ਸਮਰੱਥਾ (1,680 ਫੁੱਟ) ਤੋਂ ਲਗਭਗ 45.78 ਫੁੱਟ ਹੇਠਾਂ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਭਾਖੜਾ ਵਿਚ ਇਸ ਵੇਲੇ ਕੇਵਲ 3.61 ਬਿਲੀਅਨ ਕਿਊਬਿਕ ਮੀਟਰ (BCM) ਪਾਣੀ ਹੀ ਮੌਜੂਦ ਹੈ, ਜੋ ਕਿ ਕੁੱਲ ਭੰਡਾਰਨ ਸਮਰੱਥਾ ਦਾ ਸਿਰਫ਼ 64 ਪ੍ਰਤੀਸ਼ਤ ਬਣਦਾ ਹੈ। ਇਸ ਦੇ ਮੁਕਾਬਲੇ ਪਿਛਲੇ ਸਾਲ ਇਸੇ ਸਮੇਂ ਡੈਮ 93 ਪ੍ਰਤੀਸ਼ਤ ਭਰਿਆ ਹੋਇਆ ਸੀ ਅਤੇ ਉੱਥੇ 5.25 BCM ਪਾਣੀ ਉਪਲਬਧ ਸੀ। ਇਸ ਵੇਲੇ ਡੈਮ ਦੀ ਲਗਭਗ 2.05 BCM ਸਮਰੱਥਾ ਖਾਲੀ ਪਈ ਹੈ।
ਭਾਖੜਾ ਡੈਮ ਵਿਚ ਪਾਣੀ ਦੀ ਆਮਦ ਲਗਭਗ ਅੱਧੀ ਰਹਿ ਜਾਣ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ। ਇਸ ਸਮੇਂ ਭਾਖੜਾ ਵਿਚ ਰੋਜ਼ਾਨਾ ਪਾਣੀ ਦੀ ਆਮਦ 30,452 ਕਿਊਸਿਕ ਹੈ, ਜੋ ਕਿ ਪਿਛਲੇ ਸਾਲ ਦੀ 58,997 ਕਿਊਸਿਕ ਆਮਦ ਦੇ ਮੁਕਾਬਲੇ ਬਹੁਤ ਘੱਟ ਹੈ। 21 ਮਈ ਤੋਂ ਲੈ ਕੇ ਹੁਣ ਤੱਕ ਡੈਮ ਵਿਚ ਕੁੱਲ 3,108,451 ਕਿਊਸਿਕ ਪਾਣੀ ਦੀ ਆਮਦ ਹੋਈ ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 4,336,875 ਕਿਊਸਿਕ ਸੀ। ਪਾਣੀ ਦੀ ਘੱਟ ਆਮਦ ਦੇ ਮੱਦੇਨਜ਼ਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਵੱਲੋਂ ਡੈਮ ਵਿਚੋਂ ਪਾਣੀ ਛੱਡਣ ਦੀ ਦਰ ਨੂੰ ਵੀ ਘਟਾ ਕੇ 25,518 ਕਿਊਸਿਕ ਕਰ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਇਸੇ ਸਮੇਂ 43,635 ਕਿਊਸਿਕ ਸੀ।
ਬਿਆਸ ਦਰਿਆ 'ਤੇ ਸਥਿਤ ਪੌਂਗ ਡੈਮ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਪੌਂਗ ਡੈਮ ਵਿਚ ਇਸ ਵੇਲੇ ਪਾਣੀ ਦਾ ਪੱਧਰ 1,365.67 ਫੁੱਟ ਹੈ, ਜੋ ਪਿਛਲੇ ਸਾਲ ਦੇ 1,393 ਫੁੱਟ ਦੇ ਮੁਕਾਬਲੇ 27.33 ਫੁੱਟ ਹੇਠਾਂ ਹੈ। ਇਸ ਸਾਲ ਪੌਂਗ ਡੈਮ ਵਿਚ ਭੰਡਾਰਨ 4.10 BCM (71 ਪ੍ਰਤੀਸ਼ਤ) ਹੈ, ਜਦਕਿ ਪਿਛਲੇ ਸਾਲ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਦੇ ਖਤਰੇ ਦੇ ਬਾਵਜੂਦ ਡੈਮ ਵਿੱਚ 6 BCM (104 ਪ੍ਰਤੀਸ਼ਤ) ਤੱਕ ਪਾਣੀ ਸਟੋਰ ਕੀਤਾ ਗਿਆ ਸੀ। ਇਸੇ ਤਰ੍ਹਾਂ ਰਾਵੀ ਦਰਿਆ 'ਤੇ ਸਥਿਤ ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪਾਣੀ ਦਾ ਪੱਧਰ 1,688.94 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੇ 1,728.54 ਫੁੱਟ ਨਾਲੋਂ ਲਗਭਗ 40 ਫੁੱਟ ਘੱਟ ਹੈ।
