ਪਾਕਿ ਦੀ ਗੁਪਤਚਰ ਏਜੰਸੀ ISI ਮੁੜ ਸ਼ੁਰੂ ਕਰੇਗੀ ਆਪਣੀ ਕੇ-2 ਯੋਜਨਾਂ, ਪਾਕਿ ਸਰਕਾਰ ਦੇਵੇਗੀ 100 ਕਰੋੜ ਦਾ ਫੰਡ
Tuesday, Jun 07, 2022 - 03:45 PM (IST)
 
            
            ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਸਰਕਾਰ ਨੇ ਆਪਣੀ ਗੁਪਤਚਰ ਏਜੰਸੀ ਆਈ.ਐੱਸ.ਆਈ ਨੂੰ ਆਪਣੀ ਕੇ-2 (ਕਸ਼ਮੀਰ-ਖਾਲਿਸਤਾਨ) ਯੋਜਨਾ ਜਿਸ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਨੂੰ ਫਿਰ ਤੋਂ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ। ਭਾਰਤੀ ਗੁਪਤਚਰ ਏਜੰਸੀਆਂ ਇਸ ਸਬੰਧੀ ਜਾਣਕਾਰੀ ਮਿਲਦੇ ਚੌਕਸ ਹੋ ਗਈਆਂ ਹਨ ਅਤੇ ਪਾਕਿਸਤਾਨ ਦੀ ਹਰ ਸਾਜਿਸ਼ ਦਾ ਸਾਹਮਣਾ ਕਰਨ ਦੀ ਤਿਆਰੀ ’ਚ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ.ਐੱਸ.ਆਈ ਨੇ ਸਾਲ 2015 ’ਚ ਕੇ-2 ਯੋਜਨਾ ਬਣਾ ਕੇ ਉਸ ’ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਵਿਚ ਕਸ਼ਮੀਰ ’ਚ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਨਾਲ-ਨਾਲ ਭਾਰਤੀ ਪੰਜਾਬ ਵਿਚ ਖਾਲਿਸਤਾਨ ਲਹਿਰ ਨੂੰ ਵੀ ਸਰਗਰਮ ਕਰਨਾ ਸੀ। ਉਦੋਂ ਪੰਜਾਬ ਪੁਲਸ ਨੇ ਗੁਪਤਚਰ ਏਜੰਸੀਆਂ ਦੀ ਮਦਦ ਨਾਲ ਖਾਲਿਸਤਾਨ ਲਹਿਰ ਨਾਲ ਸਬੰਧਿਤ ਅਤੇ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੇ ਤਸ਼ੱਕਰਾਂ ’ਤੇ ਸ਼ਿਕੰਜ਼ਾਂ ਕਸਦੇ ਹੋਏ ਇਸ ਕੇ-2 ਸਾਜਿਸ਼ ਨੂੰ ਪੰਜਾਬ ਵਿਚ ਅਸਫਲ ਕਰ ਦਿੱਤਾ ਸੀ। ਉੱਥੇ ਕਸ਼ਮੀਰ ਵਿਚ ਇਸ ਸਾਜਿਸ਼ ਦਾ ਸੁਰੱਖਿਆ ਬਲਾਂ ਨੇ ਸਾਹਮਣਾ ਕਰਕੇ ਅਸਫਲ ਬਣਾ ਦਿੱਤਾ ਸੀ, ਜਿਸ ਕਾਰਨ ਉਦੋਂ ਆਈ.ਐੱਸ.ਆਈ ਨੇ ਆਪਣੇ ਕੇ-2 ਆਪ੍ਰੇਸ਼ਨ ਨੂੰ ਬੰਦ ਕਰ ਦਿੱਤਾ ਸੀ।
ਉਦੋਂ ਪਾਕਿਸਤਾਨ ਤੋਂ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਲਈ ਆਈ.ਐੱਸ.ਆਈ ਏਜੰਸੀ ਨੇ ਜਿਸ ਅੰਤਰਰਾਸ਼ਟਰੀ ਤਸੱਕਰ ਗਫੂਰਾ ਪਟਵਾਰੀ ਅਤੇ ਤਾਜ ਹੁਸੈਨ ਸੇਠ ਨੂੰ ਤੈਨਾਤ ਕੀਤਾ ਸੀ। ਜੋ ਕਿ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸੀ, ਨੂੰ ਏਜੰਸੀ ਨੇ ਜੇਲ ਤੋਂ ਰਿਹਾਅ ਕਰਵਾ ਕੇ ਫਿਰ ਕੇ-2 ਆਪ੍ਰੇਸ਼ਨ ਵਿਚ ਮਦਦ ਕਰਨ ਦੇ ਲਈ ਆਦੇਸ ਦਿੱਤਾ ਹੈ। ਸੂਤਰਾਂ ਅਨੁਸਾਰ ਡ੍ਰੋਨ ਯੋਜਨਾ ਵੀ ਪਾਕਿਸਤਾਨ ਦੀ ਗੁਪਤਚਰ ਏਜੰਸੀ ਦੀ ਕੇ -2 ਆਪ੍ਰੇਸ਼ਨ ਦਾ ਹਿੱਸਾ ਹੈ।
ਸੂਤਰਾਂ ਨੇ ਦੱਸਿਆ ਕਿ ਭਾਰਤ ਵਿਚ ਕੇ-2 ਯੋਜਨਾ ਨੂੰ ਸਫਲ ਬਣਾਉਣ ਦੇ ਲਈ ਆਈ.ਐੱਸ.ਆਈ ਨੇ ਆਪਣੀ ਸਰਕਾਰ ਤੋਂ ਇਲਾਵਾ 100 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਨੂੰ ਪਾਕਿਸਤਾਨ ਦੀ ਸਹਿਬਾਜ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਆਉਣ ਵਾਲੇ ਸਮੇਂ ਵਿਚ ਭਾਰਤੀ ਕਸ਼ਮੀਰ ਦੇ ਨਾਲ ਨਾਲ ਪੰਜਾਬ ’ਚ ਵੀ ਹਾਲਾਤ ਖ਼ਰਾਬ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਭਾਰਤੀ ਗੁਪਤਰਚਰ ਏਜੰਸੀਆਂ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਪਰ ਭਾਰਤੀ ਗੁਪਤਚਰ ਏਜੰਸੀਆਂ ਦੇ ਆਪਸੀ ਤਾਲਮੇਲ ਦੀ ਘਾਟ ਸਾਰਿਆਂ ਨੂੰ ਪਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            