ਲੋਕਾਂ ਨੂੰ ਮੁਫ਼ਤ ਹੈਲਮੇਟ ਵੰਡਣ ਲਈ ਇਸ ਸ਼ਖਸ ਨੇ ਖਰਚ ਕੀਤੀ ਪੂਰੀ ਕਮਾਈ, ਭਾਵੁਕ ਕਰਨ ਵਾਲੀ ਹੈ ਵਜ੍ਹਾ

Sunday, Apr 09, 2023 - 01:06 PM (IST)

ਨੈਸ਼ਨਲ ਡੈਸਕ- ਹੈਲਮੇਟ ਮੈਨ ਆਫ਼ ਇੰਡੀਆ- ਰਾਘਵੇਂਦਰ ਕੁਮਾਰ ਹੁਣ ਤੱਕ 22 ਸੂਬਿਆਂ 'ਚ 50 ਹਜ਼ਾਰ ਤੋਂ ਵੀ ਜ਼ਿਆਦਾ ਹੈਲਮੇਟ ਵੰਡ ਚੁੱਕੇ ਹਨ। ਰਾਘਵੇਂਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਦੇਸ਼ 'ਚ ਕੋਈ ਵੀ ਵਿਅਕਤੀ ਬਿਨਾਂ ਹੈਲਮੇਟ ਦੇ ਬਾਈਕ ਜਾਂ ਸਕੂਟੀ ਚਲਾਏ, ਕਿਉਂਕਿ ਅਜਿਹਾ ਕਰ ਕੇ ਉਹ ਖੁਦ ਦੀ ਜਾਨ ਵੀ ਜ਼ੋਖਮ 'ਚ ਪਾਉਂਦੇ ਹਨ। ਭਾਰਤ 'ਚ ਹਰ ਸਾਲ ਕਈ ਹਜ਼ਾਰਾਂ ਮੌਤਾਂ ਸਿਰਫ਼ ਇਸ ਲਈ ਹੁੰਦੀਆਂ ਹਨ, ਕਿਉਂਕਿ ਹਾਦਸੇ ਦੇ ਸਮੇਂ ਕਈਆਂ ਨੇ ਹੈਲਮੇਟ ਨਹੀਂ ਪਹਿਨਿਆ ਹੋਇਆ ਸੀ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਦੀ ਇਕ ਰਿਪੋਰਟ ਅਨੁਸਾਰ 2021 'ਚ ਕੁੱਲ 46,593 ਲੋਕ ਬਿਨਾਂ ਹੈਲਮੇਟ ਦੇ ਸੜਕ ਹਾਦਸਿਆਂ 'ਚ ਮਾਰੇ ਗਏ ਸਨ, ਇਨ੍ਹਾਂ 'ਚੋਂ 32,877 ਡਰਾਈਵਰ ਅਤੇ 13,716 ਯਾਤਰੀ ਸਨ। 2021 'ਚ ਕੁੱਲ 4,12,432 ਸੜਕ ਹਾਦਸੇ ਹੋਏ ਹਨ, ਜਿਨ੍ਹਾਂ 'ਚੋਂ 1,28,825 ਨੈਸ਼ਨਲ ਹਾਈਵੇਅ 'ਤੇ ਹੋਏ ਹਨ। 2020 ਦੀ ਤੁਲਨਾ 'ਚ 2021 'ਚ ਸੜਕ ਹਾਦਸਿਆਂ 'ਚ 12.6 ਫੀਸਦੀ ਦਾ ਵਾਧਾ ਹੋਇਆ। ਇਸੇ 'ਚ ਕਮੀ ਲਿਆਉਣ ਲਈ ਰਾਘਵੇਂਦਰ ਪਿਛਲੇ 9-10 ਸਾਲਾਂ ਤੋਂ ਹੈਲਮੇਟ ਵੰਡਣ ਦੀ ਮੁਹਿੰਮ ਚਲਾ ਰਹੇ ਹਨ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਮੂਲ ਵਾਸੀ ਰਾਘਵੇਂਦਰ ਕੁਮਾਰ ਨੇ ਇਹ ਹੈਲਮੇਟ ਲਗਾਉਣ ਵਾਲੀ ਗੱਲ ਉਦੋਂ ਸਮਝੀ, ਜਦੋਂ 2014 'ਚ ਉਨ੍ਹਾਂ ਦੇ ਇਕ ਦੋਸਤ ਦੀ ਦਿੱਲੀ 'ਚ ਬਾਈਕ ਹਾਦਸੇ 'ਚ ਮੌਤ ਹੋਈ।

ਹਾਦਸੇ 'ਚ ਹੋਈ ਸੀ ਦੋਸਤ ਦੀ ਮੌਤ

ਰਾਘਵੇਂਦਰ ਨੇ ਦੱਸਿਆ ਕਿ 2014 'ਚ ਉਨ੍ਹਾਂ ਦਾ ਇਕ ਦੋਸਤ ਨੋਇਡਾ ਤੋਂ ਗ੍ਰੇਟਰ ਨੋਇਡਾ ਆ ਰਿਹਾ ਸੀ, ਜਿਸ ਦਾ ਹਾਦਸਾ ਹੋ ਗਿਆ ਸੀ। ਉਸ ਸਮੇਂ ਉਸ ਨੇ ਹੈਲਮੇਟ ਨਹੀਂ ਪਹਿਨਿਆ ਸੀ, ਉਸ ਦੇ ਸਿਰ 'ਚ ਸੱਟ ਲੱਗੀ ਸੀ। 8 ਦਿਨ ਉਹ ਵੈਂਟੀਲੇਟਰ 'ਤੇ ਰਿਹਾ ਪਰ ਬਚ ਨਹੀਂ ਸਕਿਆ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਸਾਰੇ ਇਹੀ ਕਹਿ ਰਹੇ ਸਨ ਕਿ ਸ਼ਾਇਦ ਇਸ ਦੀ ਜਾਨ ਹੈਲਮੇਟ ਪਹਿਨਣ ਤੋਂ ਬਚ ਸਕਦੀ ਸੀ। ਉਦੋਂ ਮੈਨੂੰ ਲੱਗਾ ਕਿ ਹਰ ਸਾਲ ਇੰਨੇ ਲੋਕ ਸਿਰਫ਼ ਇਸ ਲਈ ਮਰ ਜਾਂਦੇ ਹਨ, ਕਿਉਂਕਿ ਉਹ ਹੈਲਮੇਟ ਨਹੀਂ ਪਹਿਨੇ ਹੁੰਦੇ ਹਨ। ਉਦੋਂ ਮੈਂ ਸੋਚਿਆ ਕਿ ਕਿਉਂ ਨਾ ਹੈਲਮੇਟ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਰਾਘਵੇਂਦਰ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਮਿਸ਼ਨ ਦੀ ਸ਼ੁਰੂਆਤ 2014 'ਚ ਕੀਤੀ ਸੀ, ਜਿਸ ਦਾ ਮਕਸਦ ਹੈਲੇਮਟ ਦੇ ਉਪਯੋਗ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਤਾਂ ਕਿ ਘੱਟੋ-ਘੱਟ ਇਸ ਦੇਸ਼ ਦੀ ਆਉਣ ਵਾਲੀਆਂ ਪੀੜ੍ਹੀਆਂ ਲਾਪਰਵਾਹੀ ਕਾਰਨ ਸੜਕਾਂ 'ਤੇ ਆਪਣੀ ਜਾਨ ਨਾ ਗੁਆਉਣ। ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਮੈਂ ਹੈਲਮੇਟ ਵੰਡਿਆ ਹੈ ਜੋ ਨੌਜਵਾਨ ਸਨ, ਇਨ੍ਹਾਂ 56 ਹਜ਼ਾਰ ਲੋਕਾਂ 'ਚੋਂ ਅਜਿਹੇ 30 ਲੋਕਾਂ ਨੂੰ ਤਾਂ ਮੈਂ ਜਾਣਦਾ ਹਾਂ, ਜਿਨ੍ਹਾਂ ਦੀ ਹੈਲਮੇਟ ਕਾਰਨ ਜਾਨ ਬਚੀ ਹੈ, ਮੇਰੇ ਲਈ ਕਾਮਯਾਬੀ ਇਹੀ ਹੈ ਕਿ ਮੈਂ ਇੰਨੇ ਲੋਕਾਂ ਦੀ ਜਾਨ ਬਚਾਈ।

ਕਮਾਈ ਅਤੇ ਬਚਤ ਹੋਈ ਖ਼ਤਮ

ਇਸ ਮੁਹਿੰਮ 'ਚ ਲੋਕਾਂ ਦੀ ਜਾਨ ਤਾਂ ਬਚੀ ਪਰ ਰਾਘਵੇਂਦਰ ਦੀ ਕਮਾਈ ਅਤੇ ਬਚਤ ਖ਼ਤਮ ਹੋ ਗਈ। ਇੱਥੇ ਤੱਕ ਕਿ ਕਰਜ਼ ਚੁਕਾਉਣ ਲਈ ਉਨ੍ਹਾਂ ਨੂੰ ਦਿੱਲੀ 'ਚ ਆਪਣਾ ਘਰ ਵੀ ਵੇਚਣਾ ਪਿਆ ਪਰ ਉਨ੍ਹਾਂ ਨੇ ਆਪਣੇ ਮਿਸ਼ਨ ਨੂੰ ਨਹੀਂ ਛੱਡਿਆ। ਇਸ ਨੂੰ ਲੈ ਕੇ ਰਾਘਵੇਂਦਰ ਕਹਿੰਦੇ ਹਨ ਕਿ ਕੁਝ ਸਮੇਂ ਪਹਿਲਾਂ ਇਕ ਘਰ ਖਰੀਦਿਆ ਸੀ ਪਰ 2018 'ਚ ਮੈਨੂੰ ਉਸ ਨੂੰ ਵੇਚਣਾ ਪਿਆ। ਹਾਲਾਂਕਿ ਮੇਰੇ ਇਸ ਫ਼ੈਸਲੇ ਨਾਲ ਕੋਈ ਖ਼ੁਸ਼ ਨਹੀਂ ਸੀ ਕਿਉਂਕਿ ਉਨ੍ਹਾਂ ਅਨੁਸਾਰ ਇਹ ਪਾਗਲਪਨ ਵਾਲੀ ਗੱਲ ਸੀ। ਪੈਸਿਆਂ ਦੀ ਲੋੜ ਪਈ ਤਾਂ ਮੇਰੀ ਪਤਨੀ ਨੇ ਮੇਰਾ ਸਾਥ ਦਿੱਤਾ, ਉਸ ਨੇ ਆਪਣੇ ਗਹਿਣੇ ਤੱਕ ਵੀ ਦੇ ਦਿੱਤੇ। ਮੇਰੇ ਕੋਲ 14 ਬਿਟਕੁਆਇਨ ਸਨ ਜੋ ਮੈਨੂੰ ਵੇਚਣੇ ਪਏ ਸਨ, ਜਿਨ੍ਹਾਂ 'ਚੋਂ 70-75 ਲੱਖ ਇਕੱਠੇ ਕਰ ਸਕਿਆ ਸੀ ਪਰ ਮੈਂ ਆਪਣੀ ਮੁਹਿੰਮ ਨਹੀਂ ਰੋਕੀ।


DIsha

Content Editor

Related News