ਪੰਜਾਬ ਨੂੰ ਹੁਣ ਤਜਰਬੇਕਾਰ ਅਗਵਾਈ ਦੀ ਲੋੜ, ਸਿਆਸੀ ਦਾਅਵਿਆਂ ਨਹੀਂ - ਨਛੱਤਰ ਸਿੰਘ ਅਰਾਈਮਾਜਰਾ

Saturday, Nov 14, 2026 - 07:55 PM (IST)

ਪੰਜਾਬ ਨੂੰ ਹੁਣ ਤਜਰਬੇਕਾਰ ਅਗਵਾਈ ਦੀ ਲੋੜ, ਸਿਆਸੀ ਦਾਅਵਿਆਂ ਨਹੀਂ - ਨਛੱਤਰ ਸਿੰਘ ਅਰਾਈਮਾਜਰਾ

ਪਟਿਆਲਾ/ਸੁਤਰਾਣਾ,  (ਸੁਖਦੀਪ ਮਾਨ): ਪੰਜਾਬ ਦੀ ਮੌਜੂਦਾ ਸਿਆਸੀ ਅਤੇ ਆਰਥਿਕ ਸਥਿਤੀ ਨੂੰ ਦੇਖਦਿਆਂ ਹੁਣ ਸੂਬੇ ਨੂੰ ਸਿਰਫ਼ ਵਾਅਦਿਆਂ ਅਤੇ ਨਾਅਰਿਆਂ ਵਾਲੀ ਨਹੀਂ, ਸਗੋਂ ਦੂਰਅੰਦੇਸ਼ੀ, ਪ੍ਰਸ਼ਾਸਨਿਕ ਤਜਰਬੇ ਅਤੇ ਸੂਬੇ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਰੱਖਣ ਵਾਲੀ ਅਗਵਾਈ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਐੱਸ.ਸੀ. ਸੈੱਲ ਦੇ ਸੂਬਾ ਕੋਆਰਡੀਨੇਟਰ ਅਤੇ ਹਲਕਾ ਸੁਤਰਾਣਾ ਦੇ ਸੀਨੀਅਰ ਆਗੂ ਨਛੱਤਰ ਸਿੰਘ ਅਰਾਈਮਾਜਰਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਅੱਜ ਅਜਿਹੇ ਨਿਰਣਾਇਕ ਮੋੜ ’ਤੇ ਖੜ੍ਹਾ ਹੈ, ਜਿੱਥੇ ਸੂਬੇ ਦਾ ਵਧਦਾ ਕਰਜ਼ਾ, ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ, ਬੇਰੁਜ਼ਗਾਰੀ, ਨਸ਼ਿਆਂ ਦਾ ਪਸਾਰ ਅਤੇ ਸਮਾਜਿਕ ਤਾਣੇ-ਬਾਣੇ ਦੀ ਮਜ਼ਬੂਤੀ ਵਰਗੇ ਮੁੱਦੇ ਸਿਰਫ਼ ਸਿਆਸੀ ਬਿਆਨਬਾਜ਼ੀ ਨਾਲ ਹੱਲ ਨਹੀਂ ਹੋ ਸਕਦੇ। ਇਨ੍ਹਾਂ ਲਈ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਵਾਕਫ਼ ਹੋਣ ਦੇ ਨਾਲ-ਨਾਲ ਪ੍ਰਸ਼ਾਸਨ ਚਲਾਉਣ ਅਤੇ ਸੰਕਟਾਂ ਵਿੱਚੋਂ ਸੂਬੇ ਨੂੰ ਬਾਹਰ ਕੱਢਣ ਦੀ ਸਮਰੱਥਾ ਵੀ ਰੱਖਦੀ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕੋਲ ਅਜਿਹੇ ਤਜਰਬੇਕਾਰ ਆਗੂਆਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਕੋਲ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣ ਦੀ ਸੋਚ ਅਤੇ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਸੂਬੇ ਦੀ ਅਗਵਾਈ ਦੀ ਚੋਣ ਕਰਦਿਆਂ ਸਿਰਫ਼ ਚਿਹਰਿਆਂ ਜਾਂ ਲੋਕ-ਲੁਭਾਊ ਨਾਅਰਿਆਂ ਦੀ ਬਜਾਏ ਤਜਰਬੇ ਅਤੇ ਕਾਰਗੁਜ਼ਾਰੀ ਨੂੰ ਤਰਜੀਹ ਦੇਣਗੇ।

ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਉਠਾਉਂਦਿਆਂ ਅਰਾਈਮਾਜਰਾ ਨੇ ਕਿਹਾ ਕਿ ਬਦਲਾਅ ਦੇ ਵੱਡੇ-ਵੱਡੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਸਰਕਾਰ ਲੋਕਾਂ ਦੀਆਂ ਬੁਨਿਆਦੀ ਉਮੀਦਾਂ ’ਤੇ ਖਰੀ ਉਤਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਅਨੁਸਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਭਟਕ ਰਹੇ ਹਨ ਅਤੇ ਪੰਜਾਬ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਗੰਭੀਰ ਹੁੰਦੇ ਮਸਲੇ ਨੂੰ ਵੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਵਜੋਂ ਪੇਸ਼ ਕੀਤਾ ਹੈ।

ਕਾਂਗਰਸ ਦੇ ਸ਼ਾਸਨਕਾਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਮੰਡੀਕਰਨ ਪ੍ਰਣਾਲੀ ਦੇ ਵਿਸਥਾਰ ਅਤੇ ਗਰੀਬ ਤੇ ਦਲਿਤ ਵਰਗ ਦੀ ਭਲਾਈ ਲਈ ਕਈ ਅਹਿਮ ਕਦਮ ਚੁੱਕੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਮਜ਼ਬੂਤ ਆਰਥਿਕਤਾ, ਕਿਸਾਨ-ਪੱਖੀ ਨੀਤੀਆਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਵਾਲੇ ਰਾਹ ’ਤੇ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।


ਸੁਤਰਾਣਾ ਹਲਕੇ ਵਿੱਚ ਲਗਾਤਾਰ ਸਰਗਰਮੀਆਂ, ਸੰਗਠਨ ਮਜ਼ਬੂਤੀ ’ਤੇ ਜ਼ੋਰ
ਇਸੇ ਦੌਰਾਨ ਹਲਕਾ ਸੁਤਰਾਣਾ ਵਿੱਚ ਨਛੱਤਰ ਸਿੰਘ ਅਰਾਈਮਾਜਰਾ ਦੀਆਂ ਲਗਾਤਾਰ ਸਿਆਸੀ ਸਰਗਰਮੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸਥਾਨਕ ਮੁੱਦਿਆਂ ਨੂੰ ਸੁਣ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਅਨੁਸਾਰ ਪਾਰਟੀ ਦੀਆਂ ਸੂਬਾ ਪੱਧਰੀ ਰੈਲੀਆਂ ਵਿੱਚ ਹਲਕੇ ਤੋਂ ਵੱਡੇ ਕਾਫ਼ਲਿਆਂ ਨਾਲ ਸ਼ਮੂਲੀਅਤ ਕਰਵਾਉਣ ਦੇ ਨਾਲ-ਨਾਲ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਕਰੀਬ 15 ਹਜ਼ਾਰ ਫਾਰਮ ਭਰਵਾਉਣਾ ਵੀ ਉਨ੍ਹਾਂ ਦੀਆਂ ਸੰਗਠਨਾਤਮਕ ਸਰਗਰਮੀਆਂ ਦਾ ਅਹਿਮ ਹਿੱਸਾ ਰਿਹਾ ਹੈ।

ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਟਰੱਕ ਯੂਨੀਅਨਾਂ ਅਤੇ ਵਪਾਰੀ ਵਰਗ ਨਾਲ ਲੰਮੇ ਸਮੇਂ ਤੋਂ ਬਣੇ ਸੰਪਰਕਾਂ ਨੂੰ ਉਨ੍ਹਾਂ ਦੀ ਸਥਾਨਕ ਸਿਆਸਤ ਦੀ ਅਹਿਮ ਪੂੰਜੀ ਮੰਨਿਆ ਜਾ ਰਿਹਾ ਹੈ। ਹਲਕੇ ਵਿੱਚ ਲਗਾਤਾਰ ਲੋਕ ਸੰਪਰਕ ਅਤੇ ਪਾਰਟੀ ਗਤੀਵਿਧੀਆਂ ਰਾਹੀਂ ਆਪਣੀ ਪਹੁੰਚ ਵਧਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਆਉਣ ਵਾਲੇ ਸਿਆਸੀ ਸਮੀਕਰਨਾਂ ਦੇ ਮੱਦੇਨਜ਼ਰ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।ਇਸ ਮੌਕੇ ਉਨਾਂ ਨਾਲ ਪੀਪੀਸੀਸੀ ਮੈਬਰ ਪ੍ਰਿਤਪਾਲ ਸਿੰਘ ਬਿੱਟੂ ਸ਼ਾਹਪੁਰ ਅਤੇ ਹਰਦੀਪ ਸਿੰਘ ਕੁਲਾਰਾਂ ਬਲਾਕ ਪ੍ਰਧਾਨ ਵੀ ਮੌਜੂਦ ਸਨ।


author

Shubam Kumar

Content Editor

Related News