ਲੁਧਿਆਣਾ ''ਚ ਫੜਿਆ ਗਿਆ ਪਖੰਡੀ ਬਾਬਾ, ਕਾਰਾ ਜਾਣ ਰਹਿ ਜਾਓਗੇ ਦੰਗ
Friday, Nov 20, 2026 - 05:48 PM (IST)
ਲੁਧਿਆਣਾ (ਰਾਜ)- ਤਾਜਪੁਰ ਰੋਡ ਸਥਿਤ ਸੀ. ਜੇ. ਜਿਊਲਰਜ਼ ’ਤੇ ਇਕ ਨੌਜਵਾਨ ਨੂੰ ਹਿਪਨੋਟਾਈਜ਼ ਕਰ ਕੇ ਕਰੀਬ 3 ਲੱਖ ਰੁਪਏ ਦੇ ਸੋਨੇ ਤੇ ਡਾਇਮੰਡ ਦੇ ਗਹਿਣੇ ਲੈ ਕੇ ਫ਼ਰਾਰ ਹੋਣ ਵਾਲੇ ਸ਼ਾਤਰ ਢੋਂਗੀ ਬਾਬੇ ਅਤੇ ਉਸ ਦੇ ਸਾਥੀ ਨੂੰ ਸ਼ਹਿਰ ਦੇ ਸੁਨਿਆਰਿਆਂ ਦੀ ਏਕਤਾ ਤੇ ਸੂਝ-ਬੂਝ ਨੇ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਲਾਲ ਕੱਪੜੇ ਪਹਿਨੀ ਇਕ ਢੋਂਗੀ ਬਾਬਾ ਸੀ. ਜੇ. ਜਿਊਲਰਜ਼ ’ਚ ਦਾਖ਼ਲ ਹੋਇਆ। ਉਸ ਨੇ ਦੁਕਾਨ ’ਤੇ ਮੌਜੂਦ ਨੌਜਵਾਨ ਮੁਨੀਸ਼ ਤੋਂ ਪਹਿਲਾਂ ਖਾਣਾ ਮੰਗਿਆ ਅਤੇ ਫਿਰ ਗੰਭੀਰ ਕਸ਼ਟ ਦੂਰ ਕਰਨ ਦਾ ਝਾਂਸਾ ਦੇ ਕੇ ਉਸ ਨੂੰ ਆਪਣੀਆਂ ਗੱਲਾਂ ਦੇ ਮਾਇਆਜਾਲ ਵਿਚ ਇਸ ਕਦਰ ਉਲਝਾਇਆ ਕਿ ਮੁਨੀਸ਼ ਨੇ ਖ਼ੁਦ ਹੀ ਕਾਊਂਟਰ ਤੋਂ ਕਰੀਬ 3 ਲੱਖ ਰੁਪਏ ਦੇ ਗਹਿਣੇ ਕੱਢ ਕੇ ਬਾਬੇ ਨੂੰ ਸੌਂਪ ਦਿੱਤੇ। ਠੱਗੀ ਦਾ ਅਹਿਸਾਸ ਹੋਣ ’ਤੇ ਦੁਕਾਨ ਮਾਲਕ ਵਿਕਾਸ ਅਤੇ ਪੀੜਤ ਮੁਨੀਸ਼ ਨੇ ਸੀ. ਸੀ. ਟੀ. ਵੀ. ਫੁਟੇਜ ਖੰਘਾਲੀ, ਜਿਸ ਵਿਚ ਦੋਵੇਂ ਮੁਲਜ਼ਮਾਂ ਦੇ ਚਿਹਰੇ ਸਾਫ਼ ਕੈਦ ਹੋ ਗਏ ਸਨ।
ਵ੍ਹਟਸਐਪ ਗਰੁੱਪ ਵਿਚ ਫੁਟੇਜ ਵਾਇਰਲ, ਸਰਾਫ਼ਾ ਬਾਜ਼ਾਰ ਵਿਚ ਸ਼ਿਕਾਰ ਲੱਭਦੇ ਸਮੇਂ ਵਿਛਿਆ ਜਾਲ
ਤਾਜਪੁਰ ਰੋਡ ਦੇ ਵਪਾਰੀਆਂ ਨੇ ਤੁਰੰਤ ਸੀ. ਸੀ. ਟੀ. ਵੀ. ਫੁਟੇਜ ਸੁਨਿਆਰਿਆਂ ਦੇ ਵ੍ਹਟਸਐਪ ਗਰੁੱਪਾਂ ਵਿਚ ਸਾਂਝੀ ਕਰ ਕੇ ਸਭ ਨੂੰ ਚੌਕਸ ਕਰ ਦਿੱਤਾ। ਦੂਜੇ ਪਾਸੇ ਵਾਰਦਾਤ ਤੋਂ ਬਾਅਦ ਦੋਵੇਂ ਠੱਗ ਨਵਾਂ ਸ਼ਿਕਾਰ ਫਸਾਉਣ ਦੇ ਇਰਾਦੇ ਨਾਲ ਸ਼ਹਿਰ ਦੇ ਵਿਅਸਤ ਸਰਾਫ਼ਾ ਬਾਜ਼ਾਰ ਦੀ ਇਕ ਦੁਕਾਨ ਵਿਚ ਦਾਖ਼ਲ ਹੋਏ ਅਤੇ ਉਥੇ ਵੀ ਦੁਕਾਨਦਾਰ ਨੂੰ ਗੱਲਾਂ ਵਿਚ ਉਲਝਾਉਣ ਲੱਗੇ।
ਦੁਕਾਨਦਾਰ ਦੀ ਚਤੁਰਾਈ ਨਾਲ ਫੜੇ ਗਏ ਦੋਵੇਂ ਠੱਗ, ਫੁਟੇਜ ਦੇਖਦੇ ਹੀ ਕਬੂਲਿਆ ਜੁਰਮ
ਸਰਾਫ਼ਾ ਬਾਜ਼ਾਰ ਦੇ ਦੁਕਾਨਦਾਰ ਨੇ ਇਕ ਰਾਤ ਪਹਿਲਾਂ ਹੀ ਵ੍ਹਟਸਐਪ ਗਰੁੱਪ ਵਿਚ ਵਾਇਰਲ ਵੀਡੀਓ ਦੇਖੀ ਸੀ। ਉਸ ਨੇ ਲਾਲ ਕੱਪੜਿਆਂ ਤੇ ਹੁਲੀਏ ਤੋਂ ਠੱਗਾਂ ਨੂੰ ਤੁਰੰਤ ਪਛਾਣ ਲਿਆ। ਦੁਕਾਨਦਾਰ ਨੇ ਬਿਨਾਂ ਘਬਰਾਏ ਉਨ੍ਹਾਂ ਨੂੰ ਗੱਲਾਂ ਵਿਚ ਉਲਝਾਈ ਰੱਖਿਆ ਅਤੇ ਚੁੱਪ-ਚਾਪ ਫੋਨ ਕਰ ਕੇ ਤਾਜਪੁਰ ਰੋਡ ਦੇ ਵਪਾਰੀਆਂ ਨੂੰ ਬੁਲਾ ਲਿਆ। ਮੌਕੇ ’ਤੇ ਪੁੱਜੇ ਮੁਨੀਸ਼ ਅਤੇ ਸਾਥੀ ਸੁਨਿਆਰਿਆਂ ਨੇ ਘੇਰਾਬੰਦੀ ਕਰ ਕੇ ਦੋਵਾਂ ਨੂੰ ਦਬੋਚ ਲਿਆ, ਜਿਨ੍ਹਾਂ ਨੇ ਫੁਟੇਜ ਦੇਖਦਿਆਂ ਹੀ ਆਪਣਾ ਜੁਰਮ ਕਬੂਲ ਕਰ ਲਿਆ।
ਰਿਕਵਰੀ ’ਤੇ ਠੱਗਾਂ ਦਾ ਚੌਂਕਾ ਦੇਣ ਵਾਲਾ ਝੂਠ- ਲੜਕੀਆਂ ਨੂੰ ਦਾਨ ਕਰ ਦਿੱਤਾ ਸਾਰਾ ਸੋਨਾ
ਪੁਲਸ ਹਵਾਲੇ ਕੀਤੇ ਜਾਣ ’ਤੇ ਜਦੋਂ ਗਹਿਣਿਆਂ ਦੀ ਬਰਾਮਦਗੀ ਬਾਰੇ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਠੱਗਾਂ ਨੇ ਪੁਲਸ ਨੂੰ ਗੁੰਮਰਾਹ ਕਰਦਿਆਂ ਬੇਤੁਕਾ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਰਾ ਸੋਨਾ ਰਾਹ ਜਾਂਦੀਆਂ ਲੜਕੀਆਂ ਨੂੰ ਦਾਨ ਕਰ ਦਿੱਤਾ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਗਹਿਣਿਆਂ ਦੀ ਰਿਕਵਰੀ ਲਈ ਪੁੱਛਗਿੱਛ ਤੇਜ਼ ਕਰ ਦਿੱਤੀ ਹੈ।
