ਬਾਜ਼ੀ ਪ੍ਰੰਪਰਾ ਦੇ ਮੋਢੀ ਬਾਬਾ ਹਾਥੀ ਰਾਮ ਜੀ

6/18/2018 7:32:47 AM

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ, ਯੋਧਿਆਂ, ਸੂਰਬੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਅਨੇਕਾਂ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਵਰਗੀ ਆਜ਼ਾਦੀ ਦੇ ਮਹਾਯੱਗ ਵਿਚ ਆਹੂਤੀ ਦੇਣ ਵਾਲੇ ਬਲੀਦਾਨੀ, ਮੀਰੀ-ਪੀਰੀ ਦੇ ਮਾਲਕ, ਰੂਹਾਨੀਅਤ ਨਾਲ ਭਰੂਪਰ ਅਨੇਕਾਂ ਮਹਾਪੁਰਸ਼ ਪੈਦਾ ਕੀਤੇ, ਜਿਨ੍ਹਾਂ ਨੇ ਪੰਜਾਬ ਦਾ ਨਾਂ ਭਾਰਤ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਚਮਕਾਇਆ। ਇਸੇ ਲੜੀ ਵਿਚ ਬਾਜ਼ੀਗਰ ਭਾਈਚਾਰੇ ਦੇ ਪੂਜਨੀਕ ਬਾਬਾ ਹਾਥੀ ਰਾਮ ਜੀ ਦਾ ਨਾਂ ਵੀ ਆਉਂਦਾ ਹੈ। ਇਸ ਭਾਈਚਾਰੇ ਵਿਚ ਬਾਬਾ ਹਾਥੀ ਰਾਮ ਜੀ ਨੂੰ ਬਾਜ਼ੀ ਪ੍ਰੰਪਰਾ ਦਾ ਮੋਢੀ ਮੰਨਿਆ ਜਾਂਦਾ ਹੈ। ਬਾਬਾ ਰਾਮ ਜੀ ਦੇ ਘਰ ਜ਼ਿਲਾ ਊਨਾ (ਹਿ. ਪ੍ਰ.) ਵਿਚ ਜਨਮੇ ਬਾਬਾ ਹਾਥੀ ਰਾਮ ਦਾ ਅਸਲੀ ਨਾਂ ਬਾਬਾ ਆਸਾ ਰਾਮ ਜੀ ਸੀ। ਆਪ 7 ਭਰਾਵਾਂ- ਬਾਬਾ ਬੁਲਸੁਮ, ਸ਼ਬੀਰ, ਭੰਗੀ, ਦੇਸ ਰਾਜ, ਬਾਬਾ ਦੀਦਾਰ ਸਿੰਘ, ਬਾਬਾ ਬਾਸਾ 'ਚੋਂ ਸਭ ਤੋਂ ਛੋਟੇ ਸਨ। ਆਪ ਜੀ ਦਾ ਪਰਿਵਾਰ ਸਾਲ ਵਿਚ 6 ਮਹੀਨੇ ਗਰਮੀਆਂ ਵਿਚ ਪੰਜਾਬ ਆ ਕੇ ਰਹਿੰਦਾ। ਪਿੰਡ ਗੁਣਾਚੌਰ, ਤਹਿ. ਬੰਗਾ ਵਿਖੇ ਆਪ ਜੀ ਦਾ ਡੇਰਾ ਲੱਗਦਾ ਸੀ, ਜੋ ਕਿ ਰਾਜਾ ਗੋਪੀ ਚੰਦ ਦੀ ਰਿਆਸਤ ਸੀ। ਰਾਜਾ ਗੋਪੀ ਚੰਦ ਕੋਲ ਹਾਥੀਆਂ ਦਾ ਤਬੇਲਾ ਹੁੰਦਾ ਸੀ।  ਬਾਬਾ ਆਸਾ ਰਾਮ ਜੀ ਰਾਜਾ ਗੋਪੀ ਚੰਦ ਦੇ ਤਬੇਲੇ 'ਚ ਹਾਥੀਆਂ ਨੂੰ ਨੁਹਾਉਣ ਦਾ ਕੰਮ ਕਰਨ ਲੱਗੇ। ਬਾਬਾ ਆਸਾ ਰਾਮ ਅਥਾਹ ਰੂਹਾਨੀਅਤ ਦੇ ਮਾਲਕ ਸਨ। ਆਪ ਜੀ 'ਚ ਤਪੋਬਲ ਇੰਨਾ ਸੀ ਕਿ ਆਪ ਇਕ ਮਸਤ ਹਾਥੀ ਨੂੰ ਚੁੱਕ ਕੇ ਨਹਿਰ 'ਚ ਲਿਜਾਂਦੇ ਤੇ ਉਸ ਨੂੰ ਨੁਹਾ ਕੇ ਵਾਪਿਸ ਚੁੱਕ ਕੇ ਤਬੇਲੇ 'ਚ ਲਿਆਉਂਦੇ। ਆਪ ਜੀ ਦੇ ਇਸ ਕੌਤਕ ਦਾ ਜਦੋਂ ਰਾਜੇ ਗੋਪੀ ਚੰਦ ਨੂੰ ਪਤਾ ਲੱਗਾ ਤਾਂ ਰਾਜੇ ਨੂੰ ਯਕੀਨ ਨਾ ਆਇਆ। ਅਖੀਰ ਇਕ ਦਿਨ ਰਾਜੇ ਨੇ ਲੁਕ ਕੇ ਇਹ ਕੌਤਕ ਦੇਖਿਆ ਤਾਂ ਬਾਬਾ ਆਸਾ ਰਾਮ ਜੀ ਦੇ ਚਰਨੀਂ ਪੈ ਗਿਆ ਕਿ ਇੰਨੀ ਮਹਾਨ ਆਤਮਾ ਨੂੰ ਮੈਂ ਪਛਾਣ ਹੀ ਨਹੀਂ ਸਕਿਆ। ਰਾਜਾ ਗੋਪੀ ਚੰਦ ਨੇ 12 ਕਨਾਲ ਜ਼ਮੀਨ ਬਾਬਾ ਜੀ ਨੂੰ ਮੰਦਿਰ ਵਾਸਤੇ ਅਲਾਟ ਕੀਤੀ ਤੇ 2100 ਮੋਹਰਾਂ ਬਾਬਾ ਆਸਾ ਰਾਮ ਜੀ ਦੇ ਚਰਨੀਂ ਭੇਟ ਕੀਤੀਆਂ। 12 ਕਨਾਲ ਜ਼ਮੀਨ 'ਤੇ ਬਾਬਾ ਜੀ ਨੇ ਇਕ ਛੋਟਾ ਜਿਹਾ ਮੰਦਿਰ ਉਸਾਰਿਆ ਤੇ 2100 ਮੋਹਰਾਂ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਮੇਰੀ ਮਿਹਨਤ ਦੀ ਕਮਾਈ ਨਹੀਂ।
ਰਾਜਾ ਗੋਪੀ ਚੰਦ ਰਿਆਸਤ ਗੁਣਾਚੌਰ, ਜਿਸ ਦਾ ਕਿ ਪੁਰਾਣਾ ਨਾਂ ਮੰਡਿਆਲਾ ਹੈ, ਵਿਚ ਭਰੇ ਦਰਬਾਰ ਖੁੱਲ੍ਹੇ ਮੈਦਾਨ ਵਿਚ 22 ਹਾਥੀ ਇਕ ਲਾਈਨ 'ਚ ਖੜ੍ਹੇ ਇਕ ਛਾਲ 'ਚ ਟੱਪੇ ਸਨ, ਜਿਸ 'ਤੇ ਰਾਜਾ ਗੋਪੀ ਚੰਦ ਨੇ ਆਪ ਜੀ ਨੂੰ ਬਾਬਾ ਹਾਥੀ ਰਾਮ ਜੀ ਦੀ ਉਪਾਧੀ ਨਾਲ ਸਨਮਾਨਿਆ ਸੀ। ਗੁਣਾਚੌਰ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਦੀ ਦੇਖ-ਰੇਖ  ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਲੰਗਰ ਹਾਲ, ਦਰਸ਼ਨੀ ਡਿਓੜੀ ਤੇ ਪੀਣ ਵਾਲੇ ਪਾਣੀ ਦੀ ਟੈਂਕੀ ਅਤੇ ਦੀਵਾਨ ਹਾਲ ਦੀ ਉਸਾਰੀ ਕਰਵਾਈ ਗਈ ਹੈ। ਹਰ ਸਾਲ 5 ਹਾੜ੍ਹ ਨੂੰ ਪਿੰਡ ਗੁਣਾਚੌਰ ਬਾਬਾ ਹਾਥੀ ਰਾਮ ਜੀ ਦੀ ਸਮਾਧ 'ਤੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ।  16 ਜੂਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਪਾਠ ਦੇ ਭੋਗ 18 ਜੂਨ ਦਿਨ ਸੋਮਵਾਰ ਨੂੰ ਪਾਏ ਜਾਣਗੇ। ਇਸ ਉਪਰੰਤ ਗਰੀਬ ਲੜਕੀਆਂ ਦੇ ਅਨੰਦ ਕਾਰਜ ਹੋਣਗੇ। ਇਸੇ ਦਿਨ ਸ਼ਾਮ ਨੂੰ ਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। 5 ਹਾੜ੍ਹ ਅਰਥਾਤ 19 ਜੂਨ, ਦਿਨ ਮੰਗਲਵਾਰ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਪੜ੍ਹਾਈ ਤੇ ਖੇਡਾਂ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਮੇਲੇ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੋਂ ਇਲਾਵਾ  ਐੱਮ. ਐੱਲ. ਏ. ਬਲਾਚੌਰ ਚੌਧਰੀ ਦਰਸ਼ਨ ਸਿੰਘ ਮੰਗੂਪੁਰ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਸੀਨੀ. ਕਾਂਗਰਸੀ ਨੇਤਾ ਵਿਕਰਮ ਸਿੰਘ ਚੌਧਰੀ, ਹਲਕਾ ਇੰਚਾਰਜ ਸਤਵੀਰ ਸਿੰਘ ਪਲੀਝਿੱਕੀ ਆਦਿ ਪ੍ਰਮੁੱਖ ਸ਼ਖਸੀਅਤਾਂ ਮੇਲੇ ਦੀ ਸ਼ੋਭਾ ਵਧਾਉਣਗੀਆਂ।
—ਮਲਕੀਅਤ ਸਿੰਘ ਵਲਜੋਤ, 99157-75884