ਸਹਿਣਸ਼ੀਲਤਾ ਨਾਲ ਜੀਵਨ ''ਚ ਸ਼ਾਂਤੀ

4/21/2018 9:07:52 AM

ਜਲੰਧਰ— ਸਮਾਜਿਕ ਏਕਤਾ ਤੇ ਸਹਿਣਸ਼ੀਲਤਾ ਲਈ ਸਾਧੂ-ਸੰਤਾਂ ਨੇ ਕਈ ਉਪਾਅ ਦੱਸੇ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਸਮਾਜ ਨੂੰ ਇਕ ਸੂਤਰ 'ਚ ਬੰਨ੍ਹ ਸਕਦੇ ਹਾਂ। 'ਵਸੂਧੈਵ ਕੁਟੁੰਬਕਮ' ਭਾਵ ਸਮੁੱਚੀ ਧਰਤੀ ਹੀ ਪਰਿਵਾਰ ਹੈ, ਦਾ ਜੋ ਬੀਜ ਮੰਤਰ ਭਾਰਤੀ ਸੱਭਿਅਤਾ ਨੇ ਦਿੱਤਾ, ਉਹ ਇਸੇ ਦਾ ਹਿੱਸਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਨੂੰ ਖੁਦ 'ਤੇ ਲਾਗੂ ਕਰਨਾ ਪਵੇਗਾ। ਸਾਡੇ ਸਰੀਰ ਨੂੰ ਗਿਆਨ ਇੰਦਰੀਆਂ ਚਲਾਉਂਦੀਆਂ ਹਨ। ਅਸੀਂ ਕੁਝ ਦੇਖਦੇ ਹਾਂ ਅਤੇ ਮਨ ਉਸ ਨੂੰ ਦੇਖਣ ਨੂੰ ਅਪਰਾਧ ਕਹਿੰਦਾ ਹੈ ਤਾਂ ਸਾਨੂੰ ਆਪਣੀਆਂ ਅੱਖਾਂ ਪ੍ਰਤੀ ਸਹਿਣਸ਼ੀਲ ਬਣਨਾ ਚਾਹੀਦਾ ਹੈ ਅਤੇ ਤੁਰੰਤ ਉਧਰੋਂ ਨਜ਼ਰ ਹਟਾ ਲੈਣੀ ਚਾਹੀਦੀ ਹੈ।
ਦੂਜਾ ਕੋਈ ਭਾਵੇਂ ਨਾ ਜਾਣ ਸਕੇ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਪਰ ਆਪਣਾ ਮਨ ਹਰ ਕੰਮ ਦੇ ਗਲਤ-ਸਹੀ ਹੋਣ ਬਾਰੇ ਦੱਸਦਾ ਰਹਿੰਦਾ ਹੈ। ਇਸ ਦੀ ਸਿੱਧੀ ਜਿਹੀ ਪਛਾਣ ਹੈ ਕਿ ਜਿਹੜਾ ਕੰਮ ਅਸੀਂ ਚੋਰੀ-ਛਿਪੇ ਕਰਦੇ ਹਾਂ, ਉਹ ਗਲਤ ਹੈ। ਇਹੋ ਗੱਲ ਹੋਰ ਗਿਆਨ ਇੰਦਰੀਆਂ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜਦੋਂ ਖੁਦ ਮਨ-ਬੁੱਧੀ ਤੋਂ ਇਕ ਸੂਤਰ ਵਿਚ ਨਹੀਂ ਰਹਾਂਗੇ ਤਾਂ ਸਮਾਜ ਨੂੰ ਇਕ ਸੂਤਰ ਵਿਚ ਨਹੀਂ ਬੰਨ੍ਹ ਸਕਦੇ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਖੁਦ ਸਾਡੇ ਕਰਮ ਤੇ ਚਿੰਤਨ 'ਚ ਵਿਰੋਧਾਭਾਸ ਰਹੇਗਾ ਤਾਂ ਉਹ ਸਾਡੀ ਕਾਰਜਪ੍ਰਣਾਲੀ ਵਿਚ ਵੀ ਉਤਰ ਆਏਗਾ।
ਸਮਾਜ ਦੀ ਸਭ ਤੋਂ ਛੋਟੀ ਇਕਾਈ ਵਿਅਕਤੀ ਹੈ। ਸਮਾਜ ਨੂੰ ਉੱਤਮ ਤੇ ਆਦਰਸ਼ਵਾਦੀ ਬਣਾਉਣ ਲਈ ਆਲੀਸ਼ਾਨ ਮਕਾਨ ਤੇ ਵੱਡੇ ਭੌਤਿਕ ਸਾਧਨ ਨਹੀਂ, ਸਗੋਂ ਚੰਗੇ ਸੰਸਕਾਰਾਂ ਵਾਲੇ ਵਿਅਕਤੀ ਦਾ ਹੋਣਾ ਜ਼ਰੂਰੀ ਹੈ। ਕਬੀਰ ਜੀ, ਤੁਲਸੀਦਾਸ ਜੀ, ਸੂਰਦਾਸ ਜੀ, ਰਵਿਦਾਸ ਜੀ, ਮਹਾਤਮਾ ਗਾਂਧੀ ਤੇ ਮਦਨਮੋਹਨ ਮਾਲਵੀਯ ਨੇ ਸਾਦਾ ਜੀਵਨ-ਉੱਚ ਵਿਚਾਰ ਨੂੰ ਅਪਣਾ ਕੇ ਸਮਾਜ ਨੂੰ ਕੁਰੀਤੀਆਂ ਤੋਂ ਦੂਰ ਕੀਤਾ। ਜੋ ਸਾਡੇ ਲਈ ਠੀਕ ਨਹੀਂ, ਉਹ ਦੂਜਿਆਂ ਲਈ ਵੀ ਠੀਕ ਨਹੀਂ, ਦੀ ਸੋਚ ਨੂੰ ਮਜ਼ਬੂਤੀ ਨਾਲ ਫੜਨ ਦੀ ਲੋੜ ਹੈ। ਸ਼ਾਰਟਕੱਟ ਦੀ ਆਦਤ ਬਹੁਤ ਸਾਰੇ ਔਗੁਣਾਂ ਨੂੰ ਜਨਮ ਦਿੰਦੀ ਹੈ ਅਤੇ ਉਸ ਵੇਲੇ ਸਮਾਜ 'ਚ ਅਸ਼ਾਂਤੀ ਤੇ ਨਫਰਤ ਦਾ ਮਾਹੌਲ ਬਣਨ ਲੱਗਦਾ ਹੈ।
ਭਗਵਾਨ ਰਾਮ ਨੇ ਵੀ ਪਹਿਲਾਂ ਸਹਿਣਸ਼ੀਲਤਾ ਦਿਖਾਉਂਦਿਆਂ ਰਾਵਣ ਨੂੰ ਇਕ ਮੌਕਾ ਦਿੱਤਾ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਵੀ ਪਹਿਲਾਂ ਸਹਿਣਸ਼ੀਲਤਾ ਦਿਖਾਉਂਦਿਆਂ 5 ਪਿੰਡ ਹੀ ਦੇਣ ਦੀ ਅਪੀਲ ਕੌਰਵ ਪੱਖ ਸਾਹਮਣੇ ਕੀਤੀ ਸੀ ਤਾਂ ਜੋ ਵਿਵਾਦ ਟਲ ਜਾਵੇ। ਜਿਹੜਾ ਵਿਅਕਤੀ ਸਮਾਜ ਲਈ ਸਹਿਣਸ਼ੀਲ ਨਹੀਂ ਹੁੰਦਾ, ਇਕ ਦਿਨ ਅਜਿਹਾ ਆ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਵੀ ਜ਼ਾਲਮ ਹੋ ਜਾਂਦਾ ਹੈ ਅਤੇ ਫਿਰ ਉਸ ਦਾ ਨਿੱਜੀ ਜੀਵਨ ਤਕਲੀਫਦੇਹ ਬਣ ਜਾਂਦਾ ਹੈ।