ਜਦੋਂ ''3 ਈਡੀਅਟ'' ਬਣੇ ਜੇਤਲੀ, ਗੋਇਲ ਅਤੇ ਪ੍ਰਧਾਨ!

6/19/2017 3:06:19 AM

ਨਵੀਂ ਦਿੱਲੀ— ਹਾਲ ਹੀ 'ਚ ਅਰੁਣ ਜੇਤਲੀ, ਊਰਜਾ ਮੰਤਰੀ ਪਿਊਸ਼ ਗੋਇਲ, ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਇਕ ਗਲਤਫਹਿਮੀ ਦੇ ਕਾਰਨ '3 ਈਡੀਅਟ' ਬਣ ਗਏ।
ਇਨ੍ਹਾਂ ਤਿੰਨਾਂ ਮੰਤਰੀਆਂ ਨੇ ਹੀ ਖੁਦ ਨੂੰ 3 ਈਡੀਅਟ ਕਹਿ ਕੇ ਸੰਬੋਧਿਤ ਕੀਤਾ ਹੈ। ਜੇਤਲੀ ਦਿੱਲੀ ਸਥਿਤ ਵਿਗਿਆਨ ਭਵਨ 'ਚ ਚੱਲ ਰਹੀ ਇਕ ਕੌਮਾਂਤਰੀ ਕਾਨਫਰੰਸ 'ਚ ਸਨ ਕਿ ਉਸ ਵੇਲੇ ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ ਦੀ ਬੇਟੀ ਉਨ੍ਹਾਂ ਕੋਲ ਜਾ ਪਹੁੰਚੀ। ਉਸਨੇ ਬਹੁਤ ਹੀ ਚਿੰਤਾਜਨਕ ਆਵਾਜ਼ 'ਚ ਅਰੁਣ ਜੇਤਲੀ ਨੂੰ ਕਿਹਾ ਕਿ ਨਿਰਮਲ ਉਸਦੇ ਪਿਤਾ ਦੇ ਨੋਇਡਾ ਸਥਿਤ ਕੈਲਾਸ਼ ਹਸਪਤਾਲ ਦੇ ਆਈ.ਸੀ.ਯੂ. 'ਚ ਭਰਤੀ ਹੈ ਅਤੇ ਉਸਦੀ ਹਾਲਤ ਬਹੁਤ ਹੀ ਗੰਭੀਰ ਹੈ। ਜੇਤਲੀ ਨੇ ਸੋਚਿਆ ਕਿ ਵਣਜ ਅਤੇ ਉਦਯੋਗ ਮੰਤਰੀ ਨਿਰਮਲਾ ਸੀਤਾਰਮਨ ਆਈ.ਸੀ.ਯੂ. 'ਚ ਭਰਤੀ ਹੈ। ਇਹ ਖਬਰ ਮਿਲਦਿਆਂ ਹੀ ਜੇਤਲੀ, ਪਿਊਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਤੁਰੰਤ ਹੀ ਹਸਪਤਾਲ ਲਈ ਨਿਕਲ ਪਏ। ਤਿੰਨੇ ਦਿੱਲੀ-ਨੋਇਡਾ ਦੇ ਬਾਰਡਰ 'ਤੇ ਪਹੁੰਚੇ ਹੀ ਸਨ ਕਿ ਜੇਤਲੀ ਨੂੰ ਉਨ੍ਹਾਂ ਦੀ ਪਤਨੀ ਸੰਗੀਤਾ ਦਾ ਫੋਨ ਆ ਗਿਆ।
ਸੰਗੀਤਾ ਨੇ ਉਨ੍ਹਾਂ ਨੂੰ ਕਿਹਾ ਕਿ ਛੇਤੀ ਘਰ ਆ ਜਾਓ, ਕੋਈ ਤੁਹਾਨੂੰ ਮਿਲਣ ਲਈ ਉਡੀਕ ਕਰ ਰਿਹਾ ਹੈ। ਉਨ੍ਹਾਂ ਨੇ ਸੰਗੀਤਾ ਨੂੰ ਕਿਹਾ ਕਿ ਅਜੇ ਅਸੀਂ ਨਿਰਮਲਾ ਸੀਤਾਰਮਨ ਨੂੰ ਮਿਲਣ ਹਸਪਤਾਲ ਜਾ ਰਹੇ ਹਾਂ। ਇਹ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਸਮਝ ਆ ਗਈ ਕਿ ਤਿੰਨਾਂ ਮੰਤਰੀਆਂ ਨੂੰ ਗਲਤਫਹਿਮੀ ਹੋਈ ਹੈ ਕਿ ਹਸਪਤਾਲ 'ਚ ਉਨ੍ਹਾਂ ਦੀ ਕੰਮ ਵਾਲੀ ਦਾਖਲ ਹੈ, ਜਿਸਦਾ ਨਾਮ ਵੀ ਨਿਰਮਲਾ ਹੈ। ਜਦੋਂ ਇਸ ਗਲਤਫਹਿਮੀ ਬਾਰੇ ਗੋਇਲ ਅਤੇ ਪ੍ਰਧਾਨ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਵੇਲੇ ਅਸੀਂ ਤਿੰਨੇ 3 ਈਡੀਅਟ ਵਾਂਗ ਲੱਗ ਰਹੇ ਸੀ।