40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ
Saturday, May 01, 2021 - 12:18 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਅੱਜ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਆਰੰਭ ਹੋ ਗਏ। ਪੁਰਾਤਨ ਰਹੁ ਰੀਤਾਂ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਤੋਂ ਪਹਿਲਾਂ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਏ ਇਸ ਨਗਰ ਕੀਰਤਨ ਦੌਰਾਨ ਸੰਗਤ ਗੁਰਬਾਣੀ ਜਾਪ ਕਰਦੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚੀ। ਇਸ ਉਪਰੰਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 3 ਮਈ ਨੂੰ ਪਾਏ ਜਾਣਗੇ।
ਕੋਰੋਨਾ ਦੇ ਚੱਲਦਿਆਂ ਵੱਡੇ ਸਮਾਗਮ ਭਾਵੇਂ ਨਹੀਂ ਕੀਤੇ ਜਾ ਰਹੇ ਪਰ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲਣਗੇ ਜਿਸ ਦੌਰਾਨ ਰਾਗੀ, ਢਾਡੀ,ਪ੍ਰਚਾਰਕ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ। 3 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਧਾਰਮਿਕ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਪਹੁੰਚਣਗੇ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਬਲਦੇਵ ਸਿੰਘ ਮੈਨੇਜਰ, ਸੁਖਦੇਵ ਸਿੰਘ ਐਡੀ ਮੈਨੇਜਰ, ਗੁਰਜੀਤ ਸਿੰਘ, ਚਾਨਣ ਸਿੰਘ,ਮਨਮੋਹਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤ ਹਾਜ਼ਰ ਸੀ। ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ, ਕੋਰੋਨਾ ਹਦਾਇਤਾ ਦਾ ਪਾਲਣ ਕਰਨ ਦੀ ਸੰਗਤ ਨੂੰ ਅਪੀਲ ਵੀ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਨਾਲ ਜਿੱਥੇ ਲੰਗਰਾਂ ਦੇ ਪ੍ਰਬੰਧ ਹਨ ਉੱਥੇ ਕੋਰੋਨਾ ਦੇ ਮੱਦੇਨਜ਼ਰ ਮਾਸਕ ਅਤੇ ਸੈਨੇਟਾਇਜਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਹੈ ਇਤਿਹਾਸ
ਆਨੰਦਪੁਰ ਦੇ ਕਿਲੇ ’ਚ ਜੋ 40 ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਅਤੇ ਜਿਨ੍ਹਾਂ ਨੂੰ ਘਰ ਪਹੁੰਚਣ ਤੇ ਘਰ ਦੀਆਂ ਔਰਤਾਂ ਮਿਹਣੇ ਮਾਰੇ ਸਨ। ਇਹ ਚਾਲੀ ਸਿੱਖ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ’ਚ ਉਸ ਸਮੇਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣੀ ਜਾਂਦੀ ਇਸ ਜਗਾਹ ਤੇ ਆ ਕੇ ਗੁਰੂ ਸਾਹਿਬ ਨੂੰ ਮਿਲੇ ਅਤੇ ਮੁਗਲ ਹਕੂਮਤ ਵਿਰੁੱਧ ਜੰਗ ਲੜੀ। ਇਸੇ ਜਗ੍ਹਾ ਉਨ੍ਹਾਂ ਆਪਣਾ ਲਿਖਿਆ ਬੇਦਾਵਾ ਪੜਵਾਇਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆ। ਇਨ੍ਹਾਂ 40 ਸਿੱਖਾਂ ਨੂੰ ਇਤਿਹਾਸ ਵਿਚ 40 ਮੁਕਤਿਆਂ ਵਜੋਂ ਜਾਣਿਆ ਜਾਂਦਾ ਹੈ। ਇਹ 40 ਮੁਕਤਿਆਂ ਦੇ ਕਾਰਨ ਹੀ ਇਸ ਜਗ੍ਹਾ ਦਾ ਨਾਮ ਖਿਦਰਾਣੇ ਤੋਂ ਮੁਕਤਸਰ ਬਣ ਗਿਆ। ਇਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਸਾਲ 21 ਵੈਸਾਖ ਨੂੰ ਮਨਾਇਆ ਜਾਂਦਾ।