‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਖੁੱਲ੍ਹਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਨਤਮਸਤਕ ਹੋਈ ਸੰਗਤ

Sunday, May 22, 2022 - 04:12 PM (IST)

‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਖੁੱਲ੍ਹਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਨਤਮਸਤਕ ਹੋਈ ਸੰਗਤ

ਜੋਸ਼ੀਮੱਠ– ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਐਤਵਾਰ ਸਵੇਰੇ ਸ਼ਰਧਾਲੂਆਂ ਲਈ ਖੁੱਲ੍ਹ ਦਿੱਤੇ ਗਏ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ’ਚ ਤਕਰੀਬਨ 5,000 ਸ਼ਰਧਾਲੂ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਏ। ਪੂਰੇ ਵਿਧੀ-ਵਿਧਾਨ ਨਾਲ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ। 5,000 ਸ਼ਰਧਾਲੂ ਇਸ ਪਲ ਦੇ ਗਵਾਹ ਬਣੇ। ਪੰਜ ਪਿਆਰਿਆਂ ਦੀ ਅਗਵਾਈ ’ਚ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਰਬਾਰ ਸਾਹਿਬ ਲਿਆਂਦਾ ਗਿਆ।

ਇਹ ਵੀ ਪੜ੍ਹੋ: ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪ੍ਰਸ਼ਾਸਨ ਨੇ ਪੈਦਲ ਮਜ਼ਦੂਰ ਅਤੇ ਘੋੜਾ-ਖੱਚਰ ਦੀ ਦਰ ਕੀਤੀ ਤੈਅ

PunjabKesari

ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹਣ ਨਾਲ ਹੀ ਪਹਿਲੇ ਦਿਨ ਹਜ਼ਾਰਾਂ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ’ਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਦੱਸ ਦੇਈਏ ਕਿ ਪੰਜ ਪਿਆਰਿਆਂ ਦੀ ਅਗਵਾਈ ’ਚ 5,000 ਸ਼ਰਧਾਲੂਆਂ ਦਾ ਪਹਿਲਾ ਜਥਾ ਸ਼ਨੀਵਾਰ ਦੁਪਹਿਰ ਘਾਂਘਰੀਆ ਪਹੁੰਚਿਆ ਸੀ। ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਤਕਰੀਬਨ ਸਾਢੇ 9 ਵਜੇ ਸ਼ੁਰੂ ਹੋਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਚਖੰਡ ਤੋਂ ਲਿਆ ਕੇ ਦਰਬਾਰ ਸਾਹਿਬ ’ਚ ਰੱਖਿਆ ਗਿਆ। ਸਵੇਰੇ 10 ਵਜੇ ਸੁਖਮਣੀ ਸਾਹਿਬ ਦਾ ਪਾਠ ਹੋਇਆ ਅਤੇ ਇਸ ਤੋਂ ਬਾਅਦ ਹੇਮਕੁੰਟ ਸਾਹਿਬ ਦੇ ਕਿਵਾੜ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਫਿਰ ਸ਼ਬਦ ਕੀਰਤਨ ਤੋਂ ਬਾਅਦ ਦੁਪਹਿਰ 12.30 ਵਜੇ ਹੇਮਕੁੰਟ ਸਾਹਿਬ ਦੀ ਇਸ ਸਾਲ ਦੀ ਪਹਿਲੀ ਅਰਦਾਸ ਹੋਈ। 

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਇਸ ਤਾਰੀਖ਼ ਤੋਂ ਰਵਾਨਾ ਹੋਵੇਗਾ ਸ਼ਰਧਾਲੂਆਂ ਦਾ ਪਹਿਲਾ ਜਥਾ

ਹੇਮਕੁੰਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਕਰੋਨਾ ਤੋਂ ਦੋ ਸਾਲ ਬਾਅਦ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਇਕ ਦਿਨ ਵਿਚ ਸਿਰਫ਼ ਪੰਜ ਹਜ਼ਾਰ ਸ਼ਰਧਾਲੂ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਸ਼ਰਧਾਲੂਆਂ ਨੂੰ ਗੋਵਿੰਦਘਾਟ ਵਿਖੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ https://registrationandtouristcare.uk.gov.in ਜ਼ਰੀਏ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਜੇਕਰ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ ਤਾਂ ਉਨ੍ਹਾਂ ਨੂੰ ਰਿਸ਼ੀਕੇਸ਼ ’ਚ ਹੀ ਰੋਕ ਕੇ ਤੈਅ ਗਿਣਤੀ ਦੇ ਹਿਸਾਬ ਨਾਲ ਯਾਤਰਾ ਸੰਚਾਲਤ ਕੀਤੀ ਜਾਵੇਗੀ।


author

Tanu

Content Editor

Related News