ਧਾਰਮਿਕ ਸਜ਼ਾ ਦਾ ਪਹਿਲਾ ਦਿਨ ; ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼
Wednesday, Dec 04, 2024 - 02:08 AM (IST)
ਅੰਮ੍ਰਿਤਸਰ (ਸਰਬਜੀਤ)- ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪਹੁੰਚੇ।
ਇਸ ਦੌਰਾਨ ਉਨ੍ਹਾਂ ਨਾਲ ਹੋਰ ਅਕਾਲੀ ਆਗੂ ਵੀ ਆਪੋ-ਆਪਣੀ ਸਜ਼ਾ ਭੁਗਤਣ ਲਈ ਪਹੁੰਚੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਵਾਲੀ ਸਾਈਡ ’ਤੇ ਸੇਵਾਦਾਰ ਵਾਲਾ ਚੋਲਾ ਪਾ ਕੇ ਸੁਖਬੀਰ ਬਾਦਲ ਨੇ ਹੱਥ ਵਿਚ ਬਰਛਾ ਫੜ ਕੇ ਅਤੇ ਗਲ਼ ਵਿਚ ਤਖ਼ਤੀ ਪਾ ਕੇ ਸੇਵਾ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਸਜ਼ਾ ਦੌਰਾਨ ਸੁਖਬੀਰ ਬਾਦਲ ਨਾਲ ਪੁਲਸ ਫੋਰਸ ਤਾਇਨਾਤ ਰਹਿਣ 'ਤੇ ਖੜ੍ਹੇ ਹੋਏ ਵੱਡੇ ਸਵਾਲ
ਧਾਰਮਿਕ ਸਜ਼ਾ ਦੇ ਪਹਿਲੇ ਦਿਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਸੁਖਦੇਵ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਸੋਹਣ ਸਿੰਘ ਠੰਡਲ ਅਤੇ ਹੋਰ ਵੀ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਜੂਠੇ ਬਰਤਨ ਧੋਣ ਦੇ ਨਾਲ-ਨਾਲ ਪਖਾਨਿਆਂ ਨੂੰ ਸਾਫ ਕਰਨ ਦੀ ਸੇਵਾ ਕਰਦੇ ਦਿਖਾਈ ਦਿੱਤੇ। ਉਪਰੰਤ ਸਾਰਿਆਂ ਨੇ ਇਸ਼ਨਾਨ ਕਰ ਕੇ ਗੁਰੂ ਘਰ ਵਿਚ ਬੈਠ ਕੇ ਕੀਰਤਨ ਸੁਣਿਆ।
ਬੀਬੀ ਜਗੀਰ ਕੌਰ ਨੇ ਆਪਣੀ ਸੇਵਾ ਦੌਰਾਨ ਜਿੱਥੇ ਬੀਬੀਆਂ ਵਾਲੇ ਬਾਥਰੂਮ ਸਾਫ ਕੀਤੇ, ਉੱਥੇ ਹੀ ਉਨ੍ਹਾਂ ਨੇ ਲੰਗਰ ਹਾਲ ਵਿਖੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਅਤੇ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਦਫਤਰ ਵਿਖੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਸਜ਼ਾ ਵਿਚ ਇਹ ਹੁਕਮ ਦਿੱਤਾ ਗਿਆ ਸੀ ਕਿ ਡੇਰਾ ਸੱਚਾ ਸੌਦਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ ਸਣੇ ਅਕਾਊਂਟ ਬ੍ਰਾਂਚ ਵਿਚ ਜਮ੍ਹਾ ਕਰਵਾਇਆ ਜਾਵੇ। ਜਥੇਦਾਰ ਸਾਹਿਬ ਨੇ ਫਸੀਲ ਤੋਂ ਹੁਕਮ ਦਿੱਤਾ ਸੀ ਕਿ ਇਸ ਰਕਮ ਦੀ ਪੂਰਤੀ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆ ਕੋਲੋਂ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8