J&K: ਪੁਲਵਾਮਾ ''ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਤ ਦਾ ਗੋਲੀ ਮਾਰ ਕੇ ਕਤਲ
Sunday, Feb 26, 2023 - 04:10 PM (IST)
ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਐਤਵਾਰ ਨੂੰ ਅੱਤਵਾਦੀਆਂ ਨੇ ਇਕ ਬੈਂਕ 'ਚ ਸੁਰੱਖਿਆ ਗਾਰਡ ਦੇ ਰੂਪ 'ਚ ਵਰਕਰ ਇਕ ਕਸ਼ਮੀਰੀ ਪੰਡਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਾਲ ਕਸ਼ਮੀਰ 'ਚ ਕਿਸੇ ਨਾਗਰਿਕ ਦਾ ਪਹਿਲਾ ਕਤਲ ਹੈ। ਪੁਲਸ ਨੇ ਕਿਹਾ ਕਿ ਅੱਤਵਾਦੀਆਂ ਨੇ ਪੁਲਵਾਮਾ ਵਾਸੀ ਕਾਸ਼ੀਨਾਥ ਸ਼ਰਮਾ ਦੇ ਪੁੱਤਰ ਸੰਜੇ ਸ਼ਰਮਾ ਨੂੰ ਅੱਜ ਸਵੇਰੇ ਉਸ ਸਮੇਂ ਗੋਲੀ ਮਾਰੀ, ਜਦੋਂ ਉਹ ਬਜ਼ਾਰ ਜਾ ਰਿਹਾ ਸੀ।
ਪੁਲਸ ਨੇ ਕਿਹਾ ਕਿ ਜ਼ਖ਼ਮੀ ਹਾਲਤ 'ਚ ਪੰਡਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਘਟਨਾ ਮਗਰੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਦਾ ਪਤਾ ਲਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਸ਼ੁਰੂ ਕੀਤੀ ਗਈ।
ਓਧਰ ਡੀ. ਆਈ. ਜੀ., ਦੱਖਣੀ ਕਸ਼ਮੀਰ ਰੇਂਜ, ਰਈਸ ਮੁਹੰਮਦ ਭੱਟ ਨੇ ਕਿਹਾ ਕਿ ਕਤਲ 'ਚ ਸ਼ਾਮਲ ਲੋਕਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਅਸੀਂ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਾਂ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਗੰਭੀਰ ਅਪਰਾਧ 'ਚ ਸ਼ਾਮਲ ਅੱਤਵਾਦੀਆਂ ਦਾ ਪਤਾ ਲਾਇਆ ਜਾਵੇਗਾ ਅਤੇ ਛੇਤੀ ਹੀ ਉਨ੍ਹਾਂ ਨੂੰ ਮਾਰ ਡਿਗਾਇਆ ਜਾਵੇਗਾ। ਕਸ਼ਮੀਰੀ ਪੰਡਤ ਦੇ ਕਤਲ ਨਾਲ ਨਵਾਂ ਬਵਾਲ ਸ਼ੁਰੂ ਹੋ ਸਕਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਤਲ ਦੀ ਨਿੰਦਾ ਕੀਤੀ ਹੈ।