''ਆਪ'' ਅੱਜ ਕਰੇਗੀ ਪੰਜ ਲੋਕਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

Tuesday, Oct 30, 2018 - 01:42 AM (IST)

''ਆਪ'' ਅੱਜ ਕਰੇਗੀ ਪੰਜ ਲੋਕਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਚੰਡੀਗੜ੍ਹ,(ਰਮਨਜੀਤ)— ਆਮ ਆਦਮੀ ਪਾਰਟੀ ਪੰਜਾਬ 'ਚ ਅਗਲੀਆਂ ਲੋਕਸਭਾ ਚੋਣਾਂ ਦੀ ਜ਼ਮੀਨ ਹੁਣੇ ਤੋਂ ਤਿਆਰ ਕਰਨਾ ਸ਼ੁਰੂ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਆਪ ਕੌਰ ਕਮੇਟੀ ਨੇ ਐਲਾਨ ਕੀਤਾ ਸੀ ਕਿ ਨਵੰਬਰ ਮਹੀਨੇ ਦੇ ਅੰਤ ਤੱਕ ਅੱਧੀਆਂ ਲੋਕਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਲਏ ਜਾਣਗੇ ਅਤੇ ਦਸੰਬਰ ਅੰਤ ਤੱਕ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਵੇਗਾ। ਮੰਗਲਵਾਰ ਨੂੰ ਆਪ ਪੰਜਾਬ ਦੀ ਕੌਰ ਕਮੇਟੀ ਵਲੋਂ ਪ੍ਰੈੱਸ ਕਾਨਫਰੰਸ ਸੱਦ ਲਈ ਗਈ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ 'ਚ ਪੰਜ ਉਮੀਦਵਾਰਾਂ ਦੇ ਨਾਮ ਸਰਵਜਨਕ ਕੀਤੇ ਜਾਣਗੇ ।

ਪਾਰਟੀ ਸੂਤਰਾਂ ਮੁਤਾਬਕ ਐਤਵਾਰ ਨੂੰ ਪੰਜਾਬ ਆਪ ਕੌਰ ਕਮੇਟੀ ਦੇ ਮੈਂਬਰਾਂ ਦੀ ਦਿੱਲੀ 'ਚ ਹਾਈਕਮਾਨ ਨਾਲ ਬੈਠਕ ਤੈਅ ਕੀਤੀ ਗਈ ਸੀ ਅਤੇ ਇਸ 'ਚ ਆਪ ਕੌਰ ਕਮੇਟੀ ਮੈਂਬਰ ਕਮੇਟੀ ਦੇ ਚੇਅਰਮੈਨ ਬੁੱਧਰਾਮ ਦੀ ਅਗਵਾਈ 'ਚ ਦਿੱਲੀ ਪੁੱਜੇ ਸਨ। ਜਾਣਕਾਰੀ ਮੁਤਾਬਕ ਬੈਠਕ 'ਚ ਅਗਲੀ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕੀਤੀ ਗਈ ਅਤੇ ਹਾਈਕਮਾਨ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜ ਲੋਕਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੀ ਤਿਆਰੀ ਪੂਰੀ ਕਰ ਲਈ ਗਈ ਹੈ। 

ਸੂਤਰਾਂ ਮੁਤਾਬਿਕ ਲੋਕਸਭਾ ਚੋਣਾਂ ਲਈ ਪਹਿਲੀ ਸੂਚੀ 'ਚ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਤੇ ਫਰੀਦਕੋਟ ਤੋਂ ਸਾਂਸਦ ਪ੍ਰੋ. ਸਾਧੂ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੇ ਦੋ ਹੋਰ ਮੌਜੂਦਾ ਸਾਂਸਦਾਂ ਡਾ. ਧਰਮਵੀਰ ਗਾਂਧੀ ਤੇ ਐੱਚ. ਐੱਸ. ਖਾਲਸਾ ਦੇ ਨਾਮ ਤੇ ਸਬੰਧਤ ਸੀਟਾਂ 'ਤੇ ਅਜੇ ਵਿਚਾਰ ਨਹੀਂ ਕੀਤਾ ਗਿਆ ਹੈ, ਜਦ ਕਿ ਮਾਝਾ ਤੇ ਦੋਆਬਾ ਤੋਂ ਇਕ-ਇਕ ਸੀਟ 'ਤੇ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਗਏ ਹਨ। ਸੂਤਰਾਂ ਮੁਤਾਬਕ ਜਿਨ੍ਹਾਂ ਹੋਰ ਨੇਤਾਵਾਂ ਦੇ ਨਾਮ ਉਮੀਦਵਾਰਾਂ ਦੇ ਤੌਰ 'ਤੇ ਚਰਚਾ 'ਚ ਸ਼ਾਮਲ ਕੀਤੇ ਗਏ ਸਨ, ਉਨ੍ਹਾਂ 'ਚ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਵਰਗੇ ਨੇਤਾਵਾਂ ਦੇ ਨਾਮ ਸ਼ਾਮਲ ਹਨ।
 


Related News