ਕਦੋਂ ਲਾਂਚ ਹੋ ਰਿਹਾ ਸਮੁੰਦਰਯਾਨ ਅਤੇ ਚੰਦਰਯਾਨ-4, ਸਰਕਾਰ ਨੇ ਮਿਸ਼ਨ ਬਾਰੇ ਦਿੱਤਾ ਵੱਡਾ ਅਪਡੇਟ

Friday, Feb 07, 2025 - 03:45 AM (IST)

ਕਦੋਂ ਲਾਂਚ ਹੋ ਰਿਹਾ ਸਮੁੰਦਰਯਾਨ ਅਤੇ ਚੰਦਰਯਾਨ-4, ਸਰਕਾਰ ਨੇ ਮਿਸ਼ਨ ਬਾਰੇ ਦਿੱਤਾ ਵੱਡਾ ਅਪਡੇਟ

ਨਵੀਂ ਦਿੱਲੀ — ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਸਾਲ 2027 'ਚ ਚੰਦਰਯਾਨ-4 ਮਿਸ਼ਨ ਲਾਂਚ ਕਰੇਗਾ, ਜਿਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ਤੋਂ ਚੱਟਾਨਾਂ ਦੇ ਨਮੂਨੇ ਇਕੱਠੇ ਕਰਕੇ ਉਨ੍ਹਾਂ ਨੂੰ ਧਰਤੀ 'ਤੇ ਲਿਆਉਣਾ ਹੈ। ਚੰਦਰਯਾਨ-4 ਮਿਸ਼ਨ ਦੇ ਤਹਿਤ ਦੋ ਵੱਖ-ਵੱਖ ਲਾਂਚ ਕੀਤੇ ਜਾਣਗੇ, ਜਿਸ ਵਿੱਚ ਮਿਸ਼ਨ ਦੇ ਪੰਜ ਯੰਤਰ ਭਾਰੀ ਵਜ਼ਨ ਵਾਲੇ ਲਾਂਚ ਵਾਹਨ ਰਾਹੀਂ ਭੇਜੇ ਜਾਣਗੇ। ਉਹ ਪੁਲਾੜ ਵਿੱਚ ਇੱਕ ਦੂਜੇ ਨਾਲ ਜੁੜੇ ਹੋਣਗੇ। ਸਿੰਘ ਨੇ ਇੰਟਰਵਿਊ ਵਿੱਚ ਕਿਹਾ, "ਚੰਦਰਯਾਨ-4 ਮਿਸ਼ਨ ਦਾ ਟੀਚਾ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਇਕੱਠੇ ਕਰਨਾ ਅਤੇ ਉਨ੍ਹਾਂ ਨੂੰ ਧਰਤੀ 'ਤੇ ਲਿਆਉਣਾ ਹੈ।

2026 'ਚ ਸਮੁੰਦਰਯਾਨ ਲਾਂਚ ਕਰੇਗਾ ਭਾਰਤ
ਮੰਤਰੀ ਨੇ ਕਿਹਾ ਕਿ ਗਗਨਯਾਨ ਨੂੰ ਅਗਲੇ ਸਾਲ ਪੁਲਾੜ ਵਿੱਚ ਭੇਜਿਆ ਜਾਵੇਗਾ। ਮਿਸ਼ਨ ਦੇ ਤਹਿਤ, ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਹੇਠਲੇ ਪੰਧ 'ਤੇ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ 2026 ਵਿੱਚ ਸਮੁੰਦਰੀ ਸਤ੍ਹਾ ਦੀ ਖੋਜ ਕਰਨ ਲਈ ਸਮੁੰਦਰਯਾਨ ਲਾਂਚ ਕਰੇਗਾ, ਜਿਸ ਵਿੱਚ ਤਿੰਨ ਵਿਗਿਆਨੀਆਂ ਨੂੰ ਇੱਕ ਵਿਸ਼ੇਸ਼ ਪਣਡੁੱਬੀ ਰਾਹੀਂ ਸਮੁੰਦਰ ਦੀ 6,000 ਮੀਟਰ ਦੀ ਡੂੰਘਾਈ ਵਿੱਚ ਭੇਜਿਆ ਜਾਵੇਗਾ।

ਜਤਿੰਦਰ ਸਿੰਘ ਨੇ ਕਿਹਾ, "ਇਹ ਪ੍ਰਾਪਤੀ ਭਾਰਤ ਦੇ ਹੋਰ ਪ੍ਰਮੁੱਖ ਮਿਸ਼ਨਾਂ ਦੇ ਨਾਲ ਮੇਲ ਖਾਂਦੀ ਹੋਵੇਗੀ ਅਤੇ ਵਿਗਿਆਨਕ ਉੱਤਮਤਾ ਵੱਲ ਦੇਸ਼ ਦੀ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੋਵੇਗੀ।"  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ 'ਤੇ ਆਪਣੇ ਭਾਸ਼ਣ 'ਚ ਸਮੁੰਦਰਯਾਨ ਮਿਸ਼ਨ ਦਾ ਜ਼ਿਕਰ ਕੀਤਾ ਸੀ।

ਭਾਰਤ ਇਸ ਸਾਲ ਪੁਲਾੜ 'ਚ ਰੋਬੋਟ 'ਵਯੋਮਮਿਤਰਾ' ਭੇਜੇਗਾ
ਮੰਤਰੀ ਨੇ ਕਿਹਾ ਕਿ ਸਮੁੰਦਰਯਾਨ ਮਿਸ਼ਨ ਮਹੱਤਵਪੂਰਨ ਖਣਿਜਾਂ, ਦੁਰਲੱਭ ਧਾਤਾਂ ਅਤੇ ਅਣਜਾਣ ਸਮੁੰਦਰੀ ਜੈਵ ਵਿਭਿੰਨਤਾ ਦੀ ਖੋਜ ਕਰਨ ਵਿੱਚ ਮਦਦ ਕਰੇਗਾ ਅਤੇ ਦੇਸ਼ ਦੀ ਆਰਥਿਕ ਤਰੱਕੀ ਅਤੇ ਵਾਤਾਵਰਣ ਸਥਿਰਤਾ ਲਈ ਮਹੱਤਵਪੂਰਨ ਸਾਬਤ ਹੋਵੇਗਾ। ਗਗਨਯਾਨ ਮਿਸ਼ਨ ਤਹਿਤ ਰੋਬੋਟ 'ਵਯੋਮਮਿਤਰਾ' ਨੂੰ ਇਸ ਸਾਲ ਪੁਲਾੜ 'ਚ ਭੇਜਿਆ ਜਾਵੇਗਾ। ਸਿੰਘ ਨੇ ਕਿਹਾ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੀ ਸਥਾਪਨਾ 1969 ਵਿੱਚ ਹੋਈ ਸੀ, ਪਰ 1993 ਵਿੱਚ ਪਹਿਲੀ ਲਾਂਚ ਸਾਈਟ ਸਥਾਪਤ ਕਰਨ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਲੱਗ ਗਿਆ ਸੀ।

ਉਨ੍ਹਾਂ ਕਿਹਾ ਕਿ ਦੂਜੀ ਲਾਂਚ ਸਾਈਟ 2004 ਵਿੱਚ ਸਥਾਪਿਤ ਕੀਤੀ ਗਈ ਸੀ। ਉਨ੍ਹਾਂ ਕਿਹਾ, "ਭਾਰਤ ਨੇ ਪਿਛਲੇ 10 ਸਾਲਾਂ ਵਿੱਚ ਪੁਲਾੜ ਦੇ ਖੇਤਰ ਵਿੱਚ ਬੇਮਿਸਾਲ ਵਿਕਾਸ ਕੀਤਾ ਹੈ।" ਸਿੰਘ ਨੇ ਕਿਹਾ, "ਅਸੀਂ ਹੁਣ ਇੱਕ ਤੀਜੀ ਲਾਂਚ ਸਾਈਟ ਬਣਾ ਰਹੇ ਹਾਂ ਅਤੇ ਭਾਰੀ ਰਾਕੇਟ ਅਤੇ ਛੋਟੇ ਉਪਗ੍ਰਹਿ ਲਾਂਚ ਕਰਨ ਲਈ ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹੇ ਵਿੱਚ ਇੱਕ ਨਵੀਂ ਲਾਂਚ ਸਾਈਟ ਦੇ ਨਾਲ ਸ਼੍ਰੀਹਰਿਕੋਟਾ ਤੋਂ ਅੱਗੇ ਵਿਸਤਾਰ ਕਰ ਰਹੇ ਹਾਂ।"

ਮੰਤਰੀ ਨੇ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ ਇਸ ਸਮੇਂ 8 ਬਿਲੀਅਨ ਅਮਰੀਕੀ ਡਾਲਰ ਦੀ ਹੈ ਅਤੇ ਅਗਲੇ 10 ਸਾਲਾਂ ਵਿੱਚ ਇਸ ਦੇ 44 ਬਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ "ਨਵੇਂ ਬੁਨਿਆਦੀ ਢਾਂਚੇ, ਨਿੱਜੀ ਭਾਗੀਦਾਰੀ ਅਤੇ ਰਿਕਾਰਡ ਨਿਵੇਸ਼ ਨਾਲ, ਭਾਰਤ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਤਿਆਰ ਹੈ।"


author

Inder Prajapati

Content Editor

Related News