J&K ਹਾਈਵੇਅ ''ਤੇ ਆਵਾਜਾਈ ਬਹਾਲ, ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ
Thursday, Aug 10, 2023 - 02:29 PM (IST)

ਜੰਮੂ- ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਆਵਾਜਾਈ ਸੇਵਾ ਬਹਾਲ ਹੋਣ ਮਗਰੋਂ ਅਮਰਨਾਥ ਗੁਫਾ ਮੰਦਰ ਵਿਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 999 ਸ਼ਰਧਾਲੂਆਂ ਦਾ ਨਵਾਂ ਜਥਾ ਵੀਰਵਾਰ ਸਵੇਰੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਵਿਚ ਬੁੱਧਵਾਰ ਤੜਕੇ ਕਰੀਬ 3 ਵਜੇ ਮਾਰੂਗ ਨੇੜੇ ਜ਼ਮੀਨ ਖਿਸਕੀ, ਜਿਸ ਕਾਰਨ 270 ਕਿਲੋਮੀਟਰ ਲੰਬਾ ਹਾਈਵੇਅ 18 ਘੰਟਿਆਂ ਤੋਂ ਵਧ ਸਮੇਂ ਤੱਕ ਬੰਦ ਰਿਹਾ। ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੀ ਇਕਮਾਤਰ ਸੜਕ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇਅ ਦੇ ਸਾਹਮਣੇ ਦੀ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗਣ ਕਾਰਨ ਸੜਕ ਨੂੰ ਆਵਾਜਾਈ ਲਈ ਖੋਲ੍ਹਣ ਦੇ ਕੰਮ ਵਿਚ ਕਈ ਵਾਰ ਰੁਕਾਵਟਾਂ ਆਈਆਂ। ਦੇਰ ਸ਼ਾਮ ਉੱਥੇ ਫਸੇ ਵਾਹਨਾਂ ਨੂੰ ਕੱਢਣ ਲਈ ਹਾਈਵੇਅ ਨੂੰ ਅੰਸ਼ਿਕ ਰੂਪ ਨਾਲ ਖੋਲ੍ਹਿਆ ਗਿਆ। ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ ਖੁੱਲ੍ਹਣ ਮਗਰੋਂ ਅਮਰਨਾਥ ਸ਼ਰਧਾਲੂਆਂ ਦੇ 37ਵੇਂ ਜਥੇ ਨੂੰ ਸਵੇਰੇ ਕਰੀਬ ਸਾਢੇ 3 ਵਜੇ 33 ਵਾਹਨਾਂ ਦੇ ਕਾਫ਼ਲੇ ਵਿਚ ਭਗਵਤੀ ਨਗਰ ਆਧਾਰ ਕੈਂਪ ਤੋਂ ਘਾਟੀ ਲਈ ਨਿਕਲਣ ਦੀ ਆਗਿਆ ਦਿੱਤੀ ਗਈ।
ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਹਿਮਾਲੀਅਨ ਖੇਤਰ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਦੀ 62 ਦਿਨਾਂ ਦੀ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ 4.28 ਲੱਖ ਤੋਂ ਵੱਧ ਸ਼ਰਧਾਲੂ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।