ਗੁਲਾਮ ਨਬੀ ਆਜ਼ਾਦ ਜਾਂ ਨਕਵੀ ਬਣਨਗੇ ਉਪ ਰਾਸ਼ਟਰਪਤੀ?

Friday, Jul 01, 2022 - 12:41 PM (IST)

ਗੁਲਾਮ ਨਬੀ ਆਜ਼ਾਦ ਜਾਂ ਨਕਵੀ ਬਣਨਗੇ ਉਪ ਰਾਸ਼ਟਰਪਤੀ?

ਨਵੀਂ ਦਿੱਲੀ– ਉਪ ਰਾਸ਼ਟਰਪਤੀ ਅਹੁਦੇ ਲਈ ਜੋ ਨਾਂ ਚਰਚਾ ’ਚ ਹਨ, ਉਨ੍ਹਾਂ ’ਚ ਗੁਲਾਮ ਨਬੀ ਆਜ਼ਾਦ ਦਾ ਨਾਂ ਸੱਤਾਧਾਰੀ ਪਾਰਟੀ ਵੱਲੋਂ ਸਭ ਤੋਂ ਨਵਾਂ ਨਾਂ ਹੈ। ਮੌਜੂਦਾ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਵੱਲੋਂ ਫਿਰ ਤੋਂ ਨਾਮਜ਼ਦਗੀ ਲਈ ਵਿਚਾਰ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸਾਊਥ ਬਲਾਕ ਦੇ ਗਲਿਆਰਿਆਂ ’ਚ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਨਾਂ ਦੀ ਚਰਚਾ ਹੈ। ਹਾਲਾਂਕਿ ਰਾਜਨਾਥ ਸਿੰਘ, ਹਰਦੀਪ ਸਿੰਘ ਪੁਰੀ, ਆਰਿਫ ਮੁਹੰਮਦ ਖਾਨ, ਤੇਲੰਗਾਨਾ ਤੋਂ ਸੀ. ਵਿੱਦਿਆਸਾਗਰ ਰਾਓ ਅਤੇ ਹੋਰਾਂ ਦੇ ਨਾਵਾਂ ’ਤੇ ਵੀ ਚਰਚਾ ਹੋਈ ਪਰ ਭਾਜਪਾ ਦੇ ਨਜ਼ਰੀਏ ਤੋਂ ਘੱਟ-ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਇਸ ਸੂਚੀ ’ਚ ਸਭ ਤੋਂ ਉੱਪਰ ਹਨ।

ਹਾਲਾਂਕਿ ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਆਜ਼ਾਦ ਇਸ ਅਹੁਦੇ ਲਈ ‘ਸਰਪ੍ਰਾਈਜ਼ ਚੋਣ’ ਹੋ ਸਕਦੇ ਹਨ। ਭਾਜਪਾ 10 ਜੁਲਾਈ ਤੋਂ ਪਹਿਲਾਂ ਆਪਣੀ ਪਸੰਦ ਦਾ ਐਲਾਨ ਕਰਨ ਲਈ ਤਿਆਰ ਹੈ। ਆਜ਼ਾਦ ਮੌਜੂਦਾ ਸਿਆਸੀ ਮਾਹੌਲ ’ਚ ਕਸੌਟੀ ’ਤੇ ਖਰੇ ਉਤਰਦੇ ਹਨ ਕਿਉਂਕਿ ਉਨ੍ਹਾਂ ਕੋਲ ਕਾਫੀ ਸਿਆਸੀ ਅਨੁਭਵ ਹੈ ਅਤੇ ਪਾਰਟੀ ਲਾਈਨ ਤੋਂ ਇਲਾਵਾ ਉਹ ਸਭ ਨੂੰ ਮਨਜ਼ੂਰ ਹਨ ਅਤੇ ਸਭ ਤੋਂ ਵੱਧ, ਇਹ ਕਾਂਗਰਸ ’ਤੇ ਇਕ ਸੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਨਾਰਾਜ਼ ਪਾਰਟੀ ਮੈਂਬਰਾਂ ਲਈ ਵੀ ਇਕ ਸੰਦੇਸ਼ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦ ਦੀ ਤਾਰੀਫ ਕੀਤੀ ਸੀ ਅਤੇ ਇਥੋਂ ਤੱਕ ਕਿ 2003 ’ਚ ਉਨ੍ਹਾਂ ਦੇ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਰਹਿੰਦੇ ਹੋਏ, ਉਨ੍ਹਾਂ ਨਾਲ ਆਪਣੇ ਨਿੱਜੀ ਸਬੰਧਾਂ ਦਾ ਵੀ ਖੁਲਾਸਾ ਕੀਤਾ ਸੀ। ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮਾਰਚ 2022 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਮੋਦੀ ਦੁਨੀਆ ਨੂੰ ਇਕ ਮਜ਼ਬੂਤ ਸੰਕੇਤ ਭੇਜਣਾ ਪਸੰਦ ਕਰ ਸਕਦੇ ਹਨ ਕਿ ਉਨ੍ਹਾਂ ਦੀ ਸਰਕਾਰ ਘੱਟ-ਗਿਣਤੀਆਂ ਦੀ ਪਰਵਾਹ ਕਰਦੀ ਹੈ। ਹਾਲਾਂਕਿ ਕਈ ਲੋਕਾਂ ਦਾ ਤਰਕ ਹੈ ਕਿ ਮੁਖਤਾਰ ਅੱਬਾਸ ਨਕਵੀ ਵਰਗਾ ਪਾਰਟੀ ਦਾ ਵਫਾਦਾਰ ਇਸ ਮਹੱਤਵਪੂਰਨ ਅਹੁਦੇ ਲਈ ਬਿਹਤਰ ਹੋਵੇਗਾ। ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਹਾਲ ਹੀ ’ਚ ਮਸਜਿਦਾਂ ਵਿਰੁੱਧ ਮੁਹਿੰਮ ਛੇੜਣ ਦਾ ਸਖਤ ਵਿਰੋਧ ਕੀਤਾ ਸੀ। ਫਿਰ ਕੱਟੜਪੰਥੀਆਂ ਦੇ ਤਾਬੂਤ ’ਚ ਆਖਰੀ ਕਿੱਲ ਉਦੋਂ ਠੋਕੀ ਗਈ ਜਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਇਕ ਖਾਸ ਇੰਟਰਵਿਊ ’ਚ ਕਿਹਾ,‘ਸਾਨੂੰ ਦੁਨੀਆ ਨੂੰ ਮੁੜ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਇਕ ਮੁਸਲਿਮ ਵੀ ਪ੍ਰਧਾਨ ਮੰਤਰੀ ਮੋਦੀ ਦੀ ‘ਪਛਾਣ ਦੀ ਸਿਆਸਤ’ ’ਚ ਫਿਟ ਬੈਠਦਾ ਹੈ ਪਰ ਮੋਦੀ ਸਿਆਸੀ ਪੰਡਿਤਾਂ ਨੂੰ ਸਰਪ੍ਰਾਈਜ਼ ਦੇਣ ਲਈ ਜਾਣੇ ਜਾਂਦੇ ਹਨ।


author

Rakesh

Content Editor

Related News