ਲਸਣ ਅਤੇ ਧਨੀਆ ਦੀਆਂ ਕੀਮਤਾਂ ਛੂਹ ਰਹੀਆਂ ''ਆਸਮਾਨ''
Monday, Sep 16, 2024 - 05:29 PM (IST)
ਸ਼ਿਮਲਾ- ਰਾਜਧਾਨੀ ਸ਼ਿਮਲਾ 'ਚ ਲੋਕ ਲਸਣ ਅਤੇ ਹਰਾ ਧਨੀਆ ਖਰੀਦਣ ਤੋਂ ਪਰਹੇਜ਼ ਕਰਨ ਲੱਗੇ ਹਨ ਕਿਉਂਕਿ ਇਨ੍ਹਾਂ ਦੀ ਕੀਮਤ 400 ਰੁਪਏ ਪ੍ਰਤੀ ਕਿਲੋ ਹੈ। 10-10 ਰੁਪਏ ਪ੍ਰਤੀ ਗੁੱਛੀ ਦੇ ਹਿਸਾਬ ਨਾਲ ਵਿਕਣ ਵਾਲੇ ਹਰੇ ਧਨੀਏ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਹਰੇ ਧਨੀਏ ਦੀ ਕੀਮਤ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।
ਸਬਜ਼ੀ ਮੰਡੀ ਵਿਚੋਂ ਹਰੇ ਮਟਰ ਗਾਇਬ ਹੋ ਗਏ ਹਨ ਅਤੇ ਸ਼ਨੀਵਾਰ ਨੂੰ ਇਨ੍ਹਾਂ ਦੀ ਕੀਮਤ 160 ਤੋਂ 180 ਰੁਪਏ ਪ੍ਰਤੀ ਕਿਲੋ ਚੱਲ ਰਹੀ ਸੀ। ਐਤਵਾਰ ਨੂੰ ਮੰਡੀ ਵਿਚ ਮਟਰ ਖ਼ਰੀਦ ਲਈ ਉਪਲਬਧ ਨਹੀਂ ਸਨ। ਅੱਜ-ਕੱਲ੍ਹ ਮਟਰ ਦੀ ਫ਼ਸਲ ਸਿਰਫ਼ ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ 'ਚ ਹੀ ਹੁੰਦੀ ਹੈ ਅਤੇ ਮੀਂਹ ਕਾਰਨ ਸੜਕਾਂ ਖ਼ਰਾਬ ਹੋਣ ਕਾਰਨ ਇਨ੍ਹਾਂ ਦੀ ਖੇਪ ਸ਼ਿਮਲਾ ਦੀ ਸਬਜ਼ੀ ਮੰਡੀ ਤੱਕ ਨਹੀਂ ਪਹੁੰਚ ਸਕੀ। ਮਟਰਾਂ ਦੀ ਜ਼ਿਆਦਾ ਖਪਤ ਅਤੇ ਘੱਟ ਸਪਲਾਈ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ।
ਪਿਆਜ਼ ਅਤੇ ਟਮਾਟਰ ਦੇ ਭਾਅ ਵੀ ਬਾਜ਼ਾਰ ਵਿਚ 60 ਰੁਪਏ ਕਿਲੋ ਚੱਲ ਰਹੇ ਹਨ, ਜਦਕਿ ਕੁਝ ਹੋਰ ਸਬਜ਼ੀਆਂ ਦੇ ਭਾਅ ਵੀ ਚੜ੍ਹ ਗਏ ਹਨ, ਜਿਸ ਕਾਰਨ ਇਹ ਸਬਜ਼ੀਆਂ ਲੋਕਾਂ ਦੀਆਂ ਥਾਲੀਆਂ 'ਚੋਂ ਗਾਇਬ ਹੋ ਗਈਆਂ ਹਨ। ਫਲੀਆਂ, ਗੋਭੀ ਅਤੇ ਗਾਜਰ ਦੇ ਭਾਅ ਵੀ 60 ਰੁਪਏ ਪ੍ਰਤੀ ਕਿਲੋ ਚੱਲ ਰਹੇ ਹਨ, ਜਦੋਂ ਕਿ ਸ਼ਿਮਲਾ ਮਿਰਚ ਅਤੇ ਬੈਂਗਣ ਦੇ ਭਾਅ 50 ਰੁਪਏ ਪ੍ਰਤੀ ਕਿਲੋ ਹਨ।