ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

6/17/2018 8:13:32 AM

ਸਿੱਖ ਧਰਮ ਅੰਦਰ 'ਸ਼ਹਾਦਤ' ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ 'ਚ ਰੂਪਮਾਨ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ਼ ਹੈ। ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ।
ਉਨ੍ਹਾਂ ਵਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ, ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ।
ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ 'ਗੁਰੂ ਕਾ ਚੱਕ' ਨੂੰ 'ਚੱਕ ਰਾਮਦਾਸ/ਰਾਮਦਾਸਪੁਰ' ਦਾ ਨਾਂ ਦੇ ਕੇ ਇਸ ਦਾ ਵਿਕਾਸ ਕਰਨਾ ਆਪ ਜੀ ਦੀ ਹੀ ਦੇਣ ਹੈ, ਜੋ ਬਾਅਦ ਵਿਚ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਤਿਆਰ ਕਰਵਾਏ ਜਾ ਰਹੇ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਕਰਵਾ ਕੇ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ। ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿਚੋਂ ਇਕ ਮਹਾਨ ਕੰਮ (ਆਦਿ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਹੈ। ਇਸੇ ਤਰ੍ਹਾਂ ਆਪ ਨੇ ਵੱਖ-ਵੱਖ ਸ਼ਹਿਰਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਅਤੇ ਸਿੱਖਾਂ ਨੂੰ ਵਪਾਰ ਲਈ ਪ੍ਰੇਰਿਆ।
ਆਪ ਜੀ ਵਲੋਂ ਤੀਹ ਰਾਗਾਂ 'ਚ ਰਚੀ ਗਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ। ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ।
ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ। ਜ਼ਾਲਮਾਂ ਵਲੋਂ ਸਖਤ ਗਰਮੀ ਦੇ ਮੌਸਮ ਵਿਚ ਆਪ ਨੂੰ ਉੱਬਲਦੀ ਦੇਗ 'ਚ ਬਿਠਾਇਆ ਗਿਆ, ਤੱਤੀ ਤਵੀ 'ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ 'ਤੇ ਸੜਦੀ-ਬਲ਼ਦੀ ਰੇਤਾ ਪਾਈ ਗਈ।
ਉਂਝ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ। ਅਸਲ 'ਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ 'ਤੁਜ਼ਕੇ ਜਹਾਂਗੀਰੀ' ਵਿਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗਾਵਤ ਵਿਚੋਂ ਮਿਲਿਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ।
ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉਤੇ ਇਸ ਦਾ ਦੂਰਗਾਮੀ ਅਸਰ ਹੋਇਆ। ਇਸ ਨਾਲ ਸਿੱਖਾਂ ਦੇ ਮਨਾਂ 'ਚ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ। ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦਾ ਤਖਤ ਸਦਾ ਰਹਿਣ ਵਾਲੇ 'ਸ੍ਰੀ ਅਕਾਲ ਤਖਤ ਸਾਹਿਬ' ਦੀ ਸਥਾਪਨਾ ਕੀਤੀ।
ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਧਰਮ ਦੇ ਇਤਿਹਾਸ 'ਚ ਇਕ ਮਹਾਨ ਯੁੱਗ-ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਤੇ ਸਬਰ, ਸੰਤੋਖ ਤੇ ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ। ਇਸ
ਸ਼ਹਾਦਤ ਨੇ ਸਿੱਖ ਮਰਜੀਵੜਿਆ ਨੂੰ ਮਰਨ ਦੀ ਇਹੋ ਜਿਹੀ ਜਾਚ ਸਿਖਾਈ ਕਿ ਉਹ 'ਬਹੁਰਿ ਨ ਮਰਨਾ ਹੋਇ' ਦੇ ਲਕਸ਼ ਨੂੰ ਪ੍ਰਾਪਤ ਹੋ ਗਏ।
ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਨਵਾਂ ਅਧਿਆਇ ਆਰੰਭ ਹੋਇਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਰਾਹ ਦਸੇਰਾ ਹੈ, ਜਿਸ 'ਤੇ ਚੱਲ ਕੇ ਅਸੀਂ ਆਪਣੇ ਧਰਮ ਦੇ ਸੁਨਹਿਰੀ ਅਸੂਲਾਂ ਦੀ ਖਾਤਰ ਜਬਰ-ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਹੈ।
—ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।