ਮਦਰੱਸੇ ’ਚ ਪੜ੍ਹਨਾ ਨਹੀਂ ਚਾਹੁੰਦਾ ਸੀ, ਇਸ ਲਈ ਕਰ ਦਿੱਤਾ ਸਾਥੀ ਵਿਦਿਆਰਥੀ ਦਾ ਕਤਲ

Monday, Sep 12, 2022 - 01:04 PM (IST)

ਮਦਰੱਸੇ ’ਚ ਪੜ੍ਹਨਾ ਨਹੀਂ ਚਾਹੁੰਦਾ ਸੀ, ਇਸ ਲਈ ਕਰ ਦਿੱਤਾ ਸਾਥੀ ਵਿਦਿਆਰਥੀ ਦਾ ਕਤਲ

ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ 'ਚ ਇਕ ਮਦਰੱਸੇ ਅੰਦਰ ਮ੍ਰਿਤਕ ਪਾਏ ਗਏ 11 ਸਾਲਾ ਮੁੰਡੇ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਐਤਵਾਰ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਇਸ ਸਬੰਧ ਵਿਚ ਇਕ 13 ਸਾਲਾ ਸਾਥੀ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਦੋਸ਼ੀ ਵਿਦਿਆਰਥੀ ਮਦਰੱਸੇ 'ਚ ਪੜ੍ਹਨਾ ਨਹੀਂ ਚਾਹੁੰਦਾ ਸੀ। ਸੰਸਥਾ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਉਸ ਨੇ ਯੋਜਨਾ ਬਣਾਈ ਸੀ ਅਤੇ ਸਮੀਰ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ।" ਟੇਡ ਪਿੰਡ ਦਾ ਰਹਿਣ ਵਾਲਾ ਸਮੀਰ ਸੋਮਵਾਰ ਨੂੰ ਨੂੰਹ ਦੇ ਸ਼ਾਹ ਚੌਖਾ ਪਿੰਡ 'ਚ ਇਕ ਮਦਰੱਸੇ 'ਚ ਮ੍ਰਿਤਕ ਪਾਇਆ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਫਰੀਦਾਬਾਦ ਦੇ ਸੁਧਾਰ ਘਰ ਭੇਜ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਸ਼ੁੱਕਰਵਾਰ ਦੀ ਨਮਾਜ਼ ਲਈ ਮਦਰੱਸੇ ਵਿਚ ਭਾਰੀ ਭੀੜ ਹੋਣ ਕਾਰਨ ਉਸ ਨੇ ਆਪਣੇ ਸਾਥੀ ਵਿਦਿਆਰਥੀ ਸਮੀਰ ਨੂੰ ਮਾਰਨ ਲਈ ਸ਼ਨੀਵਾਰ ਦਾ ਦਿਨ ਚੁਣਿਆ। ਪੁਲਸ ਮੁਤਾਬਕ ਉਹ ਸਮੀਰ ਨੂੰ ਮਦਰੱਸੇ ਦੇ ਬੇਸਮੈਂਟ 'ਚ ਇਕ ਕਮਰੇ 'ਚ ਲੈ ਗਿਆ ਅਤੇ ਉਥੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਰੇਤ 'ਚ ਦੱਬ ਦਿੱਤਾ। ਨੂੰਹ ਦੇ ਪੁਲਸ ਸੁਪਰਡੈਂਟ ਵਰੁਣ ਸਿੰਗਲਾ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਮੁੰਡਾ ਅਤੇ ਮ੍ਰਿਤਕ ਵਿਦਿਆਰਥੀ ਇਕੱਠੇ ਖੇਡਦੇ ਸਨ ਅਤੇ ਇਕ ਦੂਜੇ ਨਾਲ ਚੰਗਾ ਵਿਵਹਾਰ ਕਰਦੇ ਸਨ।


author

DIsha

Content Editor

Related News