ਸੂਏ ਵਿਚ ਜਾ ਡਿੱਗਿਆ ਚਾਵਲਾਂ ਨਾਲ ਭਰਿਆ ਟਰੱਕ! ਲੱਖਾਂ ਰੁਪਏ ਦਾ ਨੁਕਸਾਨ

Sunday, Aug 23, 2026 - 06:19 PM (IST)

ਸੂਏ ਵਿਚ ਜਾ ਡਿੱਗਿਆ ਚਾਵਲਾਂ ਨਾਲ ਭਰਿਆ ਟਰੱਕ! ਲੱਖਾਂ ਰੁਪਏ ਦਾ ਨੁਕਸਾਨ

ਫ਼ਤਿਹਗੜ੍ਹ ਸਾਹਿਬ (ਵਿਪਨ): ਪਿੰਡ ਆਲਮਪੁਰ ਨੇੜੇ ਚਾਵਲਾਂ ਦੀਆਂ ਬੋਰੀਆਂ ਨਾਲ ਲੱਦਿਆ ਇਕ ਟਰੱਕ ਬੇਕਾਬੂ ਹੋ ਕੇ ਸੂਏ ਵਿਚ ਜਾ ਡਿੱਗਿਆ। ਹਾਲਾਂਕਿ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।

ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਬਸੀ ਪਠਾਣਾ ਤੋਂ ਸਪੈਸ਼ਲ ਚਾਵਲਾਂ ਦੇ ਬੋਰੇ ਲੱਦ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਆਲਮਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਸੂਏ ਨੇੜੇ ਨਹਾ ਰਹੇ ਬੱਚਿਆਂ ਅਤੇ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਟਰੱਕ ਦਾ ਸੰਤੁਲਨ ਵਿਗੜ ਗਿਆ। ਟਰੱਕ ਸੂਏ ਦੀ ਕੰਧ ਨਾਲ ਜਾ ਟਕਰਾਇਆ, ਜਿਸ ਨਾਲ ਕੰਧ ਟੁੱਟ ਗਈ ਅਤੇ ਟਰੱਕ ਸਿੱਧਾ ਸੂਏ ਵਿਚ ਜਾ ਡਿੱਗਿਆ।  

​ਇਸ ਹਾਦਸੇ ਕਾਰਨ ਟਰੱਕ ਵਿਚ ਲੱਦੀਆਂ ਚਾਵਲਾਂ ਦੀਆਂ ਕਈ ਬੋਰੀਆਂ ਪਾਣੀ ਵਿਚ ਡਿੱਗ ਕੇ ਖ਼ਰਾਬ ਹੋ ਗਈਆਂ। ਡਰਾਈਵਰ ਮੁਤਾਬਕ ਇਸ ਘਟਨਾ ਵਿਚ ਲੱਖਾਂ ਰੁਪਏ ਦੇ ਚਾਵਲਾਂ ਦਾ ਨੁਕਸਾਨ ਹੋਇਆ ਹੈ ਅਤੇ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉੱਧਰ, ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਸੜਕ ਕਾਫ਼ੀ ਭੀੜੀ (ਤੰਗ) ਹੈ, ਜਿਸ ਕਾਰਨ ਇੱਥੇ ਆਏ ਦਿਨ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਨੇ ਸੜਕ ਨੂੰ ਚੌੜਾ ਕਰਨ ਦੀ ਮੰਗ ਕੀਤੀ ਹੈ।


author

Anmol Tagra

Content Editor

Related News