ਭਿਆਨਕ ਅੱਗ ਲੱਗਣ ਕਾਰਨ ਤਿੰਨ ਰਿਹਾਇਸ਼ੀ ਘਰ ਸੜ ਕੇ ਸੁਆਹ
Friday, Dec 27, 2024 - 04:16 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਰਿਹਾਇਸ਼ੀ ਘਰ, ਏਕੀਕ੍ਰਿਤ ਬਾਲ ਵਿਕਾਸ ਸੇਵਾ ਕੇਂਦਰ (ਆਈ.ਸੀ.ਡੀ.ਐੱਸ.) ਅਤੇ ਦੋ ਗਊ ਸ਼ੈੱਡ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀ ਨੇ ਦੱਸਿਆ ਕਿ ਫਾਇਰ ਫਾਈਟਰ ਇਰਫਾਨ ਅਹਿਮਦ ਡਾਰ ਬਚਾਅ ਕਾਰਜ ਦੌਰਾਨ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਸਿਹਤ ਕੇਂਦਰ ਲਿਜਾਇਆ ਗਿਆ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਿੰਡ ਮਸਾਰੀ ਦੇ ਚੌਕੀਬਲ ਇਲਾਕੇ 'ਚ ਇਕ ਰਿਹਾਇਸ਼ੀ ਘਰ ਨੂੰ ਅੱਗ ਲੱਗਣ ਕਾਰਨ ਆਲੇ-ਦੁਆਲੇ ਦੇ ਮਕਾਨ ਵੀ ਸੜ ਗਏ। ਅੱਗ ਨਾਲ ਤਿੰਨ ਦੋ ਮੰਜ਼ਿਲਾ ਮਕਾਨ, ਇਕ ਆਈ. ਸੀ. ਡੀ. ਸੀ ਸੈਂਟਰ ਅਤੇ ਦੋ ਗਊ ਸ਼ੈੱਡ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਚਸ਼ਮਦੀਦਾਂ ਨੇ ਦੱਸਿਆ ਕਿ ਫੌਜੀ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਬਾਹਰ ਕੱਢਣ ਅਤੇ ਅੱਗ 'ਤੇ ਕਾਬੂ ਪਾਉਣ 'ਚ ਸਿਵਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ। ਫਾਇਰ ਵਿਭਾਗ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।