'ਆਪ' ਦੀ ਡੁੱਬਦੀ ਬੇੜੀ ਨੂੰ ਕਾਂਗਰਸ ਨਹੀਂ ਬਚਾ ਸਕੇਗੀ : ਹਰਸਿਮਰਤ ਕੌਰ ਬਾਦਲ
Monday, Jun 11, 2018 - 11:45 AM (IST)
ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) — ਆਮ ਆਦਮੀ ਪਾਰਟੀ ਆਪਣੀ ਖੁੱਸ ਚੁੱਕੀ ਸਾਖ ਨੂੰ ਦੇਖਦਿਆਂ ਹੁਣ ਕਾਂਗਰਸ ਨਾਲ ਰਲ ਕੇ ਗਠਜੋੜ ਕਰਨ ਦੀ ਤਿਆਰੀ ਕਰੀ ਬੈਠੇ ਹਨ ਪਰ ਅਜਿਹੇ ਮੌਕਾਪ੍ਰਸਤ ਆਗੂਆਂ ਬਾਰੇ ਹੁਣ ਲੋਕ ਭਲੀ-ਭਾਂਤ ਜਾਗਰੂਕ ਹੋ ਚੁੱਕੇ ਹਨ, ਇਹ ਸ਼ਬਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਬੀਬੀ ਬਾਦਲ ਸ਼ਹਿਰ ਦੇ ਯੂਥ ਆਗੂ ਜਗਤਾਰ ਸਿੰਘ ਬਿੱਲਾ ਨਾਲ ਉਨ੍ਹਾਂ ਦੇ ਪਿਤਾ ਸਵ : ਲਾਲ ਸਿੰਘ ਦੀ ਮੌਤ ਸੰਬੰਧੀ ਦੁੱਖ ਪ੍ਰਗਟ ਕਰਨ ਪੁੱਜੇ ਸਨ। ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਗਠਜੋੜ ਦਾ ਪੰਜਾਬ ਸਮੇਤ ਦੇਸ਼ ਦੀ ਰਾਜਨੀਤੀ 'ਤੇ ਕੋਈ ਬਹੁਤਾ ਪ੍ਰਭਾਵ ਨਹੀ ਪਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕੁਝ ਸਾਲ ਪਹਿਲਾਂ ਆਪਣੇ ਆਪ ਨੂੰ ਇਕ ਬਹੁਤ ਵੱਡਾ ਸਿਧਾਂਤਕ ਆਗੂ ਪੇਸ਼ ਕਰਕੇ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਸੀ, ਜਿਸ ਸਦਕਾ ਉਹ ਦਿੱਲੀ ਦਾ ਮੁੱਖ ਮੰਤਰੀ ਬਣਨ 'ਚ ਕਾਮਯਾਬ ਹੋਇਆ ਸੀ ਪਰ ਥੋੜੇ ਸਮੇਂ 'ਚ ਹੀ ਇਸ ਦੇ ਆਗੂਆਂ ਵੱਲੋਂ ਪੰਜਾਬ ਅੰਦਰ ਕੀਤੇ ਭ੍ਰਿਸ਼ਟਾਚਾਰੀ ਕਾਰਨਾਮਿਆਂ ਸਦਕਾ ਇਹ ਪਾਰਟੀ ਹਾਸ਼ੀਏ ਤੇ ਆ ਚੁੱਕੀ ਹੈ ਅਤੇ ਹੁਣ ਡੁੱਬਦੀ ਬੇੜੀ ਨੂੰ ਬਚਾਉਣ ਲਈ ਕਾਂਗਰਸ ਦਾ ਸਹਾਰਾ ਲੈਣ ਦੀ ਤਾਕ 'ਚ ਹਨ ਪਰ ਕੇਜਰੀਵਾਲ ਇਹ ਨਹੀਂ ਜਾਣਦੇ ਪਹਿਲਾਂ ਤੋਂ ਹੀ ਡੁੱਬੀ ਪਈ ਕਾਂਗਰਸ ਉਸ ਨੂੰ ਕੀ ਤਾਰੇਗੀ ।
ਇਸ ਦੌਰਾਨ ਉਨ੍ਹਾਂ ਨੇ ਮਾਨਸਾ ਦੇ ਕੌਂਸਲਰ ਰਾਜੂ ਦਰਾਕਾ ਦੇ ਦਾਦਾ ਗੁਰਦੇਵ ਸਿੰਘ ਦੀ ਬੇਵਕਤੀ ਮੌਤ 'ਤੇ ਦਰਾਕਾ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਮੌਕੇ ਮਹੰਤ ਅਮ੍ਰਿਤ ਮੁਨੀ ਜੀ, ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ ਤੋਂ ਇਲਾਵਾ ਹੋਰ ਵੀ ਮੋਜੂਦ ਸਨ।
