ਕੈਨੇਡਾ ਯੂਨੀਵਰਸਿਟੀ ਨਾਲ ਸਮਝੌਤਾ

Monday, Nov 05, 2018 - 02:44 PM (IST)

ਕੈਨੇਡਾ ਯੂਨੀਵਰਸਿਟੀ ਨਾਲ ਸਮਝੌਤਾ

ਪਟਿਆਲਾ (ਜੋਸਨ)-ਕੈਨੇਡਾ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਨਾਲ ਕੀਤੇ ਹੋਏ ਸਮਝੌਤੇ ਦੀ ਨਿਰੰਤਰਤਾ ਵਿਚ ਕੈਨੇਡੀਅਨ ਯੂਨੀਵਰਸਿਟੀ ਦੇ ਇਕ ਉੱਚ ਪੱਧਰੀ ਵਫ਼ਦ ਵੱਲੋਂ ਵਾਈਸ-ਚਾਂਸਲਰ ਅਤੇ ਪ੍ਰੈਜ਼ੀਡੈਂਟ ਡਾ. ਜੌਨੀ ਮੈਕਲੀਨ ਅਤੇ ਚਾਂਸਲਰ ਡਾ. ਐਂਡੀ ਸਿੱਧੂ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦਾ ਅਸਲ ਮਕਸਦ ਦੋਹਾਂ ਯੂਨੀਵਰਸਿਟੀਆਂ ਵਿਚ ਹੋਏ ਆਪਸੀ ਸਮਝੌਤੇ ਦੀਆਂ ਸ਼ਰਤਾਂ ਸਬੰਧੀ ਗਤੀਵਿਧੀਆਂ ਦਾ ਆਯੋਜਨ ਕਰਨਾ ਅਤੇ ਭਵਿੱਖ ਵਿਚ ਹੋਰ ਖੇਤਰਾਂ ਵਿਚ ਆਪਸੀ ਸਾਂਝ ਪਕੇਰੀ ਕਰਨਾ ਸੀ। ਦੋਹਾਂ ਅਦਾਰਿਆਂ ਵਿਚ ਵਿਦਿਆਰਥੀ ਲਈ ਡੂਅਲ ਡਿਗਰੀ ਪ੍ਰੋਗਰਾਮਾਂ ਸਬੰਧੀ ਸਹਿਮਤੀ ਬਣੀ ਹੈ ਅਤੇ ਅਕਾਦਮਿਕ ਸਾਂਝ ਨੂੰ ਪਕੇਰੀ ਕਰਨ ਦੇ ਮਕਸਦ ਨਾਲ ਸਾਂਝੇ ਖੋਜ ਪ੍ਰਾਜੈਕਟ, ਫੈਕਲਟੀ ਸੇਵਾਵਾਂ ਦਾ ਆਦਾਨ-ਪ੍ਰਦਾਨ, ਸਾਂਝੇ ਪ੍ਰੋਗਰਾਮ, ਜਿਨ੍ਹਾਂ ਵਿਚ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ, ਵਰਕਸ਼ਾਪਾਂ ਤੇ ਲੈਕਚਰਾਂ ਆਦਿ ਦਾ ਆਯੋਜਨ ਅਤੇ ਪ੍ਰਕਾਸ਼ਨਾਵਾਂ ਦਾ ਆਦਾਨ-ਪ੍ਰਦਾਨ ਦੇ ਪੱਖ ਤੋਂ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਉਪਰੰਤ ਵਾਈਸ-ਚਾਂਸਲਰ ਵੱਲੋਂ ਇਸ ਵਫਦ ਨੂੰ ਗੁਰੂ ਤੇਗ ਬਹਾਦਰ ਹਾਲ ਵਿਖੇ ਚੱਲ ਰਹੇ ਅੰਤਰ ਖੇਤਰੀ ਯੁਵਕ ਮੇਲੇ ਦਾ ਦੌਰਾ ਵੀ ਕਰਵਾਇਆ ਗਿਆ ਜਿੱਥੇ ਚੱਲ ਰਹੇ ਲੋਕ-ਸਾਜ਼ ਦੇ ਮੁਕਾਬਲੇ ਦੀਆਂ ਆਈਟਮਾਂ ਨੂੰ ਇਸ ਵਫਦ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੀ ਵਾਈਸ-ਚਾਂਸਲਰ ਡਾ. ਜੌਨੀ ਮੈਕਲੀਨ ਵੱਲੋਂ ਇਸ ਦੌਰੇ ਸਬੰਧੀ ਤਸੱਲੀ ਪ੍ਰਗਟਾਈ ਗਈ। ਚਾਂਸਲਰ ਡਾ. ਐਂਡੀ ਸਿੱਧੂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਇਹ ਪ੍ਰੋਗਰਾਮ ਐਨਾ ਪਸੰਦ ਆਇਆ ਹੈ ਕਿ ਜੇਕਰ ਉਨ੍ਹਾਂ ਨੇ ਹੋਰ ਪ੍ਰੋਗਰਾਮ ਨਾ ਉਲੀਕੇ ਹੁੰਦੇ ਤਾਂ ਉਹ ਇੱਥੇ ਇਸ ਪ੍ਰੋਗਰਾਮ ਨੂੰ ਹੀ ਮਾਣਦੇ ਰਹਿੰਦੇ। ਇਸ ਸਮੁੱਚੇ ਦੌਰੇ ਦੌਰਾਨ ਕੈਨੇਡੀਅਨ ਵਫਦ ਵਿਚ ਹੋਰਨਾਂ ਤੋਂ ਇਲਾਵਾ ਮਿਸ ਮੌਰੀਨ ਮਰਫ਼ੀ, ਲੀਗਲ ਕੌਂਸਲ ਅਤੇ ਮਿਸ ਸਤਵਿੰਦਰ ਬੈਂਸ ਪ੍ਰਿੰਸੀਪਲ ਯੂ. ਐੱਫ. ਵੀ. ਇੰਡੀਆ ਗਲੋਬਲ ਐਜੂਕੇਸ਼ਨ ਸ਼ਾਮਲ ਸਨ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਵਿਚਾਰ-ਚਰਚਾ ਵਿਚ ਭਾਗ ਲੈਣ ਵਾਲਿਆਂ ’ਚ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡਾਇਰੈਕਟਰ ਅੰਤਰਰਾਸ਼ਟਰੀ ਵਿਦਿਆਰਥੀ ਡਾ. ਅਸ਼ੋਕ ਮਲਿਕ, ਡੀਨ ਕਾਲਜਜ਼ ਅਤੇ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ, ਡਾ. ਲਖਵਿੰਦਰ ਗਿੱਲ, ਸਾਬਕਾ ਡਾਇਰੈਕਟਰ ਅੰਤਰਰਾਸ਼ਟਰੀ ਵਿਦਿਆਰਥੀ, ਡਾ. ਦਮਨਜੀਤ ਕੌਰ ਸੰਧੂ, ਮਨੋਵਿਗਿਆਨ ਵਿਭਾਗ ਸ਼ਾਮਿਲ ਸਨ।


Related News