ਅਪਮਾਨ ਤੋਂ ਮਿਲੀ ਪ੍ਰੇਰਣਾ

3/23/2018 10:07:51 AM

ਸ਼ਾਹੂਕਾਰ ਦੇਵਰਾਜ ਅਨਗੜ੍ਹ ਜ਼ੋਰ ਨਾਲ ਚਿੱਲਾਏ,''ਰਾਮ, ਇਹ ਕੀ ਬੇਵਕੂਫੀ ਹੈ? ਕਿੱਧਰ ਦੇਖ ਰਿਹਾ ਏਂ? ਪਾਣੀ ਕਿਥੇ ਪਾ ਰਿਹਾ ਏਂ? ਠੀਕ ਮੇਰੇ ਹੱਥਾਂ 'ਤੇ ਕਿਉਂ ਨਹੀਂ ਪਾਉਂਦਾ?''
ਰਾਮ ਨੇ ਨਿਮਰਤਾ ਨਾਲ ਕਿਹਾ,''ਮੁਆਫ ਕਰਨਾ, ਮੇਰੇ ਕੋਲੋਂ ਭੁੱਲ ਹੋ ਗਈ। ਤੁਹਾਡੇ ਕੰਨ ਦੀ ਵਾਲੀ ਦੇ ਤੇਜਸਵੀ ਮੋਤੀ 'ਤੇ ਮੇਰੀ ਨਜ਼ਰ ਅਟਕ ਗਈ ਸੀ।''
ਰਾਮ ਨੇ ਸਪੱਸ਼ਟ ਗੱਲ ਦੱਸ ਦਿੱਤੀ। 
ਇਸ 'ਤੇ ਸ਼ਾਹੂਕਾਰ ਨੇ ਹੱਸਦਿਆਂ ਕਿਹਾ,''ਬੇਵਕੂਫ, ਇਹ ਮੋਤੀ ਹਜ਼ਾਰਾਂ ਰੁਪਏ ਦਾ ਹੈ। ਤੇਰੇ ਵਰਗੇ ਦਰਿੱਦਰ ਨੂੰ ਸੁਪਨੇ ਵਿਚ ਵੀ ਇਸ ਤਰ੍ਹਾਂ ਦਾ ਮੋਤੀ ਨਹੀਂ ਮਿਲ ਸਕਦਾ। ਕਦੇ ਤੇਰੇ ਬਾਪ-ਦਾਦਿਆਂ ਨੇ...।''
ਗੱਲ ਕੱਟ ਕੇ ਰਾਮ ਬੋਲਿਆ,''ਦੇਖੋ ਮਹਾਰਾਜ, ਮੇਰੇ ਬਾਪ-ਦਾਦਿਆਂ ਨੂੰ ਵਿਚ ਲਿਆਉਣ ਦੀ ਲੋੜ ਨਹੀਂ। ਇਹ ਲਓ ਪਾਣੀ ਨਾਲ ਭਰਿਆ ਲੋਟਾ ਅਤੇ ਰੱਖੋ ਇਹ ਨੌਕਰੀ ਆਪਣੇ ਕੋਲ। ਜਦੋਂ ਤੁਹਾਡੇ ਵਰਗੀ ਵਾਲੀ ਕੰਨ ਵਿਚ ਪਾ ਲਵਾਂਗਾ ਤਾਂ ਹੀ ਤੁਹਾਨੂੰ ਮੂੰਹ ਦਿਖਾਵਾਂਗਾ।''
ਉਥੇ ਮੌਜੂਦ ਸਾਰੇ ਲੋਕ ਹੱਸ ਪਏ।
ਬਾਲਕ ਰਾਮ ਨੌਕਰੀ ਕਰਦਾ ਹੋਇਆ 4 ਮਹੀਨੇ ਬਾਅਦ ਕਾਸ਼ੀ ਪਹੁੰਚਿਆ। ਇਕ ਵਿਦਵਾਨ ਦਿਆਲੂ ਆਚਾਰੀਆ ਨਾਲ ਉਸ ਦੀ ਮੁਲਾਕਾਤ ਹੋਈ। ਉਨ੍ਹਾਂ ਦੀ ਕੁਟੀਆ 'ਚ ਉਹ ਸੌਂ ਜਾਂਦਾ, ਇਕ ਵੇਲੇ ਦੀ ਰੋਟੀ ਖਾਂਦਾ ਅਤੇ ਦੂਜੇ ਵੇਲੇ ਗੰਗਾ ਜਲ ਪੀ ਲੈਂਦਾ। 12 ਸਾਲ ਉਹ ਅਧਿਐਨ ਕਰਦਾ ਰਿਹਾ। ਵਿਆਕਰਣ, ਤਰਕ ਸ਼ਾਸਤਰ, ਅਰਥ ਸ਼ਾਸਤਰ ਤੇ ਨਿਆਂ ਸ਼ਾਸਤਰੀ ਵਿਚ ਵੱਡੀਆਂ ਉਪਾਧੀਆਂ ਹਾਸਲ ਕਰ ਕੇ ਉਹ ਰਾਮ ਸ਼ਾਸਤਰੀ ਪ੍ਰਭੂਣੇ ਬਣ ਕੇ ਮੁੜਿਆ। ਉਸ ਦੀ ਵਿਦਵਾਨੀ ਦੇਖ ਕੇ ਪੁਣੇ ਦੇ ਵਿਦਵਾਨ ਬਹੁਤ ਪ੍ਰਭਾਵਿਤ ਹੋਏ।
ਨਾਨਾ ਸਾਹਿਬ ਪੇਸ਼ਵਾ ਵਲੋਂ ਸ਼ਾਸਕੀ ਅਧਿਕਾਰੀ ਬਣਾਏ ਜਾਣ ਤੋਂ ਬਾਅਦ ਜਦੋਂ ਉਹ ਸਤਾਰਾ ਪਹੁੰਚੇ ਤਾਂ ਦੇਵਰਾਜ ਅਨਗੜ੍ਹ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਆਪਣੇ ਪਹਿਲਾਂ ਦੇ ਵਿਵਹਾਰ ਲਈ ਮੁਆਫੀ ਮੰਗੀ। 
ਰਾਮਸ਼ਾਸਤਰੀ ਬੋਲੇ,''ਤੁਸੀਂ ਉਹ ਗੱਲ ਆਪਣੇ ਮਨ ਵਿਚੋਂ ਕੱਢ ਦਿਓ। ਮੈਂ ਤਾਂ ਇਹ ਸਮਝਦਾ ਹਾਂ ਕਿ ਮੈਂ ਅੱਜ ਜੋ ਕੁਝ ਵੀ ਹਾਂ, ਤੁਹਾਡੀ ਬਦੌਲਤ ਹਾਂ। ਤੁਸੀਂ ਉਸ ਵੇਲੇ ਮੈਨੂੰ ਨਾ ਝਿੰਜੋੜਿਆ ਹੁੰਦਾ ਤਾਂ ਅੱਜ ਮੈਨੂੰ ਇਹ ਪ੍ਰਸਿੱਧੀ ਨਾ ਮਿਲਦੀ। ਮੈਂ ਤੁਹਾਡਾ ਧੰਨਵਾਦੀ ਹਾਂ।''
ਮਹਾਰਾਸ਼ਟਰ ਦੇ ਇਤਿਹਾਸ ਵਿਚ ਰਾਮਸ਼ਾਸਤਰੀ ਪ੍ਰਭੂਣੇ ਦਾ ਨਾਂ ਬਹੁਤ ਪ੍ਰਸਿੱਧ ਹੈ।