'ਵਟਸਐਪ' ਨੂੰ ਲੈ ਕੇ ਕੀ ਤੁਸੀਂ ਵੀ ਹੋ ਸ਼ਸ਼ੋਪੰਜ 'ਚ, ਪੜ੍ਹੋ ਇਹ ਖ਼ਾਸ ਰਿਪੋਰਟ

1/21/2021 6:17:01 PM

ਗੈਜੇਟ ਡੈਸਕ– ਵਟਸਐਪ ਹਮੇਸ਼ਾ ਹੀ ਆਪਣੇ ਉਪਭੋਗਤਾਵਾਂ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਰਹਿੰਦਾ ਹੈ ਪਰ ਇਸ ਸਾਲ ਵਟਸਐਪ ਨੇ ਭਾਰਤੀ ਉਪਭੋਗਤਾਵਾਂ ਲਈ ਨਵੀਆਂ ਸ਼ਰਤਾਂ ਅਤੇ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਅਪਡੇਟ ਭੇਜਣਾ ਸ਼ੁਰੂ ਕਰ ਦਿੱਤਾ। ਇਸ ਵਿਚ ਦੱਸਿਆ ਗਿਆ ਸੀ ਕਿ ਵਟਸਐਪ ਦੇ ਇਸਤੇਮਾਲ ਕਰਨ ਲਈ ਉਪਭੋਗਤਾਵਾਂ ਨੂੰ ਜਾਂ ਤਾਂ 8 ਫਰਵਰੀ, 2021 ਤਕ ਨਵੀਆਂ ਸ਼ਰਤਾਂ ਮਨਜ਼ੂਰ ਕਰਨੀਆਂ ਹੋਣਗੀਆਂ ਜਾਂ ਵਟਸਐਪ ਡਿਲੀਟ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ਮੁੱਦੇ ’ਤੇ ਬਹਿਸ ਸ਼ੁਰੂ ਹੋ ਗਈ ਅਤੇ ਕੰਪਨੀ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਅਗਲੇ ਤਿੰਨ ਮਹੀਨਿਆਂ ਯਾਨੀ 15 ਮਈ 2021 ਤਕ ਲਈ ਮੁਲਤਵੀ ਕਰਨਾ ਪਿਆ। 

ਇਹ ਵੀ ਪੜ੍ਹੋ– ਐਮਾਜ਼ੋਨ ਜਾਂ ਫਲਿਪਕਾਰਟ ’ਤੇ ਸ਼ਾਪਿੰਗ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਕੀ ਹੈ ਪ੍ਰਾਈਵੇਸੀ ਪਾਲਿਸੀ, ਜਿਸ 'ਤੇ ਹੋ ਰਿਹੈ ਇਤਰਾਜ਼?
ਫੇਸਬੁੱਕ ਨੇ ਸਾਲ 2014 ਵਿੱਚ 19 ਅਰਬ ਡਾਲਰ ਵਿੱਚ ਵਟਸਐਪ ਨੂੰ ਖਰੀਦਿਆ ਸੀ ਅਤੇ ਸਤੰਬਰ, 2016 ਤੋਂ ਹੀ ਵਟਸਐਪ ਆਪਣੇ ਯੂਜਰਜ਼ ਦਾ ਡਾਟਾ ਫੇਸਬੁੱਕ ਨਾਲ ਸ਼ੇਅਰ ਕਰਦਾ ਆ ਰਿਹਾ ਹੈ।
ਹੁਣ ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਵਿਚ ਫੇਸਬੁੱਕ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਆਪਣੇ ਯੂਜਰਜ਼ ਦਾ ਡਾਟਾ ਸ਼ੇਅਰ ਕਰਨ ਦੀ ਗੱਲ ਦਾ ਸਾਫ਼ ਤੌਰ 'ਤੇ ਜ਼ਿਕਰ ਕੀਤਾ ਹੈ :

1- ਵਟਸਐਪ ਆਪਣੇ ਯੂਜਰਜ਼ ਦਾ ਇੰਟਰਨੈੱਟ ਪ੍ਰੋਟੋਕੋਲ ਅਡਰੈੱਸ (ਆਈਪੀ ਅਡਰੈੱਸ) ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਹੋਰ ਥਰਡ ਪਾਰਟੀ ਨੂੰ ਦੇ ਸਕਦਾ ਹੈ।
2- ਵਟਸਐਪ ਹੁਣ ਤੁਹਾਡੀ ਡਿਵਾਇਸ ਤੋਂ ਬੈਟਰੀ ਲੈਵਲ, ਸਿਗਨਲ ਸਟਰੈਂਥ, ਐਪ ਵਰਜ਼ਨ, ਬ੍ਰਾਊਜ਼ਰ ਨਾਲ ਜੁੜੀਆਂ ਜਾਣਕਾਰੀਆਂ, ਭਾਸ਼ਾ, ਟਾਈਮ ਜ਼ੋਨ, ਫੋਨ ਨੰਬਰ, ਮੋਬਾਇਲ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਵਰਗੀਆਂ ਜਾਣਕਾਰੀਆਂ ਵੀ ਇਕੱਠਾ ਕਰੇਗਾ। ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਸੀ।
3- ਜੇਕਰ ਤੁਸੀਂ ਆਪਣੇ ਮੋਬਾਇਲ ਤੋਂ ਸਿਰਫ਼ ਵਟਸਐਪ ਡਿਲੀਟ ਕਰਦੇ ਹੋ ਅਤੇ 'ਮਾਈ ਅਕਾਊਂਟ' ਸੈਕਸ਼ਨ ਵਿੱਚ ਜਾ ਕੇ 'ਇਨ-ਐਪ ਡਿਲੀਟ' ਦਾ ਬਦਲ ਨਹੀਂ ਚੁਣਦੇ ਹੋ ਤਾਂ ਤੁਹਾਡਾ ਪੂਰਾ ਡੇਟਾ ਵਟਸਐਪ ਕੋਲ ਰਹਿ ਜਾਵੇਗਾ। ਯਾਨੀ ਫੋਨ ਤੋਂ ਸਿਰਫ਼ ਵਟਸਐਪ ਡਿਲੀਟ ਕਰਨਾ ਕਾਫ਼ੀ ਨਹੀਂ ਹੋਵੇਗਾ।
4- ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਵਟਸਐਪ ਨੇ ਸਾਫ਼ ਕਿਹਾ ਹੈ ਕਿ ਕਿਉਂਕਿ ਉਸ ਦਾ ਹੈੱਡਕੁਆਰਟਰ ਅਤੇ ਡਾਟਾ ਸੈਂਟਰ ਅਮਰੀਕਾ ਵਿੱਚ ਹੈ, ਇਸ ਲਈ ਜ਼ਰੂਰਤ ਪੈਣ 'ਤੇ ਯੂਜਰਜ਼ ਦੀਆਂ ਨਿੱਜੀ ਜਾਣਕਾਰੀਆਂ ਨੂੰ ਉੱਥੇ ਟਰਾਂਸਫਰ ਕੀਤਾ ਜਾ ਸਕਦਾ ਹੈ।
5- ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਜਿਨ੍ਹਾਂ ਵੀ ਦੇਸ਼ਾਂ ਵਿੱਚ ਵਟਸਐਪ ਅਤੇ ਫੇਸਬੁੱਕ ਦੇ ਦਫ਼ਤਰ ਹਨ, ਲੋਕਾਂ ਦਾ ਡੇਟਾ ਉੱਥੇ ਭੇਜਿਆ ਜਾ ਸਕਦਾ ਹੈ।
6- ਨਵੀਂ ਪਾਲਿਸੀ ਅਨੁਸਾਰ ਬੇਸ਼ੱਕ ਤੁਸੀਂ ਵਟਸਐਪ ਦੇ 'ਲੋਕੇਸ਼ਨ' ਫੀਚਰ ਦੀ ਵਰਤੋਂ ਨਾ ਕਰੋ, ਤੁਹਾਡੇ ਆਈ.ਪੀ. ਅਡਰੈੱਸ, ਫੋਨ ਨੰਬਰ, ਦੇਸ਼ ਅਤੇ ਸ਼ਹਿਰ ਵਰਗੀਆਂ ਜਾਣਕਾਰੀਆਂ ਵਟਸਐਪ ਕੋਲ ਹੋਣਗੀਆਂ।
ਜੇਕਰ ਤੁਸੀਂ ਵਟਸਐਪ ਦਾ ਬਿਜ਼ਨੈੱਸ ਅਕਾਊਂਟ ਉਪਯੋਗ ਕਰਦੇ ਹੋ ਤਾਂ ਤੁਹਾਡੀ ਜਾਣਕਾਰੀ ਫੇਸਬੁੱਕ ਸਮੇਤ ਉਸ ਬਿਜ਼ਨੈੱਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ।
7- ਵਟਸਐਪ ਨੇ ਭਾਰਤ ਵਿੱਚ ਪੇਮੈਂਟ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਦਾ ਪੇਮੈਂਟ ਫੀਚਰ ਉਪਯੋਗ ਕਰਦੇ ਹੋ ਤਾਂ ਵਟਸਐਪ ਤੁਹਾਡਾ ਕੁਝ ਹੋਰ ਨਿੱਜੀ ਡਾਟਾ ਇਕੱਠਾ ਕਰੇਗਾ। ਜਿਵੇਂ ਕਿ ਤੁਹਾਡਾ ਪੇਮੈਂਟ ਅਕਾਊਂਟ ਅਤੇ ਟਰਾਂਜੈਸਕਸ਼ਨ ਨਾਲ ਜੁੜੀਆਂ ਜਾਣਕਾਰੀਆਂ।

ਇਹ ਵੀ ਪੜ੍ਹੋ– ਦੁਨੀਆ ’ਚ ਸਭ ਤੋਂ ਪਹਿਲਾਂ ਭਾਰਤੀ ਗਾਹਕਾਂ ਨੂੰ ਮਿਲੇਗਾ ਸੈਮਸੰਗ ਗਲੈਕਸੀ S21 ਸੀਰੀਜ਼ ਦਾ ਫੋਨ

ਤੁਰਕੀ ਦੇ ਰਾਸ਼ਟਰਪਤੀ ਨੇ ਕੀਤਾ ਬਾਈਕਾਟ
ਵਟਸਐਪ ਦੀ ਨਵੀਂ ਪਾਲਿਸੀ ਅਪਡੇਟ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਮੀਡੀਆ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਹੀ ਨਹੀਂ, ਤੁਰਕੀ ਦੇ ਰੱਖਿਆ ਮੰਤਰਾਲਾ ਨੇ ਵੀ ਕਿਹਾ ਕਿ ਉਹ ਹੁਣ ਵਟਸਐਪ ਦੀ ਵਰਤੋਂ ਨਹੀਂ ਕਰਨਗੇ। 

ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਐਰਦੋਗਨ ਨੇ 11 ਜਨਵਰੀ ਨੂੰ ਆਪਣੇ ਵਟਸਐਪ ਗਰੁੱਪਾਂ ਨੂੰ ਐਨਕ੍ਰੀਪਟੇਡ ਮੈਸੇਜਿੰਗ ਐਪ BiP ’ਤੇ ਟ੍ਰਾਂਸਫਰ ਕਰਨ ਦਾ ਹੁਕਮ ਦੇ ਦਿੱਤਾ। BiP ਤੁਰਕੀ ਦਾ ਇਕ ਐਨਕ੍ਰਿਪਟਿਡ ਮੈਸੇਜਿੰਗ ਐਪ ਜਿਸ ਦਾ ਮਲਕੀਅਤ ਟਰਕਸੇਲ ਇਲੈਟੀਸਿਮ ਹਿਜਮੇਟਰੇਲੀ ਏ.ਐੱਸ. ਕੋਲ ਹੈ। ਹੁਣ ਵੀ ਲੋਕਾਂ ਨੂੰ BiP ’ਤੇ ਬਣੇ ਅਕਾਊਂਟ ਰਾਹੀਂ ਰਾਸ਼ਟਰਪਤੀ ਕਾਰਜਕਾਲ ਅਤੇ ਰੱਖਿਆ ਮੰਤਰਾਲਾ ਨੂੰ ਸੂਚਨਾ ਦਿੱਤੀਆਂ ਜਾਣਗੀਆਂ। ਰਾਸ਼ਟਰਪਤੀ ਦੇ ਵਟਸਐਪ ਛੱਡਣ ਦੇ ਐਲਾਨ ਤੋਂ ਬਾਅਦ ਤੁਰਕੀ ’ਚ ਇਸ ਅਮਰੀਕੀ ਸੋਸ਼ਲ ਮੀਡੀਆ ਕੰਪਨੀ ਵਿਰੁੱਧ ਆਵਾਜ਼ ਤੇਜ਼ ਹੋ ਗਈ। ਤੁਰਕੀ ’ਚ ਲੋਕ ਵਟਸਐਪ ਨੂੰ ਛੱਡ ਕੇ BiP ਐਪ ਨੂੰ ਤੇਜ਼ੀ ਨਾਲ ਜੁਆਇਨ ਕਰ ਰਹੇ ਹਨ।

ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

ਐਲਨ ਮਸਕ ਨੇ ਦਿੱਤੀ ਸਿਗਨਲ ਦੇ ਇਸਤੇਮਾਲ ਦੀ ਸਲਾਹ
ਵਟਸਐਪ ਦੀ ਨਵੀਂ ਪਾਲਿਸੀ ਅਪਡੇਟ ਨਾਲ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਸਪੇਸ ਐਕਸ ਦੇ ਫਾਊਂਡਰ ਅਤੇ ਟੈਸਲਾ ਕੰਪਨੀ ਦੇ ਸੰਸਥਾਪਕ ਏਲਨ ਮਸਕ ਨੇ ਫੇਸਬੁੱਕ ਅਤੇ ਇਸ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ। ਮਸਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਸੇਜਿੰਗ ਐਪ ਸਿਗਨਲ ਦਾ ਇਸਤੇਮਾਲ ਕਰਨ। 

ਯੂਜ਼ਰਸ ਛੱਡ ਰਹੇ ਵਟਸਐਪ ਦਾ ਸਾਥ
ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਅਪਡੇਟ ਹੋਣ ਤੋਂ ਬਾਅਦ ਹੁਣ ਯੂਜ਼ਰਸ ਵਟਸਐਪ ਨੂੰ ਛੱਡ ਰਹੇ ਹਨ ਜਿਸ ਤੋਂ ਬਾਅਦ ਸਿੰਗਲ ਅਤੇ ਟੈਲੀਗ੍ਰਾਮ ਐਪ ਦੀ ਮੰਗ ’ਚ ਅਚਾਨਕ ਵਾਧਾ ਵੇਖਿਆ ਗਿਆ ਹੈ। ਪਿਛਲੇ ਹਫਤੇ ਦੇ ਮੁਕਾਬਲੇ ਜਨਵਰੀ ਦੇ ਪਹਿਲੇ ਹਫਤੇ ਵਟਸਐਪ ਦੀ ਡਾਊਨਲੋਡਿੰਗ ’ਚ 11 ਫੀਸਦੀ ਦੀ ਕਮੀ ਆ ਗਈ ਹੈ। ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ, 1 ਤੋਂ 7 ਜਨਵਰੀ ਤਕ 10.5 ਮਿਲੀਅਨ (ਕਰੀਬ 1 ਕਰੋੜ 5 ਲੱਖ) ਲੋਕਾਂ ਨੇ ਗਲੋਬਲੀ ਵਟਸਐਪ ਨੂੰ ਡਾਊਨਲੋਡ ਕੀਤਾ ਹੈ, ਉਥੇ ਹੀ 2,80,000 ਯੂਜ਼ਰਸ ਨੇ ਜਨਵਰੀ ਦੇ ਪਹਿਲੇ ਹਫਤੇ ਸਿੰਗਲ ਐਪ ਨੂੰ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਹੈ। ਇਸ ਸਮੇਂ ਟੈਲੀਗ੍ਰਾਮ ਨੂੰ 7.2 ਮਿਲੀਅਨ (72 ਲੱਖ) ਲੋਕਾਂ ਨੇ ਗਲੋਬਲੀ ਡਾਊਨਲੋਡ ਕੀਤਾ ਹੈ। 

ਇਹ ਵੀ ਪੜ੍ਹੋ– ਨਵੀਂ ਪ੍ਰਾਈਵੇਸੀ ਪਾਲਿਸੀ ਦਾ ਅਸਰ: ‘82 ਫ਼ੀਸਦੀ ਭਾਰਤੀ WhatsApp ਛੱਡਣ ਲਈ ਤਿਆਰ’

ਵਟਸਐਪ ਨੇ ਰੋਕੀ ਪ੍ਰਾਈਵੇਸੀ ਅਪਡੇਟ ਦੀ ਯੋਜਨਾ
ਨਵੀਂ ਪ੍ਰਾਈਵੇਸੀ ਪਾਲਿਸੀ ਅਪਡੇਟ ਨੂੰ ਲੈ ਕੇ ਲੋਕਾਂ ਵਿਚ ਵੱਧ ਰਹੀ ਨਾਰਾਜ਼ਗੀ ਨੂੰ ਵੇਖਦੇ ਹੋਏ ਵਟਸਐਪ ਨੂੰ ਇਹ ਅਪਡੇਟ ਰੋਕਣੀ ਪਈ। ਵਟਸਐਪ ਨੇ ਆਪਣੇ ਬਲਾਗ ਪੋਸਟ ਵਿਚ ਕਿਹਾ ਗਿਆ ਕਿ ਅਸੀਂ ਤਾਰੀਖ਼ ਨੂੰ ਪਿੱਛੇ ਕਰ ਰਹੇ ਹਾਂ। 8 ਫਰਵਰੀ ਨੂੰ ਕਿਸੇ ਦਾ ਵੀ ਖ਼ਾਤਾ ਸਸਪੈਂਡ ਜਾਂ ਡਿਲੀਟ ਨਹੀਂ ਹੋਵੇਗਾ, ਕੰਪਨੀ ਨੇ ਇਸ ਨੂੰ ਤਿੰਨ ਮਹੀਨਿਆਂ ਯਾਨੀ 15 ਮਈ 2021 ਤਕ ਲਈ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਵਟਸਐਪ ਦੀ ਨਿੱਜਤਾ ਤੇ ਸੁਰੱਖਿਆ ਆਦਿ ਨੂੰ ਲੈ ਕੇ ਫੈਲੀ ਗ਼ਲਤ ਜਾਣਕਾਰੀ ਨੂੰ ਲੋਕਾਂ ਦੇ ਸਾਹਮਣੇ ਸਪੱਸ਼ਟ ਕਰਨ ਲਈ ਕੰਮ ਕਰ ਰਹੇ ਹਨ। 

WhatsApp ਨੇ ਖ਼ੁਦ ਦਾ ਸਟੇਟਸ ਲਗਾ ਕੇ ਦਿੱਤੀ ਸਫ਼ਾਈ
ਵਟਸਐਪ ਨੇ ਆਪਣੇ ਸਟੇਟ ਵਿਚ ਕਾਲਿੰਗ, ਪ੍ਰਾਈਵੇਸੀ ਮੈਸੇਜ, ਲੋਕੇਸ਼ਨ ਅਤੇ ਕੰਟੈਕਟ ਵਰਗੀਆਂ ਗੱਲਾਂ ’ਤੇ ਸਫ਼ਾਈ ਦਿੱਤੀ। ਵਟਸਐਪ ਨੇ ਕੁੱਲ 4 ਸਟੇਟਸ ਲਗਾਏ। ਪਹਿਲੇ ਵਿਚ ਲਿਖਿਆ ਕਿ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਲਈ ਵਚਨਬੱਧ ਹੈ। ਦੂਜੇ ਸਟੇਟਸ ਵਿਚ ਦੱਸਿਆ ਗਿਆ ਕਿ ਵਟਸਐਪ ਲੋਕਾਂ ਦੀ ਨਿੱਜੀ ਚੈਟ ਦਾ ਰਿਕਾਰਡ ਨਹੀਂ ਰੱਖਦਾ। ਇਹ ਯੂਜ਼ਰ ਦੀਆਂ ਗੱਲਾਂ ਨੂੰ ਨਹੀਂ ਸੁਣਦਾ, ਕਿਉਂਕਿ ਇਹ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦਾ ਹੈ। ਇਸ ਦੇ ਇਲਾਵਾ ਤੀਜੇ ਸਟੇਟਸ ਵਿਚ ਦੱਸਿਆ ਗਿਆ ਕਿ ਵਟਸਐਪ ਯੂਜ਼ਰਸ ਦੀ ਸਾਂਝੀ ਕੀਤੀ ਗਈ ਲੋਕੇਸ਼ਨ ਨੂੰ ਨਹੀਂ ਵੇਖ ਸਕਦਾ। ਆਖਰੀ ਸਟੇਟਸ ਵਿਚ ਕੰਪਨੀ ਨੇ ਕਿਹਾ ਕਿ ਵਟਸਐਪ ਆਪਣੇ ਯੂਜ਼ਰਸ ਦੇ ਕੰਟੈਕਟਸ ਨੂੰ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ। 

ਇਹ ਵੀ ਪੜ੍ਹੋ– WhatsApp ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ- ਇਹ ਪ੍ਰਾਈਵੇਟ ਐਪ ਹੈ, ਤੁਹਾਨੂੰ ਪਸੰਦ ਨਹੀਂ ਤਾਂ ਕਰ ਦਿਓ ਡਿਲੀਟ​​​​​​​

ਹਾਈ ਕੋਰਟ ਨੇ ਕਿਹਾ- ਤੁਹਾਨੂੰ ਪਸੰਦ ਨਹੀਂ ਤਾਂ ਕਰ ਦਿਓ ਡਿਲੀਟ
ਵਟਸਐਪ ਦੀ ਨਵੀਂ ਪ੍ਰਾਈਵੇਟ ਪਾਲਿਸੀ ’ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ’ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਹਾਈ ਕੋਰਟ ’ਚ ਕਿਹਾ ਕਿ ਵਟਸਐਪ ਦੀ ਨਵੀਂ ਪਾਲਿਸੀ ਨਾਲ ਪ੍ਰਾਈਵੇਸੀ ਭੰਗ ਹੋਵੇਗੀ, ਇਸ ਲਈ ਮੇਰੀ ਬੇਨਤੀ ਹੈ ਕਿ ਸਰਕਾਰ ਇਸ ਖ਼ਿਲਾਫ਼ ਜਲਦ ਤੋਂ ਜਲਦ ਕੋਈ ਕਾਰਵਾਈ ਕਰੇ। ਇਸ ’ਤੇ ਹਾਈ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਟਸਐਪ ਇਕ ਪ੍ਰਾਈਵੇਟ ਐਪ ਹੈ ਅਤੇ ਜੇਕਰ ਇਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਮੋਬਾਇਲ ’ਚੋਂ ਵਟਸਐਪ ਡਿਲੀਟ ਕਰ ਦਿਓ। ਕੋਰਟ ਨੇ ਕਿਹਾ ਕਿ ਵਟਸਐਪ ਦੀ ਵਰਤੋਂ ਕਰਨੀ ਹੈ ਜਾਂ ਨਹੀਂ ਇਹ ਉਪਭੋਗਤਾ ’ਤੇ ਨਿਰਭਰ ਕਰਦਾ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ’ਤੇ ਵਿਸਤਾਰ ਨਾਲ ਸੁਣਵਾਈ ਦੀ ਲੋੜ ਹੈ, ਹੁਣ ਇਸ ਮਾਮਲੇ ਦੀ ਸੁਣਵਾਈ 25 ਜਨਵਰੀ ਨੂੰ ਹੋਵੇਗੀ। 

ਪ੍ਰਾਈਵੇਸੀ ਪਾਲਿਸੀ ’ਤੇ ਭਾਰਤ ਸਰਕਾਰ ਦਾ ਰਵੱਈਆ ਸਖਤ
ਮੰਗਲਵਾਰ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਮਿਨੀਸਟਰੀ ਨੇ ਵਟਸਐਪ ਦੇ ਸੀ.ਈ.ਓ. ਵਿਲ ਕੈਥਰਟ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਭਾਰਤੀ ਉਪਭੋਗਤਾਵਾਂ ਲਈ ਨਵੀਆਂ ਸ਼ਰਤਾਂ ਅਤੇ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲਿਆ ਜਾਵੇ। ਮੰਤਰਾਲੇ ਨੇ ਉਪਭੋਗਤਾਵਾਂ ਦੀ ਇਨਫਾਰਮੇਸ਼ਨ ਸਕਿਓਰਿਟੀ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਚੈਟ ਦਾ ਡਾਟਾ ਬਿਜ਼ਨੈੱਸ ਅਕਾਊਂਟ ਨਾਲ ਸਾਂਝਾ ਕਰਨ ਨਾਲ ਫੇਸਬੁੱਕ ਦੀਆਂ ਹੋਰ ਕੰਪਨੀਆਂ ਨੂੰ ਉਪਭੋਗਤਾਵਾਂ ਬਾਰੇ ਸਾਰੀਆਂ ਸੂਚਨਾਵਾਂ ਮਿਲ ਜਾਣਗੀਆਂ। ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ। 

ਆਈ.ਟੀ. ਮੰਤਰਾਲੇ ਮੁਤਾਬਕ, ਵਟਸਐਪ ਦਾ ਇਹ ਕਹਿਣਾ ਹੈ ਕਿ ਜਾਂ ਤਾਂ ਮੰਨ ਜਾਓ ਜਾਂ ਫਿਰ ਛੱਡੋ, ਉਪਭੋਗਤਾਵਾਂ ਨੂੰ ਨਵੀਆਂ  ਸ਼ਰਤਾਂ ਨੂੰ ਮਨਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਵਿਚ ਉਨ੍ਹਾਂ ਨੂੰ ਇਨਕਾਰ ਕਰਨ ਦੀ ਗੁੰਜਾਇਸ਼ ਨਹੀਂ ਹੈ। ਸਰਕਾਰ ਨੇ ਵਟਸਐਪ ਨੂੰ ਸੁਪਰੀਪ ਕੋਰਟ ਦੇ 2017 ਦੇ ਫੈਸਲੇ ’ਚ ਆਏ ਪ੍ਰਾਈਵੇਸੀ ਨਿਯਮਾਂ ਬਾਰੇ ਧਿਆਨ ਦਿਵਾਇਆ। ਮੰਤਰਾਲੇ ਨੇ ਪੁੱਛਿਆ ਕਿ ਅਜਿਹੇ ਸਮੇਂ ਜਦੋਂ ਭਾਰਤੀ ਸੰਸਦ ’ਚ ਨਿੱਜੀ ਡਾਟਾ ਪ੍ਰੋਟੈਕਸ਼ਨ ਬਿੱਲ ’ਤੇ ਚਰਚਾ ਚੱਲ ਰਹੀ ਹੈ, ਵਟਸਐਪ ਇਹ ਨੀਤੀ ਕਿਉਂ ਲਿਆਇਆ? ਇਹ ਬਿੱਲ ਸੰਯੁਕਤ ਸੰਸਦੀ ਕਮੇਟੀ ਕੋਲ ਵਿਚਾਰਅਧੀਨ ਹੈ। ਇਸ ਵਿਚ ਡਾਟਾ ਲਈ ਪਰਪਜ਼ ਲਿਮਟੇਸ਼ਨ ਦੀ ਵਿਵਸਥਾ ਹੈ। ਯਾਨੀ ਕੰਪਨੀ ਜਿਸ ਕੰਮ ਲਈ ਯੂਜ਼ਰ ਦਾ ਡਾਟਾ ਲੈ ਰਹੀ ਹੈ ਸਿਰਫ ਉਸੇ ਲਈ ਇਸਤੇਮਾਲ ਕਰ ਸਕਦੀ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਵਟਸਐਪ ਕੋਲੋਂ ਇਹ 14 ਸਵਾਲ ਪੁੱਛੇ ਸਨ। 

ਇਹ ਵੀ ਪੜ੍ਹੋ– ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ ਵਟਸਐਪ ਦੀ ਸਫ਼ਾਈ

ਸਰਕਾਰ ਨੇ 14 ਸਵਾਲਾਂ ’ਤੇ ਮੰਗੇ ਜਵਾਬ
ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਚਿੱਠੀ ’ਚ ਕੁਲ ਮਿਲਾ ਕੇ ਵਟਸਐਪ ਤੋਂ 14 ਸਵਾਲਾਂ ’ਤੇ ਵੀ ਜਵਾਬ ਮੰਗੇ ਗਏ ਹਨ। ਇਨ੍ਹਾਂ ’ਚੋਂ ਕੁਝ ਅਹਿਮ ਸਵਾਲ ਇਸ ਤਰ੍ਹਾਂ ਹਨ- ਵਟਸਐਪ ਤੋਂ ਪੁੱਛਿਆ ਗਿਆ ਹੈ ਕਿ ਕੰਪਨੀ ਇਹ ਦੱਸੇ ਕਿ ਉਹ ਕਿਹੜੀਆਂ ਸ਼੍ਰੇਣੀਆਂ ’ਚ ਭਾਰਤੀ ਉਪਭੋਗਤਾਵਾਂ ਦਾ ਡਾਟਾ ਇਕੱਠਾ ਕਰਦੀ ਹੈ? ਕੀ ਵਟਸਐਪ ਭਾਰਤੀ ਉਪਭੋਗਤਾਵਾਂ ਦੇ ਇਸਤੇਮਾਲ ਦੇ ਤਰੀਕਿਆਂ ਦੀ ਪ੍ਰੋਫਾਈਲਿੰਗ ਵੀ ਕਰਦੀ ਹੈ? ਜੇਕਰ ਕਰਦੀ ਹੈ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲਿੰਗ ਕਰਦੀ ਹੈ? ਇਸ ਤੋਂ ਇਲਾਵਾ ਵਟਸਐਪ ਤੋਂ ਇਕ ਹੋਰ ਮਹੱਤਵਪੂਰਨ ਸਵਾਲ ਸਰਕਾਰ ਨੇ ਪੁੱਛਿਆ ਹੈ। ਸਰਕਾਰ ਨੇ ਪੁੱਛਿਆ ਹੈ ਕਿ ਵਟਸਐਪ ਇਹ ਸਾਫ ਕਰੇ ਕਿ ਉਸ ਦੀ ਪ੍ਰਾਈਵੇਸੀ ਪਾਲਿਸੀ ਭਾਰਤ ’ਚ ਅਤੇ ਦੂਜੇ ਦੇਸ਼ਾਂ ’ਚ ਕਿਸ ਤਰ੍ਹਾਂ ਵੱਖ-ਵੱਖ ਹੈ। ਇਸ ’ਤੇ ਵਟਸਐਪ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੰਪਨੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਮਾਮਲੇ ’ਚ ਭਾਰਤ ਸਰਕਾਰ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।

ਨੋਟ: ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Rakesh

Content Editor Rakesh