ਮੁਲਾਜ਼ਮ ਲਹਿਰ ਦੇ ਆਗੂ ਮਨਜੀਤ ਸਿੰਘ ਚਾਹਲ ਦੀ ਸੇਵਾ ਮੁਕਤੀ ’ਤੇ ਵਿਸੇ਼ਸ ਸਨਮਾਨ ਸਮਾਰੋਹ

Monday, Jul 04, 2022 - 06:26 PM (IST)

ਮੁਲਾਜ਼ਮ ਲਹਿਰ ਦੇ ਆਗੂ ਮਨਜੀਤ ਸਿੰਘ ਚਾਹਲ ਦੀ ਸੇਵਾ ਮੁਕਤੀ ’ਤੇ ਵਿਸੇ਼ਸ ਸਨਮਾਨ ਸਮਾਰੋਹ

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੂਚਨਾਂ ਤੇ ਲੋਕ ਸੰਪਰਕ ਅਫਸਰ ਮਨਜੀਤ ਸਿੰਘ ਚਾਹਲ ਦੀ ਸੇਵਾ ਮੁਕਤੀ ਮੌਕੇ ਅੱਜ ਇਥੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਉਨ੍ਹਾਂ ਦਾ ਵਿਸੇਸ਼ ਸਨਮਾਨ ਕੀਤਾ। ਇਸ ਸਮਾਰੋਹ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਮ੍ਰਿੰਤਸਰ, ਗੁਰਦਾਸਪੁਰ, ਤਰਨਤਾਰਨ, ਸੰਗਰੂਰ, ਬਰਨਾਲਾ, ਲਹਿਰਾਂ ਮੁਹੱਬਤ, ਬਠਿਡਾ, ਪਟਿਆਲਾ ਅਤੇ ਮੁੱਖ ਦਫਤਰ ਪਟਿਆਲਾ ਤੋਂ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ ਸ਼ਾਮਲ ਹੋਏ। ਇਸ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਦੱਸਿਆ ਕਿ ਮਨਜੀਤ ਸਿੰਘ ਚਾਹਲ ਪਿਛਲੇ 33 ਸਾਲ ਤੋ ਮੁਲਾਜ਼ਮ ਲਹਿਰ ਦੀ ਜਥੇਬੰਦੀ ਦੇ ਜਨਰਲ ਸਕੱਤਰ ਦੇ ਤੌਰ ’ਤੇ ਸੇਵਾ ਕਰਦੇ ਆ ਰਹੇ ਹਨ। ਜਥੇਬੰਦੀ ਨੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਦੀਆਂ ਅਗਲੀਆਂ ਚੋਣਾਂ ਤੱਕ ਮੁਲਾਜ਼ਮ ਲਹਿਰ ਦੀ ਸੇਵਾ ਕਰਦੇ ਰਹਿਣ। ਆਗੂਆਂ ਨੇ ਕਿਹਾ ਕਿ ਉਹ ਸਰਕਾਰ ਤੇ ਮਨੈਜਮੈਂਟ ਖ਼ਿਲਾਫ ਅਤੇ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੇ ਖ਼ਿਲਾਫ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ। 

ਇਸੇ ਮੌਕੇ ’ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਖਲਣੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਵਾਰ ਦੇ ਬਜਟ ਵਿਚ ਮੁਲਾਜ਼ਮਾਂ ਦੀ ਇਸ ਮੰਗ ਬਾਰੇ ਕੋਈ ਐਲਾਨ ਨਹੀਂ ਕੀਤਾ। ਮੁਲਾਜ਼ਮ ਵਿੰਗ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁਲਾਜ਼ਮਾਂ ਦੇ ਹਿੱਤਾ ਦਾ ਹਮੇਸ਼ਾ ਖਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ 4 ਤਨਖਾਹ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਹੀ ਬਣਾਏ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ। ਇਸ ਮੌਕੇ ਤੇ ਜਥੇਬੰਦੀ ਦੇ ਸੂਬਾਈ ਕਮੇਟੀ ਨੇ ਮਨਜੀਤ ਸਿੰਘ ਚਾਹਲ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਤ ਕੀਤਾ। 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਵੱਲੋ ਅਧੀਨ ਸਕੱਤਰ ਮਨਮੋਹਨ ਸਿੰਘ ਅਤੇ ਰਾਜਿੰਦਰ ਕੁਮਾਰ ਸ਼ਰਮਾ ਨੇ ਯਾਦਗਾਰੀ ਚਿੰਨ ਭੇਟ ਕੀਤਾ। ਸਮਾਗਮ ਨੂੰ ਹੋਰਨਾਂ ਤੋ ਇਲਾਵਾ ਅਧਿਆਪਕ ਦਲ ਦੇ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਅਤੇ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਆਗੂਆਂ ਪੂਰਨ ਸਿੰਘ ਖਾਈ, ਬਲਵਿੰਦਰ ਸਿੰਘ ਭੱਠੇਭੈਣੀ, ਮੰਗਲ ਸਿੰਘ ਠਰੂ, ਪ੍ਰਤਾਪ ਸਿੰਘ ਸੁੱਖੇਵਾਲ, ਬਲਜੀਤ ਸਿੰਘ ਬਰਾੜ, ਇੰਦਰਜੀ਼ਤ ਸਿੰਘ ਅਕਾਲ, ਜਗਜੀਤ ਸਿੰਘ ਮੱਤੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਗੀਤਕਾਰ ਭਾਗ ਸੰਦਲ ਤੇ ਲਖਵਿੰਦਰ ਕੈਨੇਡੀ ਨੇ ਇਨਕਲਾਬੀ ਗੀਤਾਂ ਨਾਲ ਸਮਾਗਮ ਦਾ ਰੰਗ ਬੰਨਿਆ। ਮਨਜੀਤ ਸਿੰਘ ਚਾਹਲ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ।


author

Gurminder Singh

Content Editor

Related News