ਰਾਜਸਥਾਨ ਦੇ ਘਟਨਾਕ੍ਰਮ ਦਾ ਅਸਰ ਪੰਜਾਬ ''ਤੇ ਪੈਣ ਦੀ ਪੂਰੀ ਸੰਭਾਵਨਾ!
Friday, Jul 17, 2020 - 04:16 PM (IST)
ਪਠਾਨਕੋਟ (ਸ਼ਾਰਦਾ) : ਕੋਰੋਨਾ ਆਫ਼ਤ ਕਾਰਣ ਪੰਜਾਬ ਸਰਕਾਰ ਲਈ ਸਾਲ 2020 ਜਿਥੇ ਪੂਰੀ ਤਰ੍ਹਾਂ ਨਾਲ ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਬੇਕਾਰ ਰਿਹਾ, ਉਥੇ ਹੀ ਪੰਜਾਬ 'ਚ ਮੁੜ ਆਪਣੀ ਸਰਕਾਰ ਲਿਆਉਣ ਦੇ ਆਪਣੇ ਮਕਸਦ 'ਚ ਵੀ ਕਾਂਗਰਸ ਪਾਰਟੀ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਸਾਲ 2021 ਇਕ ਤਰ੍ਹਾਂ ਨਾਲ ਚੋਣ ਸਾਲ ਹੈ। ਹਾਈਕਮਾਨ ਦੀ ਫੈਸਲੇ ਲੈਣ 'ਚ ਦੇਰੀ ਦਾ ਅਸਰ ਹੁਣ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ 'ਤੇ ਸਾਫ਼ ਤੌਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਰਹੀ-ਸਹੀ ਕਸਰ ਰਾਜਸਥਾਨ 'ਚ ਚੱਲ ਰਹੇ ਰਾਜਨੀਤਿਕ ਘਟਨਾਕ੍ਰਮ ਨੇ ਕੱਢ ਕੇ ਰੱਖ ਦਿੱਤੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਡਿਪਟੀ ਮੁੱਖ-ਮੰਤਰੀ ਸਚਿਨ ਪਾਇਲਟ ਜੋ ਕਿ ਰਾਜਸਥਾਨ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਵੀ ਹਨ, 'ਚ ਚੱਲ ਰਹੀ ਜੰਗ ਦਾ ਸਾਫ ਅਸਰ ਪੰਜਾਬ ਦੇ ਕਾਂਗਰਸੀਆਂ ਅਤੇ ਯੁਵਾ ਵਰਕਰਾਂ 'ਤੇ ਪੈਂਦਾ ਦੇਖਿਆ ਜਾ ਸਕਦਾ ਹੈ। ਵਰਕਰਾਂ ਅਤੇ ਲੋਕਾਂ ਦੇ ਮਨ 'ਚ ਇਹ ਗੱਲ ਹੋਰ ਡੂੰਘੀ ਹੁੰਦੀ ਜਾਂਦੀ ਹੈ ਕਿ ਕਾਂਗਰਸ ਦਾ ਹੁਣ ਕੋਈ ਭਵਿੱਖ ਨਹੀਂ, ਇਸ ਲਈ ਆਪਣੇ ਸੁਨਹਿਰੇ ਭਵਿੱਖ ਲਈ ਯੁਵਾ ਵਰਗ ਕਿਸੇ ਹੋਰ ਦਲ ਵਿੱਚ ਜਾਣ ਬਾਰੇ ਸੋਚ ਸਕਦਾ ਹੈ।
ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕਾਂਗਰਸ ਸਰਕਾਰ ਕਦੋਂ ਤੱਕ ਰਾਜਸਥਾਨ 'ਚ ਟਿਕੇਗੀ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ
ਪੰਜਾਬ ਦੇ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ ਵਿੱਚ ਭਾਵੇਂ ਲੈਫ਼ਟੀਨੈਂਟ ਗਵਰਨਰ ਤਾਇਨਾਤ ਹਨ ਪਰ ਉਹ ਭਾਜਪਾ ਦੀ ਕੇਂਦਰੀ ਸਰਕਾਰ ਦੇ ਅਧੀਨ ਹੀ ਹੈ, ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਚੋਣਾਂ ਵੀ ਪੰਜਾਬ ਤੋਂ ਬਾਅਦ ਹੀ ਹੋਣੀਆਂ, ਉਥੇ ਵੀ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਦਲਾਂ ਨੂੰ ਮਦਦ ਮਿਲਣਾ ਤਹਿ ਹੈ। ਕਾਂਗਰਸ ਦੀ ਇਕਮਾਤਰ ਉਮੀਦ ਰਾਜਸਥਾਨ ਸੀ, ਜਿਥੇ ਪਾਰਟੀ ਹੁਣ 2 ਗੁਟਾਂ ਵਿੱਚ ਵੰਡੀ ਜਾ ਚੁੱਕੀ ਹੈ। ਕਾਂਗਰਸ ਸਰਕਾਰ ਕਦੋਂ ਤੱਕ ਰਾਜਸਥਾਨ ਵਿੱਚ ਟਿਕੀ ਰਹੇਗੀ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ ਪਰ ਕਾਂਗਰਸ ਪਾਰਟੀ ਦੇ ਧਰੁਵ ਤਾਰੇ ਜਿਓਤਰਦਿਤਿਆ ਸਿੰਧੀਆ ਦੇ ਬਾਅਦ ਸਚਿਨ ਪਾਇਲਟ ਦਾ ਪਾਰਟੀ ਤੋਂ ਮੋਹ ਭੰਗ ਹੋ ਜਾਣਾ ਕਾਂਗਰਸ ਲਈ ਕੋਈ ਸ਼ੁੱਭ ਸੰਕੇਤ ਨਹੀਂ ਹੈ। ਇਸ ਦਾ ਪ੍ਰਭਾਵ ਪੰਜਾਬ ਕਾਂਗਰਸ ਦੇ ਯੁਵਾ ਨੇਤਾਵਾਂ 'ਤੇ ਪੈਣਾ ਲਾਜ਼ਮੀ ਹੈ। ਪੰਜਾਬ ਵਿੱਚ ਚਾਹੇ ਕੈਪਟਨ ਅਮਰਿੰਦਰ ਸਿੰਘ ਮਜ਼ਬੂਤ ਨੇਤਾ ਅਤੇ 'ਵਨ ਮੈਨ ਆਰਮੀ' ਹਨ ਪਰ ਫਿਰ ਵੀ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਅਤੇ ਕਈ ਹੋਰ ਨੇਤਾ, ਜੋ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਰੁੱਸੇ ਹਨ, ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।
ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਪਿਛਲੇ ਸਾਲ ਮਈ ਮਹੀਨੇ ਦੀਆਂ ਚੋਣਾਂ ਦੇ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਹਾਲਾਤ ਅਜਿਹੇ ਹਨ ਕਿ ਉਹ ਨਾ ਤਾਂ ਆਪਣਾ ਪੁਨਰਗਠਨ ਕਰ ਪਾਈ ਅਤੇ ਨਾ ਹੀ ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਆਪਣੀਆਂ ਕਮੇਟੀਆਂ ਬਣਾ ਸਕੀ। ਨਵੇਂ ਲੋਕਾਂ ਨੂੰ ਲੈ ਕੇ ਜੋ ਟੀਮ ਇਸ ਸਮੇਂ ਮੈਦਾਨ ਵਿੱਚ ਹੋਣੀ ਚਾਹੀਦੀ ਸੀ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ। ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪ੍ਰਦੇਸ਼ ਅਤੇ ਜ਼ਿਲ੍ਹੇ ਦੀਆਂ ਸੂਚੀਆਂ ਜੋ ਹਾਈਕਮਾਨ ਦੇ ਕੋਲ ਪਈਆਂ ਹਨ, ਘੋਸ਼ਿਤ ਨਹੀਂ ਹੋ ਪਾਈਆਂ। ਹੁਣ ਇਨ੍ਹਾਂ 'ਤੇ ਜੇਕਰ ਰਾਜਸਥਾਨ ਦਾ ਸਾਇਆ ਪੈਂਦਾ ਹੈ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਂਗਰਸ ਦੇ ਵਰਕਰਾਂ ਵਿੱਚ ਕਿੰਨੀ ਜ਼ਿਆਦਾ ਨਿਰਾਸ਼ਾ ਆਉਣ ਵਾਲੀ ਹੈ।
ਇਹ ਵੀ ਪੜ੍ਹੋ : ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼
ਕਾਂਗਰਸ ਪਾਰਟੀ ਦੇ ਹੱਥਾਂ 'ਚੋਂ ਨਿਕਲਦਾ ਜਾ ਰਿਹਾ ਸਮਾਂ
ਉਥੇ ਹੀ ਦੂਜੇ ਪਾਸੇ ਅਕਾਲੀ ਦਲ (ਬਾਦਲ), ਅਕਾਲੀ ਦਲ (ਡੈਮੋਕ੍ਰੇਟਿਵ), ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਿਨ ਪ੍ਰਤੀ ਦਿਨ ਜਿੰਨਾ ਸੰਭਵ ਹੈ ਆਪਣੇ-ਆਪਣੇ ਦਲਾਂ ਨੂੰ ਮਜ਼ਬੂਤ ਕਰਨ ਲਈ ਹੱਥ-ਪੈਰ ਮਾਰ ਰਹੀ ਹੈ। ਸਮਾਂ ਤੇਜ਼ੀ ਨਾਲ ਕਾਂਗਰਸ ਪਾਰਟੀ ਦੇ ਹੱਥਾਂ 'ਚੋਂ ਨਿਕਲਦਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਨਵੰਬਰ-ਦਸੰਬਰ ਤੱਕ ਕਿਤੇ ਜਾਣ ਵਾਲਾ ਨਹੀਂ ਹੈ ਅਤੇ ਕਾਂਗਰਸ ਨੂੰ ਸਰਕਾਰ ਦੇ ਨਾਲ-ਨਾਲ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰਨਾਂ ਪਾਰਟੀਆਂ ਵਾਂਗ ਕੋਰੋਨਾ ਦੇ ਨਾਲ ਹੀ ਚਲਾਉਣੀਆਂ ਪੈਣਗੀਆਂ। ਜੇਕਰ ਕਾਂਗਰਸ ਆਪਣੇ ਵਰਕਰਾਂ ਨੂੰ ਰਾਜਨੀਤਿਕ-ਸਮਾਜਿਕ ਗਤੀਵਿਧੀਆਂ ਵਿੱਚ ਨਹੀਂ ਲਾ ਪਾਉਂਦੀ ਤਾਂ ਉਹ ਭਾਰੀ ਨਿਰਾਸ਼ਾ ਵਿੱਚ ਚਲੇ ਜਾਣਗੇ ਅਤੇ ਅਜਿਹੀ ਸਥਿਤੀ ਦਾ ਲਾਭ ਲੈਣ ਲਈ ਦੂਜੀਆਂ ਪਾਰਟੀਆਂ ਵਾਲੇ ਹਮੇਸ਼ਾ ਤਿਆਰ ਰਹਿੰਦੇ ਹਨ।
ਜਿਸ ਤਰ੍ਹਾਂ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਸਰਕਾਰ ਤੋਂ ਆਪਣੀ ਜ਼ੈੱਡ ਸਕਿਓਰਿਟੀ ਬਹਾਲ ਕਰਵਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਸਿਆਸੀ ਮਾਹਿਰ ਉਸ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਬਾਜਵਾ ਦਾਅਵਾ ਕਰ ਚੁੱਕੇ ਹਨ ਕਿ ਸਾਲ 2022 ਵਿੱਚ ਉਹ ਚੁੱਪ ਬੈਠਣ ਵਾਲੇ ਨਹੀਂ ਹਨ, ਇਸ ਲਈ ਰਾਜਨੀਤੀ ਵਿੱਚ ਉਹ ਕਿਸ ਤਰ੍ਹਾਂ ਨਾਲ ਆਪਣੀ ਸ਼ਤਰੰਜ ਵਿਛਾਉਂਦੇ ਹਨ, ਉਸ 'ਤੇ ਲੋਕਾਂ ਦੀਆਂ ਨਜ਼ਰਾਂ ਹਨ।
ਨਵਜੋਤ ਸਿੰਘ ਸਿੱਧੂ ਵੀ ਨਿਸ਼ਚਿਤ ਤੌਰ 'ਤੇ ਮੱਧ-ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਰਾਹੁਲ ਗਾਂਧੀ ਦੇ ਕਰੀਬੀਆਂ ਦੇ ਹੋਏ ਹਸ਼ਰ ਦੇ ਬਾਅਦ ਚਿੰਤਿਤ ਹੋਣਗੇ ਕਿਉਂਕਿ ਕਾਂਗਰਸ ਵਿੱਚ ਉਨ੍ਹਾਂ ਦੀ ਸਾਰੀ ਰਾਜਨੀਤੀ ਰਾਹੁਲ, ਪ੍ਰਿਯੰਕਾ ਗਾਂਧੀ ਦੇ ਆਲੇ-ਦੁਆਲੇ ਟਿਕੀ ਹੋਈ ਹੈ। ਜੇਕਰ ਉਨ੍ਹਾਂ ਨੂੰ ਕਾਂਗਰਸੀ ਹਾਈਕਮਾਨ ਵੱਲੋਂ ਕੋਈ ਮਜ਼ਬੂਤ ਸਪੋਰਟ ਨਹੀਂ ਮਿਲੀ ਤਾਂ ਪ੍ਰਦੇਸ਼ ਕਾਂਗਰਸ ਵਿੱਚ ਆਪਣਾ ਸਰਵਉੱਚ ਸਥਾਨ ਬਨਾਉਣਾ ਉਨ੍ਹਾਂ ਲਈ ਲਗਭਗ ਅਸੰਭਵ ਹੈ।