ਜੰਤਰ-ਮੰਤਰ 'ਤੇ ਕਿਸਾਨ ਬੀਬੀਆਂ ਨੇ ਕੀਤਾ 'ਕਿਸਾਨ ਸੰਸਦ' ਦਾ ਆਯੋਜਨ, ਕੇਂਦਰ ਨੂੰ ਦਿੱਤੀ ਚੁਣੌਤੀ

Monday, Jul 26, 2021 - 04:32 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਕਰੀਬ 200 ਕਿਸਾਨ ਬੀਬੀਆਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸੋਮਵਾਰ ਨੂੰ ਇਕੱਠੇ ਹੋ ਕੇ 'ਕਿਸਾਨ ਸੰਸਦ' ਦਾ ਆਯੋਜਨ ਕੀਤਾ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। ਸੋਮਵਾਰ ਦੇ 'ਕਿਸਾਨ ਸੰਸਦ' 'ਚ ਜ਼ਰੂਰੀ ਵਸਤੂ (ਸੋਧ) ਐਕਟ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਕਿਸਾਨਾਂ ਨੇ ਇਕ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜੋ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦਾ ਹੋਵੇ। ਜਨਾਨੀਆਂ ਦੇ 'ਕਿਸਾਨ ਸੰਸਦ' ਦਾ ਸੰਚਾਲਨ ਰਾਜਨੇਤਾ ਅਤੇ ਸਪੀਕਰ ਸੁਭਾਸ਼ਿਨੀ ਅਲੀ ਨੇ ਕੀਤੀ। ਇਸ ਦੀ ਸ਼ੁਰੂਆਤ ਰਾਸ਼ਟਰਗਾਨ ਨਾਲ ਕੀਤੀ ਗਈ। ਇਸ ਤੋਂ ਬਾਅਦ ਪਿਛਲੇ 8 ਮਹੀਨੇ ਤੋਂ ਜਾਰੀ ਅੰਦੋਲਨ 'ਮ੍ਰਿਤਕ ਕਿਸਾਨਾਂ' ਦੀ ਯਾਦ 'ਚ 2 ਮਿੰਟ ਦਾ ਮੌਨ ਰੱਖਿਆ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਸੰਸਦ ਪੁੱਜੇ ਰਾਹੁਲ, ਬੋਲੇ- ‘ਖੇਤੀ ਕਾਨੂੰਨ ਵਾਪਸ ਲਓ’

ਅਲੀ ਨੇ ਕਿਹਾ,''ਅੱਜ ਦੀ 'ਸੰਸਦ' 'ਚ ਬੀਬੀਆਂ ਦੀ ਸ਼ਕਤੀ ਦਿਸੇਗੀ। ਬੀਬੀਆਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ ਅਤੇ ਅੱਜ ਇੱਥੇ ਹਰ ਵਿਅਕਤੀ ਆਗੂ ਹੈ।'' ਉਨ੍ਹਾਂ ਕਿਹਾ ਕਿ ਤਿੰਨੋਂ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਉਨ੍ਹਾਂ ਦੀ ਮੰਗ ਜਾਰੀ ਰਹੇਗੀ। ਉਨ੍ਹਾਂ ਕਿਹਾ,''ਸਰਕਾਰ ਸਾਨੂੰ ਅੱਤਵਾਦੀ ਅਤੇ ਖ਼ਾਲਿਸਤਾਨੀ ਆਦਿ ਵੱਖ-ਵੱਖ ਨਾਂਵਾਂ ਨਾਲ ਪੁਕਾਰਨਾ ਜਾਰੀ ਰੱਖੇ ਪਰ ਜੇਕਰ ਉਨ੍ਹਾਂ 'ਚ ਤਾਕਤ ਹੈ ਤਾਂ ਇਨ੍ਹਾਂ ਅੱਤਵਾਦੀਆਂ ਵਲੋਂ ਪੈਦਾ ਅੰਨ ਉਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ।'' ਕਿਸਾਨ ਆਗੂ ਨੀਤੂ ਖੰਨਾ ਨੇ  ਕਿਹਾ ਹੈ ਕਿ ਇਹ ਸ਼ਰਮਨਾਕ ਹੈ ਕਿ ਸਰਕਾਰ ਕਿਸਾਨਾਂ ਨਾਲ ਗਲਤ ਰਵੱਈਆ ਕਰ ਰਹੀ ਹੈ, ਜਦੋਂ ਕਿ ਉਹ ਹੀ ਹਨ, ਜੋ ਦੇਸ਼ ਨੂੰ ਜਿਊਂਦੇ ਰੱਖਦੇ ਹਨ।'' ਇਸ 'ਸੰਸਦ' 'ਚ ਆਈਆਂ ਹੋਰ ਕਿਸਾਨ ਬੀਬੀਆਂ ਨੇ ਇਕ ਸੁਰ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੋਹਰਾਈ। 

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ 8 ਮਹੀਨੇ ਪੂਰੇ, ਅੱਜ ਔਰਤਾਂ ਸੰਭਾਲਣਗੀਆਂ ‘ਕਿਸਾਨ ਸੰਸਦ’

ਨੋਟ : ਕਿਸਾਨਾਂ ਵਲੋਂ ਜੰਤਰ-ਮੰਤਰ 'ਤੇ ਲਗਾਈ ਜਾ ਰਹੀ ਕਿਸਾਨ ਸੰਸਦ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News