2 ਅਕਤੂਬਰ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ, ਨਵੀਂ ਸਕੀਮ ਲਾਂਚ ਕਰੇਗੀ ਸੁੱਖੂ ਸਰਕਾਰ
Monday, Aug 24, 2026 - 10:27 PM (IST)
ਸ਼ਿਮਲਾ - ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ 2 ਅਕਤੂਬਰ ਨੂੰ ਗਾਂਧੀ ਜਯੰਤੀ ’ਤੇ ‘ਆਪਣਾ ਪਰਿਵਾਰ, ਸੁਖੀ ਪਰਿਵਾਰ’ ਯੋਜਨਾ ਲਾਂਚ ਕਰੇਗੀ। ਇਸ ਯੋਜਨਾ ਤਹਿਤ 2 ਲੱਖ ਯੋਗ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ 1500 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਦਿੱਲੀ ਦੌਰੇ ਤੋਂ ਪਰਤੇ ਮੁੱਖ ਮੰਤਰੀ ਨੇ ਵਿਧਾਨ ਸਭਾ ਸਦਨ ਵਿਚ ਇਹ ਐਲਾਨ ਨਿਯਮ 130 ਤਹਿਤ ਸਿਹਤ ਸੇਵਾਵਾਂ ’ਤੇ ਹੋਈ ਚਰਚਾ ਦੌਰਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਿਹਤ ਵਿਭਾਗ ਵਿਚ 300 ਡਾਕਟਰਾਂ ਦੀਆਂ ਅਸਾਮੀਆਂ ਭਰੇਗੀ।
ਇਸ ਤੋਂ ਇਲਾਵਾ, ਦਸੰਬਰ ਅਤੇ ਮਾਰਚ ਦੇ ਵਿਚਕਾਰ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਨਰਸਿੰਗ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਪੜਾਅਵਾਰ ਭਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਸੰਭਾਲ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
