10 ਵਿਧਾਇਕਾਂ ਨੂੰ ਅਯੋਗਤਾ ਨੋਟਿਸ ! WB ਵਿਧਾਨ ਸਭਾ ਨੇ ਕੀਤੀ ਵੱਡੀ ਕਾਰਵਾਈ
Thursday, Sep 17, 2026 - 09:30 AM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਸਕੱਤਰੇਤ ਨੇ ਰਿਤਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਤ੍ਰਿਣਮੂਲ ਕਾਂਗਰਸ ਧੜੇ ਦੇ 10 ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਪਾਰਟੀ ਅਨੁਸ਼ਾਸਨ ਦੇ ਉਲੰਘਣ ਨੂੰ ਲੈ ਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਿਉਂ ਨਾ ਕੀਤੀ ਜਾਵੇ।
ਦਲ-ਬਦਲ ਵਿਰੋਧੀ ਕਾਨੂੰਨ ਦੇ ਉਪਬੰਧਾਂ ਹੇਠ ਜਾਰੀ ਇਨ੍ਹਾਂ ਨੋਟਿਸਾਂ ’ਚ ਵਿਧਾਇਕਾਂ ਨੂੰ ਆਪਣਾ ਲਿਖਤੀ ਜਵਾਬ ਦਾਖਲ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਸੂਚੀ ’ਚ ਰਿਤਬ੍ਰਤ ਬੈਨਰਜੀ, ਅਖਰੁਜ਼ਮਾਂ, ਸੰਦੀਪਨ ਸਾਹਾ, ਫਿਰਹਾਦ ਹਕੀਮ ਅਤੇ ਅਰੂਪ ਰਾਏ ਸਮੇਤ ਹੋਰ ਨੇਤਾ ਸ਼ਾਮਲ ਹਨ। ਇਹ ਕਦਮ ਨੰਦੀਗ੍ਰਾਮ ਅਤੇ ਰੇਜੀਨਗਰ ’ਚ 6 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ, ਜਿਸ ਨੇ ਤ੍ਰਿਣਮੂਲ ਦੇ 2 ਵਿਰੋਧੀ ਧੜਿਆਂ ਵਿਚਾਲੇ ਸਿਆਸੀ ਅਤੇ ਕਾਨੂੰਨੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਵਿਧਾਨ ਸਭਾ ਸੂਤਰਾਂ ਅਨੁਸਾਰ, ਇਹ ਕਾਰਵਾਈ ਸੀਨੀਅਰ ਤ੍ਰਿਣਮੂਲ ਵਿਧਾਇਕ ਸ਼ੋਭਨਦੇਵ ਚੱਟੋਪਾਧਿਆਏ ਵੱਲੋਂ ਸਪੀਕਰ ਰਥਿੰਦਰ ਬੋਸ ਨੂੰ ਸੌਂਪੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਆਪਣੀ ਸ਼ਿਕਾਇਤ ’ਚ ਚੱਟੋਪਾਧਿਆਏ ਨੇ 10 ਵਿਧਾਇਕਾਂ ’ਤੇ ਪਾਰਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਚੱਟੋਪਾਧਿਆਏ ਨੇ ਇਨ੍ਹਾਂ 10 ਵਿਧਾਇਕਾਂ ਦੀ ਅਯੋਗਤਾ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਹੈ।
ਉਨ੍ਹਾਂ ਨੇ ਸੰਵਿਧਾਨ ਦੀ ਦਸਵੀਂ ਅਨੁਸੂਚੀ ਦੇ ਉਪਬੰਧਾਂ ਹੇਠ ਸੋਮਵਾਰ ਨੂੰ ਇਕ ਵਿਸ਼ੇਸ਼ ਇਜਾਜ਼ਤ ਪਟੀਸ਼ਨ (ਐੱਸ. ਐੱਲ. ਪੀ.) ਦਾਇਰ ਕੀਤੀ। ਤ੍ਰਿਣਮੂਲ ਕਾਂਗਰਸ ਦੇ ਐਡਵੋਕੇਟ ਅਤੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਚੋਟੀ ਦੀ ਅਦਾਲਤ ਦੇ ਸਾਹਮਣੇ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ।
