ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ
Friday, Oct 28, 2022 - 02:59 PM (IST)
ਜਲੰਧਰ (ਮਹੇਸ਼)-ਫੋਲੜੀਵਾਲ ਪਿੰਡ ਵਿਚ ਖੂਹ ’ਤੇ ਜਾ ਕੇ ਕਲਯੁਗੀ ਬਾਪ ਵੱਲੋਂ ਕਤਲ ਕੀਤੀ ਗਈ ਆਪਣੀ 6 ਮਹੀਨੇ ਦੀ ਬੱਚੀ ਦੇ ਪੁਲਸ ਵੱਲੋਂ ਕਰਵਾਏ ਮੈਡੀਕਲ ਦੀ ਰਿਪੋਰਟ ਆ ਗਈ ਹੈ, ਜਿਸ ਵਿਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਅਰਜੁਨ ਨੇ ਆਪਣੀ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ ਸੀ। ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਇੰਸ. ਅਜਾਇਬ ਸਿੰਘ ਔਜਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਜਲੰਧਰ ਹਾਈਟਸ ਪੁਲਸ ਚੌਂਕੀ ਦੇ ਮੁਖੀ ਵਿਕਟਰ ਮਸੀਹ ਨੇ ਦੱਸਿਆ ਕਿ ਬੱਚੀ ਨਾਲ ਜਬਰ-ਜ਼ਿਨਾਗ ਕੀਤੇ ਜਾਣ ਦੀ ਪੁਸ਼ਟੀ ਹੋਣ ’ਤੇ ਅਰਜੁਨ ਖ਼ਿਲਾਫ਼ ਥਾਣਾ ਸਦਰ ਵਿਚ 2 ਦਿਨ ਪਹਿਲਾਂ ਦਰਜ ਕੀਤੀ ਗਈ ਧਾਰਾ 302 ਤਹਿਤ ਐੱਫ਼. ਆਈ. ਆਰ. ਵਿਚ ਆਈ. ਪੀ. ਸੀ. ਦੀ ਧਾਰਾ 376-ਏ, 376-ਏ-ਬੀ ਅਤੇ 6 ਪੋਸਕੋ ਐਕਟ 2012 ਵੀ ਲਾ ਦਿੱਤੀ ਗਈ ਹੈ। ਵਿਕਟਰ ਮਸੀਹ ਨੇ ਦੱਸਿਆ ਕਿ ਇਕ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਅਰਜੁਨ ਨੂੰ ਦੋਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਮਾਣਯੋਗ ਜੱਜ ਨੇ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਗੋਰਾਇਆ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਪੁਲਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ
ਹੈਵਾਨ ਬਣੇ ਪਿਓ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਜ਼ਿਕਰਯੋਗ ਹੈ ਕਿ ਪਿੰਡ ਫੋਲੜੀਵਾਲ 'ਚ ਇਕ ਪਿਤਾ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ 24 ਅਕਤੂਬਰ ਦੀਵਾਲੀ ਵਾਲੀ ਰਾਤ ਆਪਣੀ ਹੀ 6 ਮਹੀਨੇ ਦੀ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਲੰਧਰ ਛਾਉਣੀ ਦੇ ਏ. ਸੀ. ਪੀ. ਬਬਨਦੀਪ ਸਿੰਘ ਨੇ ਦੱਸਿਆ ਸੀ ਮ੍ਰਿਤਕ ਕੁੜੀ ਦੀ ਪਛਾਣ ਵਰਸ਼ਾ ਉਰਫ਼ ਲਾਡੋ ਪੁੱਤਰੀ ਅਰਜੁਨ ਵਾਸੀ ਜ਼ਿਲ੍ਹਾ ਪੂਰਨੀਆ (ਬਿਹਾਰ) ਹਾਲ ਵਾਸੀ ਪਿੰਡ ਬੋਹੜਾ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਸੀ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਜੈਬ ਸਿੰਘ ਔਜਲਾ ਦੀ ਅਗਵਾਈ ਹੇਠ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਵਿਕਟਰ ਮਸੀਹ ਅਤੇ ਏ. ਐੱਸ. ਆਈ. ਸੰਜੇ ਕੁਮਾਰ ਨੇ ਵਰਸ਼ਾ ਦੇ ਪਿਤਾ ਮੁਲਜ਼ਮ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਮਨਪ੍ਰੀਤ ਕੌਰ ਨੂੰ ਵਰਸ਼ਾ ਦੀ ਮਾਂ ਬਿਜਲੀ ਪੁੱਤਰੀ ਰਾਜੂ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਪਤੀ ਅਰਜੁਨ ਆਪਣੀ 6 ਮਹੀਨਿਆਂ ਦੀ ਧੀ ਵਰਸ਼ਾ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਅਕਸਰ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਲੜਕਾ ਚਾਹੀਦਾ ਹੈ, ਲੜਕੀ ਨਹੀਂ। ਉਹ 24 ਅਕਤੂਬਰ ਦੀ ਰਾਤ ਨੂੰ ਕਰੀਬ 10.30 ਵਜੇ ਪਿੰਡ ਫੋਲੜੀਵਾਲ 'ਚ ਪਾਣੀ ਵਾਲੀ ਟੈਂਕੀ ਕੋਲ ਬਣੇ ਖੂਹ ’ਤੇ ਲੈ ਗਿਆ ਅਤੇ ਉਥੇ ਉਸ ਦਾ ਕਤਲ ਕਰ ਦਿੱਤਾ। ਔਰਤ ਬਿਜਲੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੱਚੀ ਨੂੰ ਹਸਪਤਾਲ ਲੈ ਕੇ ਗਈ ਤਾਂ ਜਾਂਚ ਕਰਨ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ