ਵਿਆਖਿਆ ਸ੍ਰੀ ਜਪੁ ਜੀ ਸਾਹਿਬ

2/19/2018 7:26:08 AM

ਇਕ ਸਰਲ ਸਿੱਖ ਕਹਿ ਤਾਂ ਦਿੰਦੈ—ਹਾਂ ਜੀ, ਪੂਰੀ ਸਾਧਨਾ ਕਰਾਂਗੇ ਪਰ ਕੁਝ ਚਿਰ ਬਾਅਦ ਉਹ ਡਾਵਾਂਡੋਲ ਹੋ ਜਾਂਦੈ, ਹਉਮੈ ਜਾਂ ਵਿਕਾਰਾਂ ਵਿਚ ਉਲਝ ਜਾਂਦੈ, ਅਧੂਰੇ ਗਿਆਨ ਨੂੰ ਪੂਰਾ ਗਿਆਨ ਸਮਝ ਕੇ ਮਨਮਰਜ਼ੀ ਦਾ ਗਿਆਨੀ ਜਾਂ ਉਪਦੇਸ਼ਕ ਬਣ ਬੈਠਦੈ—ਫਿਰ ਉਹ ਸਾਧਨਾ ਵਿਚ ਪੂਰਨਤਾ ਕਿਵੇਂ ਪ੍ਰਾਪਤ ਕਰੇਗਾ? ਸਾਧਨਾ ਵਿਚ ਪੂਰਨਤਾ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਇਕ ਖਾਸ ਗੁਣ ਵੱਲ ਇਸ਼ਾਰਾ ਕਰ ਰਹੇ ਹਨ, ਜਿਹੜਾ ਇਕ ਸਿੱਖ ਵਿਚ ਹੋਣਾ ਹੀ ਚਾਹੀਦੈ—ਇਹ ਗੁਣ ਹੈ 'ਧੀਰਜ'।
ਧੀਰਜ ਕੀ ਹੈ? ਅੱਗੇ ਤੋਂ ਅੱਗੇ ਵਧ ਰਹੇ ਪੈਰਾਂ 'ਚ ਪੂਰੀ ਤਾਕਤ ਹੋਵੇ ਅਤੇ ਪੂਰੀਆਂ ਖੁੱਲ੍ਹੀਆਂ ਅੱਖਾਂ ਬਹੁਤ ਦੂਰ ਦੀ ਸਥਿਤ ਮੰਜ਼ਿਲ ਨਾਲ ਜੁੜੀਆਂ ਹੋਈਆਂ ਹੋਣ-ਇਹ ਹੀ ਹੈ 'ਧੀਰਜ'।
ਪੈਰ ਲੜਖੜਾ ਰਹੇ ਹੋਣ, ਭਾਵੇਂ ਅੱਖਾਂ ਦੂਰ ਮੰਜ਼ਿਲ ਵੱਲ ਦੇਖ ਰਹੀਆਂ ਹੋਣ— ਇਹ ਧੀਰਜ ਨਹੀਂ ਹੈ। ਪੈਰਾਂ ਵਿਚ ਪੂਰਾ ਜ਼ੋਰ ਅਤੇ ਨੱਠ-ਭੱਜ ਹੋਵੇ ਪਰ ਅੱਖਾਂ ਅੱਗੇ ਨ੍ਹੇਰਾ ਹੋਵੇ— ਇਹ ਵੀ ਧੀਰਜ ਨਹੀਂ ਹੈ।
ਰਸਤਾ ਕਦੇ ਉੱਚਾ ਹੁੰਦੈ ਕਦੇ ਨੀਵਾਂ। ਕਦੇ ਸਾਧਕ ਨੂੰ ਲੱਗਦੈ- ਹੁਣ ਸਾਧਨਾ ਬਹੁਤ ਵਧੀਆ ਚੱਲ ਰਹੀ ਹੈ—ਸਭ ਕੁਝ ਚੜ੍ਹਦੀ ਕਲਾ ਵਿਚ ਹੈ ਪਰ ਫਿਰ ਹੋਰ ਅੱਗੇ ਸਾਧਨਾ ਕਰਦਿਆਂ ਉਸ ਨੂੰ ਲੱਗਦੈ ਕਿ ਹੁਣ ਤਾਂ ਨੀਵੇਂ ਹੀ ਜਾ ਰਹੇ ਹਾਂ—ਉਹ ਮਸਤੀ ਹੁਣ ਕਿੱਥੇ ਗਈ। ਹੋ ਸਕਦੈ ਉਹ ਨਿਰਾਸ਼ ਹੋ ਜਾਵੇ ਪਰ ਜਿਸ ਸੱਚੇ ਸਿੱਖ ਵਿਚ ਧੀਰਜ ਰੂਪੀ ਗੁਣ ਹੈ—ਉਹ ਕਦੇ ਨਿਰਾਸ਼ ਜਾਂ ਉਦਾਸ ਨਹੀਂ ਹੁੰਦਾ—ਉਸ ਦੀ ਸਾਧਨਾ ਦਾ ਵੇਗ, ਹਰ ਹਾਲਤ ਵਿਚ ਵਧਦਾ ਹੀ ਰਹਿੰਦੈ।
ਜਨਤਾ ਕਦੇ ਵਡਿਆਈਆਂ ਦਿੰਦੀ ਹੈ—ਧੰਨ-ਧੰਨ ਕਰਦੀ ਹੈ ਕਿ ਕਿੰਨੇ ਵੱਡੇ ਸਾਧਕ ਹਨ ਇਹ ਪਰ ਉਹੀ ਜਨਤਾ ਕਦੇ ਨਿੰਦਾ ਵੀ ਕਰਨ ਲੱਗ ਪੈਂਦੀ ਹੈ ਪਰ ਜਿਸ ਸਾਧਕ ਸਿੱਖ 'ਚ ਧੀਰਜ ਰੂਪੀ ਸੁਨਿਆਰਪੁਣਾ ਹੈ, ਉਹ ਨਿੰਦਾ, ਵਡਿਆਈ ਦੋਹਾਂ ਦੀ ਹੀ ਪਰਵਾਹ ਨਾ ਕਰਕੇ ਆਪਣੀਆਂ ਨਜ਼ਰਾਂ ਦਸਮ ਦੁਆਰ ਨਾਲ ਜੋੜੀ— ਗੁਰਮੁਖੀ ਸਾਧਨਾ ਕਰਦਾ ਹੀ ਰਹਿੰਦੈ ਪੂਰੇ ਜੋਸ਼ ਤੇ ਪੂਰੇ ਹੋਸ਼ ਨਾਲ।
ਉਹ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਦੇ ਨਹੀਂ ਪੁੱਛਦਾ—ਜੀ! ਕਿਤਨਾ ਸਮਾਂ ਲੱਗੇਗਾ—ਨਾਦ ਜਾਗਰਿਤ ਹੋਣ 'ਚ ਕਿਤਨਾ ਸਮਾਂ ਲੱਗੇਗਾ—ਸਮਾਧੀ ਵਿਚ ਜਾਣ 'ਚ ਕਿਤਨਾ ਸਮਾਂ ਲੱਗੇਗਾ- ਆਤਮ ਸਾਖਿਆਤਕਾਰ ਹੋਣ 'ਚ ਕਿਤਨਾ ਸਮਾਂ ਲੱਗੇਗਾ ਸੱਚੇ ਸ਼ਬਦ ਨੂੰ ਘੜਨ ਵਿਚ।
ਜੇ ਬੀਜ ਵਾਰ-ਵਾਰ ਧਰਤੀ ਤੋਂ ਬਾਹਰ ਆ ਕੇ ਕਿਸਾਨ ਨੂੰ ਪੁੱਛਦਾ ਰਹੇ ਕਿ ਕਿਤਨਾ ਸਮਾਂ ਲੱਗੇਗਾ— ਮੈਨੂੰ ਅੰਕੁਰਿਤ ਹੋਣ ਲਈ? ਕਿਤਨਾ ਸਮਾਂ ਲੱਗੇਗਾ ਟਹਿਣੀਆਂ ਤੇ ਪੱਤੇ ਆਉਣ 'ਚ? ਫਲ, ਫੁੱਲ ਲੱਗਣ 'ਚ?— ਤਾਂ ਉਹ ਕੀ ਕਦੇ ਪੂਰਾ ਦਰੱਖਤ ਬਣ ਸਕੇਗਾ? ਕੀ ਉਹ ਕਦੇ ਅੰਕੁਰਿਤ ਵੀ ਹੋ ਸਕੇਗਾ? ਪਰ ਜਿਸ ਸੱਚੇ ਸਿੱਖ ਵਿਚ ਧੀਰਜ ਰੂਪੀ ਗੁਣ ਹੈ, ਉਹ ਹੀ ਸ਼ਬਦ ਘੜਨ ਵਾਲਾ ਸੱਚਾ ਤੇ ਪੂਰਾ ਸੁਨਿਆਰ ਬਣ ਸਕਦੈ।