ਦੁਨੀਆ ਦੀਆਂ 500 ਸਭ ਤੋਂ ਅਮੀਰ ਹਸਤੀਆਂ ਦੇ ਇਕ ਦਿਨ ’ਚ ਡੁੱਬੇ 108 ਅਰਬ ਡਾਲਰ

Tuesday, Jan 28, 2025 - 09:52 PM (IST)

ਦੁਨੀਆ ਦੀਆਂ 500 ਸਭ ਤੋਂ ਅਮੀਰ ਹਸਤੀਆਂ ਦੇ ਇਕ ਦਿਨ ’ਚ ਡੁੱਬੇ 108 ਅਰਬ ਡਾਲਰ

ਨਵੀਂ ਦਿੱਲੀ– ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਦੇ ਸਾਂਝੇ ਤੌਰ ’ਤੇ 108 ਬਿਲੀਅਨ ਡਾਲਰ ਡੁੱਬ ਗਏ। ਚੀਨੀ ਏ. ਆਈ. ਡਿਵੈੱਲਪਰ ਡੀਪਸੀਕ ਨਾਲ ਜੁੜੀ ਤਕਨੀਕ ਆਧਾਰਿਤ ਵਿਕਰੀ ਨੇ ਮੁੱਖ ਸੂਚਕ ਅੰਕਾਂ ਨੂੰ ਡੇਗ ਿਦੱਤਾ, ਜਿਸ ਨਾਲ ਇੰਨਾ ਵੱਡਾ ਨੁਕਸਾਨ ਹੋ ਗਿਆ।

ਬਲੂਮਬਰਗ ਦੀ ਖਬਰ ਅਨੁਸਾਰ ਐਨਵੀਡੀਆ ਕਾਰਪ ਦੇ ਸਹਿ-ਸੰਸਥਾਪਕ ਜੇਨਸਨ ਹੁਆਂਗ ਦੀ ਅਗਵਾਈ ’ਚ ਅਰਬਪਤੀਆਂ ਦੀ ਜਾਇਦਾਦ, ਜੋ ਏ. ਆਈ. ਨਾਲ ਜੁੜੀ ਹੈ, ਸਭ ਤੋਂ ਵੱਧ ਨੁਕਸਾਨ ’ਚ ਰਹੀ। ਹੁਆਂਗ ਨੇ ਆਪਣੀ ਜਾਇਦਾਦ ’ਚ 20 ਫੀਸਦੀ ਦੀ ਗਿਰਾਵਟ ਦੇ ਨਾਲ 20.1 ਅਰਬ ਡਾਲਰ ਦੀ ਗਿਰਾਵਟ ਦੇਖੀ ਜਦਕਿ ਅੋਰੇਕਲ ਕਾਰਪ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਦਾ 22.6 ਅਰਬ ਡਾਲਰ ਦਾ ਨੁਕਸਾਨ ਰਿਹਾ।

ਮਾਈਕਲ ਡੈੱਲ ਨੇ 13 ਅਰਬ ਡਾਲਰ ਗੁਆਏ

ਡੈੱਲ ਇੰਕ ਦੇ ਮਾਈਕਲ ਡੈੱਲ ਨੇ 13 ਅਰਬ ਡਾਲਰ ਗੁਆਏ ਅਤੇ ਬਿਨੇਂਸ ਹੋਲਡਿੰਗਜ਼ ਲਿਮਟਿਡ ਦੇ ਸਹਿ ਸੰਸਥਾਪਕ ਚਾਂਗਪੇਂਗ ਸੀ. ਜ਼ੈੱਡ. ਝਾਓ ਨੇ 12.1 ਅਰਬ ਡਾਲਰ ਗੁਆ ਦਿੱਤੇ। ਇਕ ਗਰੁੱਪ ਦੇ ਤੌਰ ’ਤੇ ਟੈੱਕ-ਸੈਕਟਰ ਦੇ ਦਿੱਗਜ਼ਾਂ ਨੇ 94 ਅਰਬ ਡਾਲਰ ਦੀ ਜਾਇਦਾਦ ਨੂੰ ਡੁੱਬਦੇ ਦੇਖਿਆ। ਇਹ ਬਲੂਮਬਰਗ ਇੰਡੈਕਸ ਦੀ ਕੁੱਲ ਗਿਰਾਵਟ ਦਾ ਲੱਗਭਗ 85 ਫੀਸਦੀ ਹੈ। ਨੈਸਡੈਕ ਕੰਪੋਜ਼ਿਟ ਇੰਡੈਕਸ ’ਚ 3.1 ਫੀਸਦੀ ਦੀ ਗਿਰਾਵਟ ਆਈ ਅਤੇ ਐੱਸ. ਐਂਡ ਪੀ. 500 ’ਚ 1.5 ਫੀਸਦੀ ਦੀ ਗਿਰਾਵਟ ਆਈ।

ਡੀਪਸੀਕ ਹੈ ਸੁਰਖੀਆਂ ’ਚ

ਹਾਂਗਜੋ ਸਥਿਤ ਡੀਪਸੀਕ 2023 ਤੋਂ ਏ. ਆਈ. ਮਾਡਲ ਵਿਕਸਿਤ ਕਰ ਰਿਹਾ ਹੈ ਪਰ ਕੰਪਨੀ ਇਸ ਹਫਤੇ ਦੇ ਅਖੀਰ ’ਚ ਕਈ ਪੱਛਮੀ ਨਿਵੇਸ਼ਕਾਂ ਦੇ ਰਾਡਾਰ ’ਤੇ ਆਈ ਕਿਉਂਕਿ ਇਸ ਦਾ ਫ੍ਰੀ ਡੀਪਸੀਕ ਆਰ-1 ਚੈਟਬਾਟ ਐਪ ਪੂਰੀ ਦੁਨੀਆ ’ਚ ਡਾਊਨਲੋਡ ਚਾਰਟ ’ਚ ਸਭ ਤੋਂ ਉੱਪਰ ਰਿਹਾ। ਵੱਡੀ ਗਿਣਤੀ ’ਚ ਇੰਨੇ ਨਵੇਂ ਯੂਜ਼ਰਜ਼ ਜੁੜ ਗਏ ਕਿ ਡੀਪਸੀਕ ਨੂੰ ਐਪ ਨੂੰ ਆਨਲਾਈਨ ਰੱਖਣ ’ਚ ਮਿਹਨਤ ਕਰਨੀ ਪਈ, ਆਊਟੇਜ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੂੰ ਚੀਨੀ ਫੋਨ ਨੰਬਰ ਵਾਲੇ ਯੂਜ਼ਰਜ਼ ਤੱਕ ਸਾਈਨਅੱਪ ਸੀਮਤ ਕਰਨ ਲਈ ਮਜਬੂਰ ਹੋਣਾ ਪਿਆ।

ਡੀਪਸੀਕ ਦਾ ਕਹਿਣਾ ਹੈ ਕਿ ਉਸ ਨੂੰ ਡਾਰਕ-ਹਾਰਸ ਐਂਟਰੀ ਨੂੰ ਵਿਕਸਿਤ ਕਰਨ ’ਚ ਸਿਰਫ 5.6 ਲੱਖ ਡਾਲਰ ਦੀ ਲਾਗਤ ਆਈ। ਇਸ ਨੇ ਉਨ੍ਹਾਂ ਅਰਬਪਤੀਆਂ ਨੂੰ ਇਕ ਗੰਭੀਰ ਝਟਕਾ ਦਿੱਤਾ, ਜਿਨ੍ਹਾਂ ਦੀ ਕਿਸਮਤ ਪੱਛਮੀ ਏ. ਆਈ. ਸਪਲਾਈ ਚੇਨ ਨਾਲ ਜੁੜੀ ਹੋਈ ਹੈ, ਜੋ ਪਿਛਲੇ 2 ਸਾਲਾਂ ’ਚ ਇਕਵਿਟੀ ਬਾਜ਼ਾਰ ਦਾ ਸਭ ਤੋਂ ਵੱਡਾ ਚਾਲਕ ਰਿਹਾ ਹੈ।

ਮੇਟਾ ਏ. ਆਈ. ਨਾਲ ਸਬੰਧਤ ਪ੍ਰਾਜੈਕਟਾਂ ’ਤੇ ਕਰੇਗਾ ਵੱਡਾ ਖਰਚ

ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਹਾਲ ਹੀ ’ਚ ਐਲਾਨ ਕੀਤਾ ਕਿ ਕੰਪਨੀ ਨੇ ਇਸ ਸਾਲ ਏ. ਆਈ. ਨਾਲ ਸਬੰਧਤ ਪ੍ਰਾਜੈਕਟਾਂ ’ਤੇ 60 ਤੋਂ 65 ਅਰਬ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਹੈ। ਬਲੂਮਬਰਗ ਇੰਟੈਲੀਜੈਂਸ ਦੀ ਇਕ ਰਿਪੋਰਟ ਅਨੁਸਾਰ ਸਾਰੀਆਂ ਵੱਡੀਆਂ ਟੈੱਕ ਫਰਮਾਂ ’ਚ ਪੂੰਜੀਗਤ ਖਰਚਾ 2025 ’ਚ 200 ਅਰਬ ਡਾਲਰ ਤੱਕ ਪਹੁੰਚਣ ਦੀ ਗਤੀ ’ਤੇ ਹੈ।

ਐਨਵੀਡੀਆ ਹੁਣ ਤੱਕ ਏ. ਆਈ. ਬੂਮ ਦੇ ਸਭ ਤੋਂ ਵੱਡੇ ਜੇਤੂ ਦੇ ਰੂਪ ’ਚ ਉਭਰਿਆ ਹੈ, ਹੁਆਂਗ ਦੀ ਕੁੱਲ ਜਾਇਦਾਦ 2023 ਦੇ ਸ਼ੁਰੂ ਤੋਂ ਸ਼ੁੱਕਰਵਾਰ ਤੱਕ ਲੱਗਭਗ 8 ਗੁਣਾ ਵਧ ਕੇ 121 ਅਰਬ ਡਾਲਰ ਹੋ ਗਈ ਹੈ। ਇਸ ਮਿਆਦ ’ਚ ਜ਼ੁਕਰਬਰਗ ਦੀ ਜਾਇਦਾਦ 385 ਫੀਸਦੀ ਵਧ ਕੇ 229 ਅਰਬ ਡਾਲਰ ਹੋ ਗਈ ਅਤੇ ਐਮੇਜ਼ਾਨ ਦੇ ਜੈੱਫ ਬੇਜੋਸ ਦੀ ਜਾਇਦਾਦ 133 ਫੀਸਦੀ ਵਧ ਕੇ 254 ਅਰਬ ਡਾਲਰ ਹੋ ਗਈ।


author

Rakesh

Content Editor

Related News